ਦੇਸੀ ਬੋਫੋਰਸ ‘ਧਨੁਸ਼’ ਤੋਪ ਨੇ ਭਾਰਤੀ ਫੌਜ ਦੀ ਤਾਕਤ ਵਧਾਈ

336
ਧਨੁਸ਼
ਧਨੁਸ਼ ਦਾ ਜਲਵਾ

ਫੌਜ ‘ਚ ਦੇਸੀ ਬੋਫੋਰਸ ਦੇ ਨਾਂ ਨਾਲ ਮਸ਼ਹੂਰ ਦੇਸ਼ ਅੰਦਰ ਤਿਆਰ ਕੀਤੀ ਗਈ ਤੋਪ ਧਨੁਸ਼ ਦੀ ਉਡੀਕ ਮੁੱਕ ਗਈ ਹੈ ।155/45 ਕੈਲੀਬਰ ਦੀ ਤੋਪ ਧਨੁਸ਼ ਦੇ ਮਿਲਣ ਨਾਲ ਭਾਰਤੀ ਫੌਜ ਦੀ ਹਮਲਾਵਰ ਸਮਰੱਥਾ ਖ਼ਾਸ ਕਰਕੇ ਵਧੇਗੀ।

ਧਨੁਸ਼ ਨੂੰ 80 ਦੇ ਦਹਾਕੇ ‘ਚ ਖਰੀਦੀ ਗਈ ਉਸੇ ਬੋਫੋਰਸ ਤੋਪ ਦੀ ਤਕਨੀਕ ਦੇ ਹਿਸਾਬ ਨਾਲ ਬਣਾਇਆ ਗਿਆ ਹੈ ਜਿਹੜੀ ਦਲਾਲੀ ਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਲੱਗਣ ਕਰਕੇ ਆਮ ਲੋਕਾਂ ਦੇ ਜ਼ਹਿਨ ‘ਚ ਦਸਤਕ ਦੇ ਚੁੱਕੀ ਸੀ ਅਤੇ ਭਾਰਤੀ ਸਿਆਸਤ ‘ਚ ਤਰਥੱਲੀ ਪਾਉਣ ਦੇ ਨਾਲ ਹੀ ਵਜ਼ਾਰਤ ‘ਚ ਤਬਦੀਲੀ ਦੀ ਵੀ ਇੱਕ ਵਜ੍ਹਾ ਬਣੀ।

ਅਸਲਾਹ ਫੈਕਟਰੀ ਬੋਰਡ ਦੀ ਜਬਲਪੁਰ ਸਥਿਤ ਗੰਨ ਕੈਰੀਏਜ ਫੈਕਟਰੀ ‘ਚ ਤਿਆਰ ਧਨੁਸ਼ ਤੋਪ ਫੌਜ ਹਵਾਲੇ ਕਰਦੇ ਅਧਿਕਾਰੀ ।
ਧਨੁਸ਼ ਦਾ ਡਿਜ਼ਾਈਨ ਬਨਾਉਣ ਦੇ ਨਾਲ ਹੀ ਇਸ ਨੂੰ ਵਿਕਸਤ ਕਰਨ ਦਾ ਕੰਮ ਵੀ ਭਾਰਤ ਦੇ ਅਸਲਾਹ ਫੈਕਟਰੀ ਬੋਰਡ ਦੀ ਮੱਧ ਪ੍ਰਦੇਸ਼ ਦੇ ਜਬਲਪੁਰ ‘ਚ ਸਥਿਤ ਗੰਨ ਕੈਰੀਏਜ ਫੈਕਟਰੀ ‘ਚ ਮੁਕੰਮਲ ਕੀਤਾ ਗਿਆ। ਇਸ ਨੂੰ ਫੌਜ ‘ਚ ਸ਼ਾਮਿਲ ਕਰਨ ਦਾ ਰਸਮੀ ਪ੍ਰੋਗਰਾਮ ਵੀ ਇੱਥੇ ਹੀ ਉਲੀਕਿਆ ਗਿਆ । ਧਨੁਸ਼ ਤੋਪ ‘ਚ ਸਵੀਡਨ ‘ਚ ਬਣੀ ਬੋਫੋਰਸ ਤੋਪ ਵਾਲੀ ਗੰਨ ਤਕਨੀਕ ਦਾ ਇਸਤੇਮਾਲ ਕੀਤਾ ਗਿਆ ਹੈ। ਧਨੁਸ਼ ਦੇ ਸਿਸਟਮ ਨੂੰ ਵਿਕਸਤ ਕਰਨ ‘ਚ ਸਹਿਯੋਗ ਦੇਣ ਲਈ ਭਾਰਤੀ ਜ਼ਮੀਨੀ ਫ਼ੌਜ ਨੇ ਕਾਫ਼ੀ ਸਰਗਰਮੀ ਵਿਖਾਈ । ਫਿਲਹਾਲ ਫੌਜ ਦੇ ਤੋਪਖਾਨੇ ‘ਚ ਅਜੇ 6 ਧਨੁਸ਼ ਤੋਪਾਂ ਸ਼ਾਮਿਲ ਕੀਤੀਆਂ ਗਈਆਂ ਨੇ, ਪਰ ਜ਼ਮੀਨੀ ਫੌਜ ਨੇ 110 ਤੋਪਾਂ ਦੀ ਖਰੀਦ ਦਾ ਆਰਡਰ ਵੀ ਦੇ ਦਿੱਤਾ ਹੈ ।

ਲੰਮੀ ਦੂਰੀ ਤੱਕ ਮਾਰ ਕਰਨ ਵਾਲੀ ਭਾਰਤ ‘ਚ ਬਣੀ ਇਹ ਪਹਿਲੀ ਤੋਪ ਹੈ। ਪਹਾੜੀ ਇਲਾਕਿਆਂ ‘ਚ ਜੰਗ ਦਾ ਰੁੱਖ ਮੋੜਨ ਦਾ ਦਮ ਰੱਖਣ ਵਾਲੀ ਤਕਨੀਕ ਨਾਲ ਲੈਸ ਬੋਫੋਰਸ ਤੋਪ ਨੇ 1999 ਦੀ ਕਰਗਿਲ ਜੰਗ ‘ਚ ਆਪਣਾ ਜਲਵਾ ਵਿਖਾ ਦਿੱਤਾ ਸੀ । ਧਨੁਸ਼ ਨੂੰ ਪਾਕਿਸਤਾਨ ਤੇ ਚੀਨ ਦੇ ਨਾਲ ਲੱਗਦੀ ਸਰਹੱਦ ‘ਤੇ ਤਾਇਨਾਤ ਕੀਤਾ ਜਾਵੇਗਾ।