ਭਾਰਤੀ ਸਮੰਦਰੀ ਫੌਜ ਦੇ ਵਾਈਸ ਐਡਮਿਰਲ ਬਿਮਲ ਵਰਮਾ ਦੂਜੀ ਵਾਰ ਟ੍ਰਿਬਿਊਨਲ ਪੁੱਜੇ

222
ਵਾਈਸ ਐਡਮਿਰਲ ਬਿਮਲ ਵਰਮਾ
ਅੰਡਮਾਨ ਨਿਕੋਬਾਰ ਕਮਾਨ, ਇੰਡੀਅਨ ਨੇਵੀ, ਐਡਮਿਰਲ ਸੁਨੀਲ ਲਾਂਬਾ ਦੀ ਰਿਟਾਇਰਮੈਂਟ, ਤਾਇਨਾਤੀ ‘ਤੇ ਵਿਵਾਦ, ਸਮੰਦਰੀ ਫੌਜ ਦੀਆਂ ਖਬਰਾਂ, ਨੇਵੀ ਮੁਖੀ ਦੀ ਤਾਇਨਾਤੀ, ਸਮੰਦਰੀ ਫੌਜ ਸਮਾਚਾਰ, ਭਾਰਤੀ ਸਮੰਦਰੀ ਫੌਜ, ਵਕੀਲ ਰਿਆ ਵਰਮਾ, ਵਾਈਸ ਐਡਮਿਰਲ ਕਰਮਬੀਰ ਸਿੰਘ, ਵਾਈਸ ਐਡਮਿਰਲ ਬਿਮਲ ਵਰਮਾ

ਭਾਰਤੀ ਸਮੰਦਰੀ ਫੌਜ ਦੀ ਅੰਡਮਾਨ ਨਿਕੋਬਾਰ ਕਮਾਨ ਦੇ ਮੁਖੀ ਅਤੇ ਵਾਈਸ ਐਡਮਿਰਲ ਬਿਮਲ ਵਰਮਾ ਨੇ ਮੁੜ ਤੋਂ ਆਰਮਡ ਫੋਰਸ ਟ੍ਰਿਬਿਉਨਲ ਦਾ ਦਰਵਾਜਾ ਖੜਕਾਇਆ ਹੈ। ਰੱਖਿਆ ਮੰਤਰੀ ਨਿਰਮਲਾ ਸੀਤਾਰਮਣ ਨੂੰ ਲਿਖੀ ਅਰਜ਼ੀ ਉੱਤੇ ਬਣਦਾ ਜਵਾਬ ਨਾ ਮਿਲਣ ਦੇ 10 ਦਿਨਾਂ ਬਾਅਦ ਉਨ੍ਹਾਂ ਇਹ ਕਦਮ ਚੁੱਕਿਆ ਹੈ। ਪੰਚਾਟ ਵਿੱਚ ਉਨ੍ਹਾਂ ਦੀ ਅਰਜ਼ੀ ‘ਤੇ ਵੀਰਵਾਰ ਨੂੰ ਸੁਣਵਾਈ ਹੋਣ ਦੀ ਆਸ ਹੈ। ਇਹ ਦੂਜਾ ਮੌਕਾ ਹੈ ਜਦੋਂ ਐਡਮਿਰਲ ਬਿਮਲ ਵਰਮਾ ਨੇ, ਭਾਰਤੀ ਸਮੰਦਰੀ ਫੌਜ ਦੇ ਮੁਖੀ ਵੱਜੋਂ ਆਪਣੀ

ਸੀਨਿਓਰਿਟੀ ਨੂੰ ਨਜ਼ਰੰਦਾਜ਼ ਕੀਤੇ ਜਾਣ ਦੇ ਮੁੱਦੇ ਉੱਤੇ ਪੰਚਾਟ ਵਿੱਚ ਅਰਜੀ ਦਿੱਤੀ ਹੈ। ਸਰਕਾਰ ਨੇ ਪਿਛਲੇ ਮਹੀਨੇ ਹੀ ਵਾਈਸ ਐਡਮਿਰਲ ਕਰਮਬੀਰ ਸਿੰਘ ਨੂੰ ਭਾਰਤੀ ਸਮੰਦਰੀ ਫੌਜ ਦਾ ਮੁਖੀ ਬਨਾਉਣ ਦਾ ਐਲਾਨ ਕੀਤਾ ਸੀ ਜੋ ਮੌਜੂਦਾ ਇੰਡੀਅਨ ਨੇਵੀ ਚੀਫ ਐਡਮਿਰਲ ਸੁਨੀਲ ਲਾਂਬਾ ਦੀ ਥਾਂ ਲੈਣਗੇ। ਐਡਮਿਰਲ ਸੁਨੀਲ ਲਾਂਬਾ 31 ਮਈ ਨੂੰ ਰਿਟਾਇਰ ਹੋਣ ਵਾਲੇ ਨੇ।

ਭਾਰਤੀ ਸਮੰਦਰੀ ਫੌਜ ਦੀ ਪੂਰਵੀ ਕਮਾਨ ਦੇ ਮੁਖੀ ਆਪਣੇ ਤੋਂ ਜੂਨੀਅਰ ਵਾਈਸ ਐਡਮਿਰਲ ਕਰਮਬੀਰ ਸਿੰਘ ਨੂੰ ਭਾਰਤੀ ਸਮੰਦਰੀ ਫੌਜ ਦਾ ਮੁਖੀ ਐਲਾਨੇ ਜਾਣ ਵੇਲੇ ਆਪਣੇ ਨਾਂ ‘ਤੇ ਗੌਰ ਨਾ ਕੀਤੇ ਜਾਣ ਉੱਤੇ ਵਾਈਸ ਐਡਮਿਰਲ ਬਿਮਲ ਵਰਮਾ ਨੇ ਪਿਛਲੇ ਮਹੀਨੇ ਅਰਜ਼ੀ ਦਾਖਿਲ ਕੀਤੀ ਸੀ ਪਰ ਵਾਪਸ ਲੈ ਲਈ ਸੀ ਕਿਊਂਕਿ ਪੰਚਾਟ (AFT) ਦਾ ਕਹਿਣਾ ਸੀ ਕਿ ਵਾਈਸ ਐਡਮਿਰਲ ਬਿਮਲ ਵਰਮਾ ਨੂੰ ਇਹ ਮਸਲਾ ਪਹਿਲਾਂ ਸਬੰਧਿਤ ਮਹਿਕਮੇ ਕੋਲ ਲੈ ਜਾਣਾ ਚਾਹੀਦਾ ਹੈ। ਇਹ ਅਰਜ਼ੀ ਵਾਈਸ ਐਡਮਿਰਲ ਦੀ ਵਕੀਲ ਧੀ ਰਿਆ ਵਰਮਾ ਪਾਸਿਓਂ ਦਿੱਤੀ ਗਈ ਸੀ।

ਪੰਚਾਟ ਦੀਆਂ ਹਿਦਾਇਤਾਂ ਤੋਂ ਬਾਅਦ ਵਾਈਸ ਐਡਮਿਰਲ ਬਿਮਲ ਵਰਮਾ ਨੇ ਮਾਮਲਾ ਰੱਖਿਆ ਮੰਤਰਾਲੇ ਕੋਲ ਪਹੁੰਚਾਇਆ ਅਤੇ ਦਸ ਦਿਨਾਂ ਵਿੱਚ ਇਸ ਉੱਤੇ ਜਵਾਬ ਦੀ ਆਸ ਪ੍ਰਗਟਾਈ ਸੀ। ਇਸ ਵਕਤ ਦੇ ਲੰਘਣ ਮਗਰੋਂ ਜਵਾਬ ਨਹੀਂ ਮਿਲਿਆ ਤਾਂ ਵਾਈਸ ਐਡਮਿਰਲ ਬਿਮਲ ਵਰਮਾ ਨੇ ਮੰਗਲਵਾਰ ਨੂੰ ਪੰਚਾਟ (AFT) ਵਿੱਚ ਅਰਜੀ ਪਾਈ। ਵਾਈਸ ਐਡਮਿਰਲ ਬਿਮਲ ਵਰਮਾ ਦੀ ਦਲੀਲ ਹੈ ਕਿ ਉਨ੍ਹਾਂ 1980 ਵਿੱਚ ਕਰਮਬੀਰ ਸਿੰਘ ਤੋਂ ਛੇ ਮਹੀਨੇ ਪਹਿਲਾਂ ਫੌਜ ਵਿੱਚ ਕਮਿਸ਼ਨ ਹਾਸਲ ਕੀਤਾ ਸੀ ਜਦੋਂ ਕਿ ਸਰਕਾਰ ਨੇ ਉਨ੍ਹਾਂ ਦੀ ਇਸ ਸੀਨਿਓਰਿਟੀ ਨੂੰ ਅੱਖੋ ਓਹਲੇ ਕਰਦੇ ਹੋਏ ਵਾਈਸ ਐਡਮਿਰਲ ਕਰਮਬੀਰ ਸਿੰਘ ਦੀ ਤਾਇਨਾਤੀ ਭਾਰਤੀ ਸਮੰਦਰੀ ਫੌਜ ਦੇ ਮੁਖੀ ਵੱਜੋਂ ਕੀਤੀ।

ਕਦੋਂ-ਕਦੋਂ ਟੁੱਟੀ ਰਵਾਇਤ :

ਭਾਰਤੀ ਜਨਤਾ ਪਾਰਟੀ (ਬੀਜੇਪੀ–BJP) ਦੀ ਅਗੁਵਾਈ ਵਾਲੀ ਐਨ.ਡੀ.ਏ. (NDA ) ਦੀ ਮੌਜੂਦਾ ਸਰਕਾਰ ਵਿੱਚ ਇਹ ਦੂਜਾ ਮੌਕਾ ਹੈ ਜਦੋਂ ਭਾਰਤੀ ਫੌਜ ਵਿੱਚ ਅਫਸਰਾਂ ਦੀ ਸੀਨਿਓਰਿਟੀ ਨੂੰ ਅੱਖੋ ਓਹਲੇ ਕਰਦੇ ਹੋਏ ਉਨ੍ਹਾਂ ਤੋਂ ਜੂਨੀਅਰ ਅਫ਼ਸਰ ਨੂੰ ਕਮਾਨ ਸੌਂਪੀ ਗਈ ਹੋਵੇ। ਭਾਰਤੀ ਫੌਜ ਦੇ ਮੌਜੂਦਾ ਮੁਖੀ ਜਨਰਲ ਬਿਪਿਨ ਰਾਵਤ ਨੂੰ ਦਸੰਬਰ 2016 ਵਿੱਚ ਫੌਜ ਮੁਖੀ ਤਾਇਨਾਤ ਕਰਨ ਵੇਲੇ ਦੋ ਸੀਨੀਅਰ ਲੈਫਟੀਨੈਂਟ ਜਨਰਲ (ਪ੍ਰਵੀਨ ਬਖਸ਼ੀ ਅਤੇ ਪੀ.ਐੱਮ. ਹਾਰਿਜ਼) ਨੂੰ ਅੱਖੋ ਓਹਲੇ ਕੀਤਾ ਗਿਆ ਸੀ.

ਇਸ ਤੋਂ ਪਹਿਲਾਂ ਕੇਂਦਰ ਵਿੱਚ ਕਾਂਗਰਸ ਦੀ ਅਗਵਾਈ ਵਾਲੀ ਯੂਪੀਏ (UPA) ਦੀ ਸਰਕਾਰ ਵਿੱਚ ਵੀ ਫੌਜ ਦੇ ਮੁਖੀਆਂ ਦੀ ਤਾਇਨਾਤੀ ਵੇਲੇ ਸੀਨੀਓਰਿਟੀ ਦੀ ਰਵਾਇਤ ਨੂੰ ਤੋੜਿਆ ਜਾ ਚੁੱਕਿਆ ਹੈ ਜਦੋਂ 2014 ਵਿੱਚ ਐਡਮਿਰਲ ਡੀ.ਕੇ.ਜੋਸ਼ੀ ਦੇ ਅਸਤੀਫੇ ਮਗਰੋਂ ਵਾਈਸ ਐਡਮਿਰਲ ਸ਼ੇਖਰ ਸਿਨ੍ਹਾ ਦੀ ਥਾਂ ਰੋਬਿਨ ਧੋਵਨ ਨੂੰ ਭਾਰਤੀ ਹਵਾਈ ਫੌਜ ਦਾ ਮੁਖੀ ਬਣਾਇਆ ਗਿਆ ਸੀ।

ਦਿਲਚਸਪ ਇਹ ਹੈ ਕਿ ਇਨ੍ਹਾਂ ਤਾਇਨਾਤੀਆਂ ਨੂੰ ਲੈ ਕੇ ਉਂਗਲਾਂ ਤਾਂ ਉੱਠੀਆਂ ਅਤੇ ਫੌਜੀ ਦੁਨੀਆ ‘ਚ ਆਲੋਚਨਾ ਵੀ ਹੋਈ ਪਰ ਅਫਸਰਾਂ ਨੇ ਕਨੂੰਨ ਦਾ ਦਰਵਾਜਾ ਨਹੀਂ ਖੜਕਾਇਆ। ਫੌਜ ਹੀ ਨਹੀਂ ਇਸ ਨਾਲ ਰੱਲ੍ਹਦੇ-ਮਿਲਦੇ ਤਾਇਨਾਤੀ ਸਬੰਧੀ ਫੈਸਲੇ ਨੀਮ ਫੌਜੀ ਦਸਤੇ ਅਤੇ ਪੁਲਿਸ ਦਸਤਿਆਂ ਵਿੱਚ ਵੇਖੇ ਜਾਂਦੇ ਰਹੇ ਹਨ ਜਿਹੜੇ ਵਿਵਾਦ ਅਤੇ ਸੁਰਖੀਆਂ ਬਣੇ।