ਆਈਟੀਬੀਪੀ ਅਫ਼ਸਰਾਂ ਲਈ ਵੀ ਰਿਫਰੈਸ਼ਰ ਟ੍ਰੇਨਿੰਗ ਫਿਟਨੈੱਸ ਕੋਰਸ ਜ਼ਰੂਰੀ

217
ਆਈਟੀਬੀਪੀ
ਆਈਟੀਬੀਪੀ

ਭਾਰਤ ਤਿੱਬਤ ਸੀਮਾ ਪੁਲਿਸ (ਆਈਟੀਬੀਪੀ – ITBP) ਦੇ ਸੀਨੀਅਰ ਅਧਿਕਾਰੀਆਂ ਲਈ ਰਿਫਰੈਸ਼ਰ ਟ੍ਰੇਨਿੰਗ ਫਿਟਨੈੱਸ ਕੋਰਸ ਲਾਜ਼ਮੀ ਕੀਤਾ ਜਾ ਸਕਦਾ ਹੈ। ਇਸ ਕੋਰਸ ਦਾ ਸਿਲੇਬਸ ਤਿਆਰ ਕਰਨ ਲਈ ਆਈਜੀ ਰੈਂਕ ਦੇ ਅਧਿਕਾਰੀ ਦੀ ਅਗੁਆਈ ਹੇਠ ਪੰਜ ਮੈਂਬਰੀ ਬੋਰਡ ਬਣਾਇਆ ਗਿਆ ਹੈ। ਮਾਨਸਿਕ ਦਬਾਅ ਅਤੇ ਔਖੇ ਖੇਤਰਾਂ ਵਿੱਚ ਨਿਯੁਕਤੀ ਵਰਗੀ ਚੁਣੌਤੀਆਂ ਨੂੰ ਧਿਆਨ ਵਿੱਚ ਰੱਖਦਿਆਂ ਭਾਰਤ ਤਿੱਬਤ ਸਰਹੱਦੀ ਪੁਲਿਸ ਦੇ ਸੀਨੀਅਰ ਅਫਸਰਾਂ ਲਈ ਇਹ ਫਿਟਨੈੱਸ ਕੋਰਸ ਹੋਵੇਗਾ।

ਕਮਾਂਡੈਂਟ ਅਤੇ ਇਸ ਤੋਂ ਉਪਰਲੇ ਦਰਜੇ ਦੇ ਸਾਰੇ ਅਫ਼ਸਰਾਂ ਲਈ ਇਹ ਫਿਟਨੈੱਸ ਕੋਰਸ ਲਾਜ਼ਮੀ ਹੋਵੇਗਾ। ਭਾਵੇਂ ਉਹ ਜਨਰਲ ਡਿਊਟੀ ਵਿੱਚ ਹੋਣ ਜਾਂ ਗ਼ੈਰ ਜਨਰਲ ਡਿਉਟੀ ‘ਚ। ਆਈ.ਟੀ.ਬੀ.ਪੀ. ਕੈਡਰ ਵਿੱਚ ਫਿਲਹਾਲ ਤਕਰੀਬਨ 1700 ਅਫਸਰ ਨੇ ਜੋ ਵੱਧ ਤੋਂ ਵੱਧ ਆਈਜੀ ਤੱਕ ਦਾ ਰੈਂਕ ਹਾਸਲ ਕਰ ਸੱਕਦੇ ਨੇ। ਉੱਥੇ ਹੀ ਛੇਤੀ ਹੀ ਕੈਡਰ ਰਿਵਿਊ ਦੀ ਸੰਭਾਵਨਾ ਨੂੰ ਵੇਖਦਿਆਂ ਇਨ੍ਹਾਂ ਅਫਸਰਾਂ ਦੀ ਤਦਾਦ ਵਧਣ ਦੀ ਵੀ ਆਸ ਹੈ। ਕੋਰਸ ਤਿਆਰ ਕਰਨ ਵਾਲੇ ਬੋਰਡ ਵਿੱਚ ਆਈ.ਟੀ.ਬੀ.ਪੀ. ਦੇ ਟ੍ਰੇਨਿੰਗ ਸੈਂਟਰ ਤੋਂ ਬਿਨਾਂ ਹੋਰਨਾਂ ਤਾਇਨਾਤੀ ਵਾਲੇ ਖੇਤਰਾਂ ਦੇ ਅਫਸਰਾਂ ਨੂੰ ਵੀ ਮੈਂਬਰ ਵੱਜੋਂ ਸ਼ਾਮਿਲ ਕੀਤਾ ਗਿਆ ਹੈ।

ਕੁੱਝ ਅਰਸਾ ਪਹਿਲਾਂ ਆਈ.ਟੀ.ਬੀ.ਪੀ. ਦੇ ਮਹਾਨਿਦੇਸ਼ਕ ਦਫ਼ਤਰ ਨੇ ਅਧਿਕਾਰੀਆਂ ਦੀ ਸ਼ਰੀਰਕ ਫਿਟਨੈੱਸ ਨੂੰ ਲੈ ਕੇ ਇੱਕ ਹੁਕਮ ਵੀ ਜਾਰੀ ਕੀਤਾ ਸੀ, ਜਿਸ ਵਿੱਚ ਇਸ ਤਰ੍ਹਾਂ ਦੇ ਕੋਰਸ ਦਾ ਜ਼ਿਕਰ ਸੀ, ਜੋ 3-4 ਹਫ਼ਤਿਆਂ ਦਾ ਹੋਵੇ। ਇਹ ਵੀ ਕਿਹਾ ਗਿਆ ਸੀ ਕਿ ਇਸ ਕੋਰਸ ਵਿੱਚ ਥਿਉਰੀ ਦੇ ਨਾਲ ਨਾਲ ਮਾਨਸਿਕ ਅਤੇ ਸਰੀਰਕ ਮਜ਼ਬੂਤੀ ਨੂੰ ਧਿਆਨ ਵਿੱਚ ਰੱਖਿਆ ਜਾਵੇ।

ਆਈ.ਟੀ.ਬੀ.ਪੀ. ਦੀ ਮੁੱਖ ਤਾਇਨਾਤੀ ਪਹਾੜੀ ਖੇਤਰਾਂ ਵਿੱਚ ਹੈ। ਖ਼ਾਸ ਕਰਕੇ ਭਾਰਤ-ਚੀਨ ਸਰਹੱਦ ਵਾਲੇ ਬੇਹੱਦ ਠੰਡੇ ਹਿਮਾਲਿਆ ਦੇ ਇਲਾਕਿਆਂ ਵਿੱਚ। ਇੱਥੇ ਹਾਲਾਤ ਬੇਹੱਦ ਚੁਣੌਤੀ ਭਰਪੂਰ ਰਹਿੰਦੇ ਨੇ ਅਤੇ ਸਰੀਰਕ ਮਜ਼ਬੂਤੀ ਵਿੱਚ ਕਮੀ ਜਵਾਨਾਂ ਅਤੇ ਅਫਸਰਾਂ ਨੂੰ ਵੱਖ ਵੱਖ ਬਿਮਾਰੀਆਂ ਦੀ ਜੱਦ ‘ਚ ਲੈ ਆਉਂਦੀ ਹੈ।

ਹਾਲ ਹੀ ‘ਚ ਇੱਕ ਸਰਵੇ ਵਿੱਚ ਪਤਾ ਚੱਲਿਆ ਹੈ ਕਿ ਅੱਤ ਉਚਾਈ ਵਾਲੇ ਇਲਾਕਿਆਂ ਵਿੱਚ ਤਾਇਨਾਤੀ ਦੌਰਾਨ 20 ਫ਼ੀਸਦੀ ਜਵਾਨਾਂ ਅਤੇ ਅਫਸਰਾਂ ਦੀ ਸਿਹਤ ਅਸਰ ਹੇਠ ਆਈ ਹੈ ਜਾਂ ਉਨ੍ਹਾਂ ਨੂੰ ਸਰਦੀ ਵਿੱਚ ਹੋਣ ਵਾਲੇ ਜ਼ਖਮਾਂ ਨਾਲ ਜੂਝਨਾ ਪੈਂਦਾ ਹੈ। ਇਸ ਦੇ ਨਾਲ ਬਦਲੇ ਲਾਈਫ ਸਟਾਈਲ ਕਰਕੇ ਮੋਟਾਪਾ, ਹਾਈਪਰ-ਟੈਨਸ਼ਨ, ਸ਼ੂਗਰ ਵਰਗੀਆਂ ਸਮਸਿਆਵਾਂ ਗੰਭੀਰ ਬਿਮਾਰੀਆਂ ਦਾ ਰੂਪ ਲੈ ਲੈਂਦੀਆਂ ਨੇ। ਕੋਰਸ ਬਨਾਉਣ ਵੇਲੇ ਇਨ੍ਹਾਂ ਤਮਾਮ ਹਾਲਾਤ ਅਤੇ ਵਜ੍ਹਾ ਨੂੰ ਧਿਆਨ ਵਿੱਚ ਰੱਖਿਆ ਜਾ ਰਿਹਾ ਹੈ।