103 ਸਾਲ ਦੀ ਐਥਲੀਟ ਮਨ ਕੌਰ ਦਾ ਪੰਜਾਬ ਪੁਲਿਸ ਨੂੰ ਫਿੱਟ ਕਰਨ ਦਾ ਨੁਸਖਾ

245
ਪੰਜਾਬ ਪੁਲਿਸ
ਮਨ ਕੌਰ . . . ਜਬਰਦਸਤ

103 ਸਾਲ ਦੀ ਮਾਂ ਅਤੇ 80 ਸਾਲ ਦੇ ਬੇਟੇ ਦੀ ਇਸ ਅਨੋਖੀ ਜੋੜੀ ਨੇ ਖੇਡਾਂ ਦੇ ਮੈਦਾਨ ਵਿੱਚ ਇਸ ਉਮਰੇ ਜੋ ਮੁਕਾਮ ਹਾਸਿਲ ਕੀਤਾ ਹੈ ਉਹ ਤਾਂ ਕਾਬਿਲੇ ਤਾਰੀਫ਼ ਹੈ ਹੀ, ਉਨ੍ਹਾਂ ਹੁਣ ਜੋ ਸੋਚਿਆ ਹੈ ਉਹ ਇੱਕ ਵਾਰ ਮੁੜ ਉਨ੍ਹਾਂ ਦੀ ਚੰਗੇਰੀ ਸੋਚ ਨੂੰ ਜ਼ਾਹਿਰ ਕਰਦਾ ਹੈ। ਵੱਖੋ ਵੱਖ ਦੇਸ਼ਾਂ ਵਿੱਚ ਸੀਨੀਅਰ ਅਥਲੈਟਿਕਸ ਮੁਕਾਬਲਿਆਂ ਵਿੱਚ ਕੌਮਾਂਤਰੀ ਰਿਕਾਰਡ ਬਨਾਉਣ ਵਾਲੇ ਇਹ ਮਾਂ ਪੁੱਤ ਹੁਣ ਹਜ਼ਾਰਾਂ ਲੱਖਾਂ ਲੋਕਾਂ ਲਈ ਚਾਨਣਮੁਨਾਰਾ ਬਣ ਚੁੱਕੇ ਨੇ। ਇਹ ਦੋਵੇਂ ਨਾ ਸਿਰਫ ਆਪਣੀ ਸਿਹਤ ਨੂੰ ਕਾਇਮ ਰੱਖੇ ਹੋਏ ਨੇ ਸਗੋਂ ਅਜੇ ਵੀ ਕੌਮਾਂਤਰੀ ਮੁਕਾਬਲਿਆਂ ਵਿੱਚ ਨਵੇਂ ਰਿਕਾਰਡ ਬਨਾਉਣ ਅਤੇ ਪੁਰਾਣੇ ਤੋੜਨ ਲਈ ਆਪਣੀ ਸਰੀਰਕ ਸਮਰੱਥਾ ਨੂੰ ਵਿਕਸਤ ਕਰਨ ਦੇ ਮੰਤਵ ਨਾਲ ਕਈ ਤਰਕੀਬਾਂ ਅਜਮਾਉਂਦੇ ਰਹਿੰਦੇ ਨੇ। ਤਗਮਿਆਂ ਦੇ ਨਾਲ-ਨਾਲ ਹੁਣ ਇਨ੍ਹਾਂ ਦੀਆਂ ਨਜ਼ਰਾਂ ਉਨ੍ਹਾਂ ਪੁਲਿਸ ਮੁਲਾਜ਼ਮਾਂ ‘ਤੇ ਨੇ ਜੋ ਮੋਟਾਪੇ ਦੇ ਸ਼ਿਕਾਰ ਹੋ ਗਏ ਨੇ। ਇਹ ਮਾਂ ਪੁੱਤ ਮਿਲਕੇ, ਪੰਜਾਬ ਪੁਲਿਸ ਵਿੱਚ ਵੱਡੇ ਢਿੱਡ ਵਾਲੇ ਪੁਲਿਸ ਮੁਲਾਜ਼ਮਾਂ ਨੂੰ ਸਮਾਰਟ ਬਣਾਉਣਾ ਚਾਹੁੰਦੇ ਨੇ ਅਤੇ ਇਸ ਲਈ ਇਨ੍ਹਾਂ ਕੋਲ ਦਮਦਾਰ ਨੁਸਖਾ ਵੀ ਹੈ।

ਪੰਜਾਬ ਪੁਲਿਸ
ਕੇਫਰ ਗਰੇਨ ਵਾਲੇ ਭਾਂਡੇ ਨਾਲ ਗੁਰਦੇਵ ਸਿੰਘ

ਪੰਜਾਬ ਦੀ ਇਤਿਹਾਸਿਕ ਅਤੇ ਅਹਿਮ ਪੰਜਾਬੀ ਯੂਨੀਵਰਸਿਟੀ (ਪਟਿਆਲਾ) ਦੇ ਕੈਂਪਸ ਵਿੱਚ ਛੋਟੇ ਜਿਹੇ ਫਲੈਟ ਵਿੱਚ ਰਹਿ ਰਹੇ ਇਹ ਨੇ ਮਨ ਕੌਰ ਅਤੇ ਉਨ੍ਹਾਂ ਦੇ ਬੇਟੇ ਗੁਰਦੇਵ ਸਿੰਘ। ਮਨ ਕੌਰ ਨੇ ਤਾਂ ਉਮਰ ਦੇ ਉਸ ਪੜਾਉ ‘ਚ ਟ੍ਰੈਕ ‘ਤੇ ਦੌੜਨ ਦੀ ਸ਼ੁਰੁਆਤ ਕੀਤੀ ਜਿਸ ਉਮਰ ਦੇ ਨੇੜੇ ਤੇੜੇ ਵੀ ਕਰੋੜਾਂ ਲੋਕ ਪਹੁੰਚ ਨਹੀਂ ਪਾਉਂਦੇ। ਸਧਾਰਣ ਜ਼ਿੰਦਗੀ ਜਿਉਣ ਅਤੇ ਧਾਰਮਿਕ ਰਹਿਣੀ-ਸਹਿਣੀ ਵਾਲੀ ਮਨ ਕੌਰ ਨੂੰ ਦੌੜਨ ਲਈ 93ਵੇਂ ਸਾਲਾਂ ਦੀ ਉਮਰ ਵਿੱਚ ਤਿਆਰ ਵੀ ਕਿਸੇ ਹੋਰ ਨੇ ਨਹੀਂ ਸਗੋਂ ਉਸ ਪੁੱਤ ਗੁਰਦੇਵ ਨੇ ਕੀਤਾ ਜਿਸ ਨੇ ਉਨ੍ਹਾਂ ਦੀ ਉਂਗਲ ਫੜਕੇ ਤੁਰਣਾ ਸਿੱਖਿਆ ਸੀ।

ਐਥਲੈਟਿਕਸ ਵਿੱਚ ਸ਼ੁਰੂ ਤੋਂ ਰੁਚੀ ਰੱਖਣ ਵਾਲੇ ਗੁਰਦੇਵ ਨੇ ਚੰਡੀਗੜ੍ਹ ਵਿੱਚ ਰਿਟਾਇਰਮੇਂਟ ਦੀ ਉਮਰ ਵਿੱਚ ਦੌੜ ਮੁਕਾਬਲਿਆਂ ਵਿੱਚ ਹਿੱਸਾ ਲੈਣਾ ਸ਼ੁਰੂ ਕੀਤਾ ਸੀ। ਆਪਣੇ ਘਰ ਦੇ ਨੇੜੇ ਦੇ ਪਾਰਕ ਵਿੱਚ ਜਦੋਂ ਉਹ ਦੌੜਨ ਦੀ ਪ੍ਰੈਕਟਿਸ ਲਈ ਜਾਂਦੇ ਤਾਂ ਮਾਂ ਨੂੰ ਸਵੇਰ ਦੀ ਸੈਰ ਦੇ ਲਈ ਨਾਲ ਲੈ ਜਾਂਦੇ। ਇੱਕ ਦਿਨ ਗੱਲਾਂ-ਗੱਲਾਂ ‘ਚ ਉਨ੍ਹਾਂ ਮਾਂ ਮਨ ਕੌਰ ਨੂੰ ਵੀ ਦੌੜਨ ਲਈ ਕਿਹਾ ਅਤੇ ਮਨ ਕੌਰ ਵੀ ਹਾਸੇ ਹਾਸੇ ਵਿੱਚ ਦੌੜਨ ਲੱਗ ਪਈ। ਉਹ ਵੀ 50-100 ਨਹੀਂ ਸਗੋਂ ਪੂਰੇ 400 ਮੀਟਰ।

ਪੰਜਾਬ ਪੁਲਿਸ
ਮਨ ਕੌਰ ਅਤੇ ਉਨ੍ਹਾਂ ਦੇ ਜਿੱਤੇ ਤਗਮੇ

ਮਾਂ ਦੀ ਇਸ ਸਮਰੱਥਾ ਨੂੰ ਵੇਖਕੇ ਗੁਰਦੇਵ ਵੀ ਹੈਰਾਨ ਸਨ। 16 ਸਾਲ ਪਹਿਲਾਂ ਦੀ ਇਸ ਘਟਨਾ ਮਗਰੋਂ ਮਨ ਕੌਰ ਦੀ ਜ਼ਿੰਦਗੀ ਬਦਲ ਗਈ। ਸਕੂਲ ਦੀ ਇਮਾਰਤ ਵੀ ਜਿਨ੍ਹੇ ਨਹੀਂ ਸੀ ਵੇਖੀ ਉਹ ਮਨ ਕੌਰ ਸੀਨੀਅਰ ਖੇਡ ਮੁਕਾਬਲਿਆਂ ਦਾ ਸਿਤਾਰਾ ਬਣ ਗਈ। ਵਿਦੇਸ਼ਾਂ ਵਿੱਚ ਮੁਕਾਬਲਿਆਂ ਵਿੱਚ ਹਿੱਸਾ ਹੀ ਨਹੀਂ, ਮੇਡਲ ਲੈਣ ਅਤੇ ਰਿਕਾਰਡ ਤੋੜਨ ਦੇ ਨਾਲ-ਨਾਲ ਕਾਇਮ ਵੀ ਕਰਨ ਲੱਗ ਪਈ। ਇਕੱਲੇ ਦੌੜ ਹੀ ਨਹੀਂ ਸਗੋਂ ਸ਼ਾਟ ਪੁੱਟ ਅਤੇ ਜੈਵਲਿਨ ਥ੍ਰੋ ਵੀ ਸ਼ੁਰੂ ਹੋ ਗਿਆ।

ਕੰਧ ‘ਤੇ ਟੰਗੇ ਮੇਡਲ ਅਤੇ ਦੂਜੇ ਪਾਸੇ ਰੱਖੀਆਂ ਟ੍ਰਾਫੀਆਂ ਨਾਲ ਸਜੇ ਹੋਏ ਛੋਟੇ ਜਿਹੇ ਕਮਰੇ ਵਿੱਚ ਸਿੰਗਲ ਬੈੱਡ ‘ਤੇ ਸਿਰਹਾਣੇ ਦੇ ਸਹਾਰੇ ਅੱਧੀ ਲੇਟੀ ਘੱਟ ਬੋਲਣ ਵਾਲੀ ਮਨ ਕੌਰ ਤੋਂ ਜਦੋਂ ਬਚਪਨ ‘ਚ ਪੜ੍ਹਾਈ ਦੀ ਗੱਲ ਕੀਤੀ ਤਾਂ ਉਨ੍ਹਾਂ ‘ਚ ਅਚਾਨਕ ਫੁਰਤੀ ਅਤੇ ਅੱਖਾਂ ਵਿੱਚ ਚਮਕ ਨਜ਼ਰ ਆਈ। ਉੱਠਕੇ ਦੱਸਣ ਲੱਗੀ ਕਿ ਕਿਵੇਂ ਬਿਨਾਂ ਸਿਆਹੀ ਅਤੇ ਕਲਮ ਦੇ ਵੀ ਉਨ੍ਹਾਂ ਨੇ ਅੱਖਰ ਗਿਆਨ ਹਾਸਿਲ ਕੀਤਾ। ਪਿਤਾ ਹੱਥ ਫੜਕੇ ਜ਼ਮੀਨ ਉੱਤੇ ਉਨ੍ਹਾਂ ਦੀ ਉਂਗਲੀ ਫੜਕੇ ਗੁਰਮੁਖੀ ਦੇ ਅੱਖਰ ਬਣਾਉਂਦੇ ਸਨ। ‘ਬਸ ਇਸੇ ਤਰ੍ਹਾਂ ਸਿੱਖ ਲਿਆ ਪੜ੍ਹਨਾ, ਹੁਣ ਤਾਂ ਸਾਰੇ ਪਾਠ ਕਰ ਲੈਂਦੀ ਹਾਂ’ ਸਿੱਖਣ ਦਾ ਜਜ਼ਬਾ ਅਤੇ ਕਮਾਲ ਦੀ ਹਿੰਮਤ-ਹੌਸਲੇ ਵਾਲੀ ਮਨ ਕੌਰ ਗੱਲਬਾਤ ਵਿੱਚ ਅਨਜਾਣ ਲੋਕਾਂ ਨਾਲ ਹੌਲੀ-ਹੌਲੀ ਖੁੱਲ੍ਹਦੇ ਨੇ।

ਇੱਕ ਸਦੀ ਪਹਿਲਾਂ ਪੈਦਾ ਹੋਈ ਮਨ ਕੌਰ ਨੂੰ ਉਨ੍ਹਾਂ ਵਰਦੀਧਾਰੀ ਪੁਲਸ ਮੁਲਾਜ਼ਮਾਂ ਨੂੰ ਵੇਖ ਕੇ ਤਕਲੀਫ ਹੁੰਦੀ ਹੈ ਜੋ ਮੋਟਾਪੇ ਦੇ ਸ਼ਿਕਾਰ ਹੁੰਦੇ ਨੇ। ਉਹ ਚਾਹੁੰਦੀ ਹੈ ਕਿ ਸਭ ਫਿਟਨੈਸ ਨੂੰ ਲੈ ਕੇ ਜਾਗਰੂਕ ਹੋਣ, ‘ਮੋਟੇ ਮੋਟੇ ਢਿੱਡ ਚੰਗੇ ਥੋੜ੍ਹੀ ਲੱਗਦੇ ਨੇ’। ਗੁਰਦੇਵ ਸਿੰਘ ਆਪਣੀ ਮਾਂ ਮਨ ਕੌਰ ਦੀ ਸੋਚ ਉੱਤੇ ਜ਼ੋਰ ਦਿੰਦੇ ਹੋਏ ਦੱਸਦੇ ਨੇ ਕਿ ਅਜਿਹੀ ਹੀ ਗੱਲ ਉਨ੍ਹਾਂ ਦੀ ਮਾਂ ਨੇ ਉੱਤਰ ਭਾਰਤ ਦੇ ਇੰਕਮ ਟੈਕਸ ਮਹਿਕਮੇ ਦੇ ਅਫਸਰਾਂ ਦੇ ਪ੍ਰੋਗਰਾਮ ਵਿੱਚ ਕਹੀ ਅਤੇ ਅਫਸਰਾਂ ਦੀ ਇੱਕ ਵਰਕਸ਼ਾਪ ਵੀ ਲਾਈ ਸੀ ਜਿਸ ਵਿੱਚ ਉਨ੍ਹਾਂ ਨੂੰ ਵਜਨ ਘੱਟ ਕਰਨ ਦੇ ਤਰੀਕੇ ਵੀ ਦੱਸੇ ਸਨ।

ਸਭ ਤੋਂ ਉਮ੍ਰ ਦਰਾਜ਼ ਐਥਲੀਟ ਸਰਦਾਰਨੀ ਮਨ ਕੌਰ ਦੇ ਪੁੱਤ ਸਰਦਾਰ ਗੁਰਦੇਵ ਸਿੰਘ ਕਹਿੰਦੇ ਨੇ, ‘ਸ਼ਰਾਬ, ਮਿੱਠਾ ਅਤੇ ਤਲਿਆ ਹੋਇਆ ਖਾਣਾ ਛੱਡ ਦਿੱਤਾ ਜਾਵੇ ਤਾਂ ਇੱਥੇ ਦੇ ਪੁਲਸ ਮੁਲਾਜ਼ਮਾਂ ਦਾ ਮੋਟਾਪਾ ਉਂਝ ਹੀ ਘੱਟ ਹੋ ਜਾਵੇ’। ਗੁਰਦੇਵ ਸਿੰਘ ਕੇਫਰ ਗਰੇਨ (kefir grain) ਦੇ ਇਸਤੇਮਾਲ ‘ਤੇ ਜ਼ੋਰ ਦਿੰਦੇ ਨੇ। ਜਿਨੂੰ ਉਹ ਅਤੇ ਉਨ੍ਹਾਂ ਦੀ ਮਾਂ ਤਾਂ ਇਸਤੇਮਾਲ ਕਰਦੇ ਹੀ ਨੇ ਨਾਲ ਹੀ ਆਪਣੇ ਮਿਲਣ ਵਾਲਿਆਂ ਨੂੰ ਵੀ ਮੁਹੱਈਆ ਕਰਾਉਂਦੇ ਨੇ। ਕੇਫਰ ਗਰੇਨ ਇੱਕ ਤਰ੍ਹਾਂ ਦਾ ਬੈਕਟੀਰੀਆ ਹੈ।

ਗੁਰਦੇਵ ਸਿੰਘ ਦਾ ਦਾਅਵਾ ਹੈ ਕਿ ਕੁੱਝ ਹੀ ਦਿਨਾਂ ਵਿੱਚ ‘ਵਰਜਿਸ਼, ਖਾਣ ਦੇ ਥੋੜ੍ਹੇ ਜਿਹੇ ਪਰਹੇਜ਼ ਅਤੇ ਕੇਫਰ ਗਰੇਨ ਦੇ ਇਸਤੇਮਾਲ’ ਵਾਲੇ ਫ਼ਾਰਮੂਲੇ ਨਾਲ ਮੋਟਾਪੇ ਦੇ ਸ਼ਿਕਾਰ ਪੁਲਿਸ ਮੁਲਾਜ਼ਮਾਂ ਨੂੰ ਉਹ ਵੱਡੇ ਢਿੱਡਾਂ ਤੋਂ ਛੁਟਕਾਰਾ ਦਿਵਾਕੇ ਫਿਟ ਕਰ ਸੱਕਦੇ ਨੇ। ਉਹ ਇਸਦੀ ਸ਼ੁਰੁਆਤ ਪਟਿਆਲਾ ਤੋਂ ਹੀ ਕਰਣਾ ਚਾਹੁੰਦੇ ਨੇ। ਕੇਫਰ ਗਰੇਨ ਦਾ ਇਸਤੇਮਾਲ ਦਹੀ ਵਾਂਗ ਕੀਤਾ ਜਾਂਦਾ ਹੈ ਜੋ ਬੇਹੱਦ ਲਾਹੇਵੰਦ ਅਤੇ ਪੌਸ਼ਟਿਕਤਾ ਨਾਲ ਭਰਪੂਰ ਹੁੰਦਾ ਹੈ।

ਮਨ ਕੌਰ ਨੇ ਇਹ ਸਭ ਕੀਤਾ :

ਦੁਨੀਆ ਦੀ ਸਭ ਤੋਂ ਅਸਰਦਾਰ ਟਾਪ 10 ਸਿੱਖ ਔਰਤਾਂ ਦੀ ਫਹਿਰਿਸਤ ਵਿੱਚ ਥਾਂ ਰੱਖਣ ਵਾਲੀ ਮਨ ਕੌਰ ਨੇ ਆਕਲੈਂਡ ਵਿੱਚ ਦੋ ਸਾਲ ਪਹਿਲਾਂ ਯਾਨੀ ਅਪ੍ਰੈਲ 2017 ਵਿੱਚ ਪ੍ਰੰਬਧਤ ਕੌਮਾਂਤਰੀ ਮਾਸਟਰਸ ਖੇਡਾਂ ਦੀ 100 ਸਾਲ ਤੋਂ ਵਧੇਰੇ ਉਮਰ ਵਾਲੀ ਕੈਟੇਗਰੀ ਵਿੱਚ 100 ਮੀਟਰ ਦੌੜ ਅਤੇ ਜੈਵਲਿਨ ਥ੍ਰੋ ਦਾ ਰਿਕਾਰਡ ਤੋੜਿਆ ਸੀ। 2011 ਵਿੱਚ ਉਨ੍ਹਾਂ ਪਹਿਲੀ ਵਾਰ ਕਿਸੇ ਕੌਮਾਂਤਰੀ ਐਥਲੈਟਿਕ ਮੁਕਾਬਲੇ ਵਿੱਚ ਹਿੱਸਾ ਲਿਆ ਜਿਹੜੇ ਸੈਕ੍ਰੇਮੈਂਟੋ ਵਿੱਚ ਹੋਏ ਸਨ। ਇਸ ਵਿੱਚ ਮਨ ਕੌਰ ਨੇ ਦੋ ਸੋਨ ਤਗਮੇ ਜਿੱਤੇ ਅਤੇ ਉਨ੍ਹਾਂ ਨੂੰ ਐਥਲੀਟ ਆਫ਼ ਦ ਈਅਰ ਐਲਾਨਿਆ ਗਿਆ ਸੀ।

ਦੌੜਨ ਲਈ ਹੀ ਪੈਦਾ ਹੋਈ ਮਹਿਲਾ ਵੱਜੋਂ ਆਪਣੀ ਨਵੀਂ ਪਹਿਚਾਣ ਬਣਾਉਣ ਵਿੱਚ ਕਾਮਯਾਬ ਹੋਈ ਮਨ ਕੌਰ ਹੁਣ ਤੱਕ ਅਮਰੀਕਾ, ਸਪੇਨ, ਨਿਊਜ਼ੀਲੈਂਡ, ਕਨੇਡਾ, ਤਾਈਵਾਨ ਅਤੇ ਪੋਲੈਂਡ ਵਿੱਚ ਆਪਣੇ ਜੁੱਸੇ ਦਾ ਦਮ ਵਿਖਾ ਚੁੱਕੇ ਨੇ। ਮਨ ਕੌਰ ਨੂੰ 2017 ਲੌਰਿਅਸ ਵਰਲਡ ਸਪੋਰਟਸ ਅਵਾਰਡਸ ( laureus World Awards ) ਲਈ ਨਾਮਜਦ ਕੀਤਾ ਗਿਆ ਸੀ। 103 ਸਾਲ ਦੀ ਮਨ ਕੌਰ ਹੁਣ ਪਿੰਕਥੋਨ ਦੀ ਬਰੈਂਡ ਅੰਬੈਸਡਰ (Pinkathon Brand Ambassador) ਨੇ।