ਵਿੰਗ ਕਮਾਂਡਰ ਅਭਿਨੰਦਨ ਵਰਥਮਾਨ ਲਈ ਵੀਰ ਚੱਕਰ ਦੀ ਸਿਫਾਰਿਸ਼, ਕਸ਼ਮੀਰ ਤੋਂ ਤਬਾਦਲਾ

380
ਵਿੰਗ ਕਮਾਂਡਰ ਅਭਿਨੰਦਨ ਵਰਥਮਾਨ
ਵਿੰਗ ਕਮਾਂਡਰ ਅਭਿਨੰਦਨ ਵਰਥਮਾਨ

ਭਾਰਤੀ ਹਵਾਈ ਫੌਜ (Indian Air Force) ਨੇ ਏਅਰ ਸਟ੍ਰਾਈਕ ਮਗਰੋਂ ਪਾਕਿਸਤਾਨ ਦੇ F – 16 ਲੜਾਕੂ ਜਹਾਜ਼ ਨੂੰ ਮਾਰ ਗਿਰਾਉਣ ਵਾਲੇ ਵਿੰਗ ਕਮਾਂਡਰ ਅਭਿਨੰਦਨ ਵਰਥਮਾਨ (Wing Commander Abhinandan Varthaman) ਨੂੰ ‘ਵੀਰ ਚੱਕਰ’ ਦੇਣ ਦੀ ਸਿਫਾਰਿਸ਼ ਕੀਤੀ ਹੈ। ਵੀਰ ਚੱਕਰ ਜੰਗ ਦੇ ਵੇਲੇ ਬਹਾਦਰੀ ਲਈ ਫੌਜ ਵਿੱਚ ਦਿੱਤੇ ਜਾਣ ਵਾਲੇ ਪਰਮ ਵੀਰ ਚੱਕਰ ਅਤੇ ਮਹਾਵੀਰ ਚੱਕਰ ਤੋਂ ਬਾਅਦ ਤੀਜਾ ਸਰਬ ਉੱਚ ਸਨਮਾਨ ਹੈ। ਹਵਾਈ ਫੌਜ ਨੇ ਪਾਕਿਸਤਾਨ ਦੇ ਬਾਲਾਕੋਟ ਵਿੱਚ ਏਅਰ ਸਟ੍ਰਾਈਕ ਕਰਨ ਵਾਲੇ ਮਿਰਾਜ਼ 2000 ਲੜਾਕੂ ਜਹਾਜ਼ਾਂ ਦੇ 12 ਪਾਇਲਟਾਂ ਨੂੰ ਵੀ ਹਵਾਈ ਫੌਜ ਮੇਡਲ ਨਾਲ ਨਵਾਜ਼ੇ ਜਾਣ ਦਾ ਫ਼ੈਸਲਾ ਕੀਤਾ ਹੈ।

ਇਸੇ ਵਿਚਾਲੇ ਵਿੰਗ ਕਮਾਂਡਰ ਅਭਿਨੰਦਨ ਵਰਥਮਾਨ ਦਾ ਸ਼੍ਰੀਨਗਰ ਏਅਰ ਬੇਸ ਤੋਂ ਤਬਾਦਲਾ ਕਰ ਦਿੱਤਾ ਗਿਆ ਹੈ। ਇਸ ਪਿੱਛੇ ਅਭਿਨੰਦਨ ਦੀ ਸੁਰੱਖਿਆ ਦਾ ਹਵਾਲਾ ਦਿੱਤਾ ਜਾ ਰਿਹਾ ਹੈ। ਦੱਸਿਆ ਜਾਂਦਾ ਹੈ ਕਿ ਵਾਦੀ ਏ ਕਸ਼ਮੀਰ ਵਿੱਚ ਪਾਕਿਸਤਾਨੀ ਦਹਿਸ਼ਤਗਰਦਾਂ ਅਤੇ ਉਨ੍ਹਾਂ ਦੇ ਮਦਦਗਾਰਾਂ ਦੀ ਮੌਜੂਦਗੀ ਕਰਕੇ ਅਭਿਨੰਦਨ ਦੀ ਜਾਨ ਨੂੰ ਖ਼ਤਰਾ ਸੀ।

ਉਨ੍ਹਾਂ ਨੂੰ ਪਾਕਿਸਤਾਨੀ ਸਰਹੱਦ ਨਾਲ ਲੱਗਦੇ ਪੱਛਮੀ ਸੈਕਟਰ ਦੇ ਅਹਿਮ ਏਅਰਬੇਸ ‘ਤੇ ਤਾਇਨਾਤੀ ਦਿੱਤੀ ਜਾਵੇਗੀ। ਵਿੰਗ ਕਮਾਂਡਰ ਦੀ ਨਿਯੁਕਤੀ ਸਬੰਧੀ ਹੁਕਮ ਜਾਰੀ ਕਰ ਦਿੱਤਾ ਗਿਆ ਹੈ ਅਤੇ ਉਹ ਛੇਤੀ ਹੀ ਸ਼੍ਰੀ ਨਗਰ ਏਅਰਬੇਸ ਤੋਂ ਆਪਣੀ ਨਵੀਂ ਤਾਇਨਾਤੀ ਦੀ ਥਾਂ ਜਾਣਗੇ। ਉਨ੍ਹਾਂ ਦੀ ਨਵੀਂ ਤਾਇਨਾਤੀ ਵੀ ਫਾਇਟਰ ਬੇਸ ਦੀ ਹੈ ਅਤੇ ਜੇਕਰ ਉਨ੍ਹਾਂ ਨੂੰ ਜਹਾਜ਼ ਉਡਾਉਣ ਦੀ ਇਜਾਜ਼ਤ ਮਿਲਦੀ ਹੈ ਤਾਂ ਉਹ ਉਡਾਰੀ ਭਰ ਸਕਣਗੇ।

ਲੰਘੀ 27 ਫਰਵਰੀ ਨੂੰ ਪਾਕਿਸਤਾਨ ਵਿੱਚ ਬੰਦੀ ਬਣਾਏ ਗਏ ਵਰਥਮਾਨ ਦੇ ਚਾਰ ਹਫਤੇ ਦੀ ਸਿਕ-ਲੀਵ ਦੇ ਬਾਵਜੂਦ ਉਨ੍ਹਾਂ ਨੂੰ ਪਿਛਲੇ ਮਹੀਨੇ ਹੀ ਸ਼੍ਰੀਨਗਰ ‘ਚ ਉਨ੍ਹਾਂ ਦੇ ਸਕਵਾਡਰਨ ਵਿੱਚ ਵਾਪਿਸ ਭੇਜਿਆ ਗਿਆ ਸੀ।

ਜ਼ਿਕਰਯੋਗ ਹੈ ਕਿ ਵਿੰਗ ਕਮਾਂਡਰ ਅਭਿਨੰਦਨ ਵਰਥਮਾਨ ਨੂੰ ਲੰਘੀ 27 ਫਰਵਰੀ ਨੂੰ ਪਾਕਿਸਤਾਨੀ ਫੌਜ ਨੇ ਬੰਦੀ ਬਣਾ ਲਿਆ ਸੀ। ਉਸ ਤੋਂ ਪਹਿਲਾਂ ਅਭਿਨੰਦਨ ਨੇ ਆਪਣੇ ਮਿਗ-21 ਬਿਸਨ ਜੈੱਟ ਤੋਂ ਪਾਕਿਸਤਾਨੀ ਜੈੱਟ ਜਹਾਜ਼ਾਂ ਨੂੰ ਸਰਹੱਦ ਪਾਰ ਤੱਕ ਭਜਾ ਦਿੱਤਾ ਸੀ। ਉਨ੍ਹਾਂ ਦੇ ਜੈੱਟ ਜਹਾਜ਼ ਉੱਤੇ ਹਮਲਾ ਹੋਣ ਤੋਂ ਪਹਿਲਾਂ ਉਨ੍ਹਾਂ ਨੇ ਪਾਕਿਸਤਾਨ ਦੇ ਐੱਫ – 16 ਜਹਾਜ਼ ਨੂੰ ਮਾਰ ਗਿਰਾਇਆ ਸੀ। ਅਭਿਨੰਦਨ ਵਰਥਮਾਨ ਨੂੰ ਪਾਕਿਸਤਾਨ ਨੇ ਭਾਰਤ ਸਰਕਾਰ ਦੇ ਦਬਾਅ ਕਰਕੇ ਇੱਕ ਮਾਰਚ ਨੂੰ ਰਿਹਾ ਕਰ ਦਿੱਤਾ ਸੀ ।