ਭਾਰਤ ਦੀ ਕੌਮੀ ਜੰਗੀ ਯਾਦਗਾਰ ਤੋਂ ਫੌਜੀਆਂ ਦੇ ਨਾਂ ਗਾਇਬ !

246
ਕੌਮੀ ਜੰਗੀ ਯਾਦਗਾਰ
ਕੌਮੀ ਜੰਗੀ ਯਾਦਗਾਰ ‘ਚ ਲਿਖੇ ਸ਼ਹੀਦਾਂ ਦੇ ਨਾਂ (ਸੰਕੇਤਕ ਤਸਵੀਰ)

ਭਾਰਤ ਦੇ ਫੌਜੀਆਂ ਦੀ ਯਾਦ ਨੂੰ ਸਮਰਪਿਤ ਪਹਿਲੀ ਕੌਮੀ ਜੰਗੀ ਯਾਦਗਾਰ ‘ਚ ਕੁੱਝ ਸ਼ਹੀਦਾਂ ਦੇ ਨਾਂ ਗਾਇਬ ਮਿਲਣ ਦੀਆਂ ਸਿਕਾਇਤਾਂ ਸਾਹਮਣੇ ਆਣੀਆਂ ਸ਼ੁਰੂ ਹੋ ਗਈਆਂ ਨੇ। ਦਿੱਲੀ ‘ਚ 25 ਫਰਵਰੀ ਨੂੰ ਹੀ ਪ੍ਰਧਾਨਮੰਤਰੀ ਨਰੇਂਦਰ ਮੋਦੀ ਨੇ ਭਾਰਤ ਦੇ ਸ਼ਹੀਦ ਫੌਜੀਆਂ ਨੂੰ ਸਮਰਪਿਤ ਇਸ ਜੰਗੀ ਯਾਦਗਾਰ ਦੀ ਘੁੰਡ ਚੁਕਾਈ ਕੀਤੀ ਸੀ ਜਿਸ ਦੀਆਂ ਕੰਧਾਂ ‘ਤੇ 25 ਹਜ਼ਾਰ ਅਜਿਹੇ ਫੌਜੀਆਂ ਦੇ ਨਾਂ ਸੁਨਹਿਰੀ ਅੱਖਰਾਂ ‘ਚ ਲਿੱਖੇ ਗਏ ਸਨ ਜਿਨ੍ਹਾਂ ਜੰਗ ਦੌਰਾਨ, ਘੁਸਪੈਠੀਆਂ ਨਾਲ ਨਜਿੱਠਣ ‘ਚ ਜਾਂ ਕਿਸੇ ਹੋਰ ਅਜਿਹੇ ਹੀ ਆਪ੍ਰੇਸ਼ਨ ‘ਚ ਆਪਣੀ ਜ਼ਿੰਦਗੀ ਦਾਅ ‘ਤੇ ਲਾਈ ਸੀ।

ਇੰਡੀਆ ਗੇਟ ਦੇ ਨੇੜੇ ਬਣਾਏ ਗਏ ਕੌਮੀ ਜੰਗੀ ਯਾਦਗਾਰ ਦੀ ਕੰਧ ‘ਤੇ ਕੁੱਝ ਮਰਹੂਮ ਫੌਜੀਆਂ ਦੇ ਨਾਂ ਨਾ ਹੋਣ ਦਾ ਪਤਾ ਤਾਂ ਲੱਗਿਆ ਜਦੋਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਇਸ ਬਾਰੇ ਫੌਜ ਨਾਲ ਰਾਬਤਾ ਕਾਇਮ ਕਰਨਾ ਸ਼ੁਰੂ ਕੀਤਾ। ਹਾਲ ਹੀ ‘ਚ ਇੱਕ ਮਹਿਲਾ ਨੇ ਆਪਣੇ ਬੇਟੇ ਦਾ ਨਾਂ ਇਸ ਕੰਧ ‘ਤੇ ਨਹੀਂ ਵੇਖਿਆ, ਜਦੋਂ ਕਿ ਉਸ ਦੀ ਜਾਨ ਜੰਮੂ ਕਸ਼ਮੀਰ ‘ਚ ਦਹਿਸ਼ਤਗਰਦਾਂ ਖਿਲਾਫ ਇੱਕ ਆਪ੍ਰੇਸ਼ਨ ਦੌਰਾਨ ਗਈ ਸੀ। ਇਹ ਫੌਜੀ ਰਾਸ਼ਟਰੀ ਰਾਈਫਲਸ ਦਾ ਜਵਾਨ ਸੀ। ਫੌਜ ਨੇ ਉਸ ਫੌਜੀ ਦੀ ਯੂਨਿਟ ਤੋਂ ਵੇਰਵਾ ਮੰਗਿਆ ਹੈ ਤਾਂ ਜੋ ਤਸਦੀਕ ਕਰਨ ਦੇ ਨਾਲ ਨਾਲ ਉਸ ਦਾ ਨਾਂ ਕੰਧ ‘ਤੇ ਲਿਖਿਆ ਜਾ ਸਕੇ।

ਅਜਿਹਾ ਹੀ ਇੱਕ ਹੋਰ ਮਾਮਲਾ ਸਮੁੰਦਰੀ ਫੌਜ ਦੀ ਮਹਿਲਾ ਅਫਸਰ ਦਾ ਹੈ ਜੋ ਪਾਇਲਟ ਸੀ। ਕਿਸੇ ਸ਼ਖਸ ਨੇ ਉਨ੍ਹਾਂ ਦਾ ਨਾਂ ਵੀ ਕੰਧ ‘ਤੇ ਨਾਂ ਹੋਣ ਦੀ ਸ਼ਿਕਾਇਤ ਕੀਤੀ ਹੈ। ਇਸੇ ਤਰ੍ਹਾਂ ਦੀਆਂ ਕੁੱਝ ਸ਼ਿਕਾਇਤਾਂ ਜਾਂ ਮਾਮਲੇ ਸਾਹਮਣੇ ਆਏ ਨੇ। ਇਨ੍ਹਾਂ ਮਾਮਲਿਆਂ ਦੀ ਜਾਂਚ ਮਗਰੋਂ ਵੇਰਵਾ ਮਿਲਣ ‘ਤੇ ਹੋਰਨਾਂ ਫੌਜੀਆਂ ਦੇ ਨਾਂ ਉਸ ਕੰਧ ‘ਤੇ ਲਿੱਖੇ ਜਾਣਗੇ। ਹਾਲਾਂਕਿ ਇੱਕ ਅਫਸਰ ਨੇ ਕਿਹਾ ਹੈ ਕਿ ਇਸ ਕੰਧ ‘ਤੇ ਉਨ੍ਹਾਂ ਅਫਸਰਾਂ ਦੇ ਹੀ ਨਾਂ ਲਿੱਖੇ ਜਾਣੇ ਹੈ ਜਿਨ੍ਹਾਂ ਨੇ ਡਿਉਟੀ ਵੇਲੇ ਆਪਣੀ ਜਾਨ ਗਵਾਈ ਸੀ।

ਚੱਕਰਵਿਉ ਦੇ ਅਕਾਰ ਦੀ ਬਣਾਈ ਗਈ ਗ੍ਰੇਨਾਈਟ ਪੱਥਰ ਦੀ ਇਸ ਕੰਧ ‘ਤੇ ਸੁਨਹਿਰੀ ਰੰਗ ਨਾਲ ਫੌਜੀਆਂ ਦੇ ਨਾਂ ਲਿੱਖੇ ਗਏ ਨੇ। ਗੋਲ ਅਕਾਰ ‘ਚ ਬਣਾਈਆਂ ਗਈਆਂ ਕੰਧਾਂ ਇੱਥੇ ਵੱਖ ਵੱਖ ਚੱਕਰਾਂ ਨੂੰ ਦਰਸਾਉਂਦੀਆਂ ਨੇ। ਇਹ ਨੇ ਅਮਰ ਚੱਕਰ, ਵੀਰਤਾ ਚੱਕਰ, ਤਿਆਗ ਚੱਕਰ ਅਤੇ ਰੱਖਿਆ ਚੱਕਰ।