ਭਾਰਤ ਵਿੱਚ ਚਾਰ ਰਾਫੇਲ ਜਹਾਜਾਂ ਦੀ ਪਹਿਲੀ ਤਾਇਨਾਤੀ ਅਪ੍ਰੈਲ ਦੇ ਆਲੇ-ਦੁਆਲੇ

140
ਰਾਫੇਲ

ਦੁਨੀਆ ਵਿੱਚ ਆਪਣੇ ਵਰਗ ਵਿੱਚ ਸ਼ਾਨਦਾਰ ਕਿਸਮ ਅਤੇ ਵਿਕਸਿਤ ਮਾਰਕ ਸਮਰੱਥਾ ਵਾਲੇ ਬਹੁ-ਮੰਤਵੀ ਜੰਗੀ ਜਹਾਜ਼ ਰਾਫੇਲ ਦੀ ਭਾਰਤ ਵਿੱਚ ਤਾਇਨਾਤੀ ਲਈ ਪਹਿਲੀ ਖੇਪ ਅਪ੍ਰੈਲ ਮਹੀਨੇ ਦੇ ਆਲੇ-ਦੁਆਲੇ ਆਏਗੀ। ਭਾਰਤ ਨੂੰ ਫ੍ਰਾਂਸ ਦੀ ਦਸਾਲਟ ਏਵੀਏਸ਼ਨ ਤੋਂ ਮਿਲਣ ਵਾਲੇ 36 ਰਾਫੇਲ ਵਿੱਚੋਂ ਇਸ ਖੇਪ ਵਿੱਚ ਚਾਰ ਜੰਗੀ ਜਹਾਜ਼ ਹੋਣਗੇ ਅਤੇ ਇਨ੍ਹਾਂ ਨੂੰ ਹਰਿਆਣਾ ਦੇ ਅੰਬਾਲਾ ਵਿਖੇ ਭਾਰਤੀ ਹਵਾਈ ਫੌਜ ਦੇ ਏਅਰਬੇਸ ‘ਤੇ ਰੱਖਿਆ ਜਾਏਗਾ। ਉੱਥੇ ਹੀ ਰਾਫੇਲ ਦੇ ਪਾਇਲਟਾਂ ਦੀ ਟ੍ਰੇਨਿੰਗ ਦਾ ਵੀ ਬੰਦੋਬਸਤ ਕੀਤਾ ਗਿਆ ਹੈ। ਆਪਣੀ ਤਰ੍ਹਾਂ ਦੇ ਸਭਤੋਂ ਅਨੋਖੇ ਇਸ ਟ੍ਰੇਨਿੰਗ ਸੇਂਟਰ ਵਿੱਚ ਜੋ ਸਿਮੁਲੇਟਰ ਲਾਇਆ ਗਿਆ ਹੈ, ਇਸ ਨਾਲ ਨਾ ਸਿਰਫ ਉਡਾਨ ਭਰਨ ਬਲਕਿ ਜੰਗ ਕਰਨ ਦੀ ਟ੍ਰੇਨਿੰਗ ਵੀ ਦਿੱਤੀ ਜਾ ਸਕਦੀ ਹੈ। ਇਹ ਸਿਮੁਲੇਟਰ ਭਾਰਤ ਵਿੱਚ ਆਪਣੀ ਤਰ੍ਹਾਂ ਦਾ ਪਹਿਲਾ ਸਿਮੁਲੇਟਰ ਹੈ, ਜਿਸਦਾ ਰਸਮੀ ਉਦਘਾਟਨ ਕਰਨ ਲਈ 23 ਫਰਵਰੀ, 2020 ਦੀ ਤਰੀਕ ਮਿੱਥੀ ਗਈ ਹੈ।

ਰਾਫੇਲ

ਕਿਸੇ ਵੀ ਤਰ੍ਹਾਂ ਦੇ ਮੌਸਮ ਦੌਰਾਨ ਲੜਣ ਦੀ ਤਾਕਤ ਰੱਖਣ ਵਾਲੇ ਰਾਫੇਲ ਜਹਾਜ਼ ਨੂੰ ਖਰੀਦਣ ਲਈ ਫ੍ਰਾਂਸੀਸੀ ਜਹਾਜ਼ ਕੰਪਨੀ ਨਾਲ ਹੋਏ ਕਰਾਰ ਦੇ ਤਹਿਤ ਭਾਰਤ ਨੂੰ ਤਕਨੀਕੀ ਤੌਰ ‘ਤੇ ਤਾਂ ਪਹਿਲਾ ਜਹਾਜ਼ ਸ਼ੁੱਕਰਵਾਰ ਨੂੰ ਮਿਲ ਗਿਆ ਹੈ। ਫ੍ਰਾਂਸ ਵਿੱਚ ਭਾਰਤੀ ਹਵਾਈ ਫੌਜ ਦੀ ਰਹਿਨੁਮਾਈ ਕਰਨ ਵਾਲੇ ਇੱਕ ਅਧਿਕਾਰੀ ਨੇ ਇਹ ਜਹਾਜ਼ ਹਾਸਲ ਕੀਤਾ ਹੈ। ਇਹ ਸਿਰਫ਼ ਕਾਗਜੀ ਪ੍ਰਕਿਰਿਆ ਸੀ। ਉਂਝ ਜਹਾਜਾਂ ਦੀ ਪਹਿਲੀ ਖੇਪ ਪ੍ਰਾਪਤ ਕਰਨ ਦੇ ਰਮਸੀ ਪ੍ਰੋਗਰਾਮ ਲਈ ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਅਗਲੇ ਮਹੀਨੇ ਫ੍ਰਾਂਸ ਜਾ ਸਕਦੇ ਹਨ।

ਹਾਸਲ ਕੀਤੇ ਗਏ ਪਹਿਲੇ ਜਹਾਜ਼ ਦੀ ਟੇਲ (ਪੂੰਛ) ‘ਤੇ ਅੰਗਰੇਜੀ ਵਿੱਚ ਲਿਖੇ ਆਰ ਬੀ 01 (RB 01) ਦੇ ਅਰਥ ਨੇ ਕਿ ਰਾਫੇਲ ਭਾਰਤ (Rafale Bharat) ਅਤੇ 01 ਦਾ ਮਤਲਬ ਹੈ ਕਿ ਇਹ ਇਸ ਟੁਕੜੀ ਦਾ ਪਹਿਲਾ ਜਹਾਜ਼ ਹੈ। ਹਾਲਾਂਕਿ ਮੀਡੀਆ ਵਿੱਚ ਇਸ ਤਰ੍ਹਾਂ ਦੀਆਂ ਖ਼ਬਰਾਂ ਵੀ ਆਈਆਂ ਕਿ ਰਾਫੇਲ ਦੀ ਟੇਲ ਆਰ ਬੀ ਦਾ ਸਬੰਧ ਏਅਰ ਮਾਰਸ਼ਲ ਆਰ ਕੇ ਐੱਸ ਭਦੌਰੀਆ ਦੇ ਨਾਂਅ ਨਾਲ ਵੀ ਹੈ, ਕਿਉਂਕਿ ਰਾਫੇਲ ਦੀ ਚੋਣ ਅਤੇ ਡੀਲ ਕਰਾਉਣ ਦੀ ਪ੍ਰਕਿਰਿਆ ਵਿੱਚ ਭਦੌਰੀਆ ਦੀ ਅਹਿਮ ਭੂਮਿਕਾ ਰਹੀ ਹੈ।

ਰਾਫੇਲ

ਆਰਕੇਐੱਸ ਭਦੌਰੀਆ 30 ਸਤੰਬਰ ਨੂੰ ਬੀਐੱਸ ਧਨੋਆ ਦੇ ਸੇਵਾਮੁਤਕ ਹੋਣ ‘ਤੇ ਭਾਰਤੀ ਹਵਾਈ ਫੌਜ ਦੀ ਕਮਾਨ ਸੰਭਾਲਣਗੇ। ਉਂਝ ਜਾਣਕਾਰਾਂ ਦਾ ਕਹਿਣਾ ਹੈ ਕਿ ਖੁਦ ਇੱਕ ਟੈਸਟ ਪਾਇਲਟ ਆਰਕੇਐੱਸ ਭਦੌਰੀਆ ਜ਼ਮੀਨ ਨਾਲ ਜੁੜਕੇ ਚੁਪ-ਚਪੀਤੇ ਕੰਮ ਕਰਨ ਵਿੱਚ ਯਕੀਨ ਰੱਖਦੇ ਹਨ ਅਤੇ ਰਾਫੇਲ ਪ੍ਰੋਜੈਕਟ ਵਿੱਚ ਉਨ੍ਹਾਂ ਦੀ ਬੇਹੱਦ ਅਹਿਮ ਭੂਮਿਕਾ ਰਹੀ ਹੈ। ਉਨ੍ਹਾਂ ਨੂੰ ਸੇਵਾਮੁਕਤੀ ਵਿੱਚ ਦੋ ਸਾਲ ਦਾ ਵਾਧਾ ਦੇ ਕੇ ਏਅਰ ਚੀਫ ਮਾਰਸ਼ਲ ਨਿਯੁਕਤ ਕਰਨ ਦੇ ਪਿੱਛੇ ਇੱਕ ਇਹ ਵੀ ਕਾਰਨ ਰਿਹਾ ਹੈ। ਪਰ ਜਹਾਜ਼ ਦੀ ਪਛਾਣ ਦੇ ਤੌਰ ‘ਤੇ ਟੇਲ ‘ਤੇ ‘ਆਰਬੀ‘ ਦਾ ਲਿੱਖਿਆ ਜਾਣਾ ਉਨ੍ਹਾਂ ਦੇ ਨਾਂਅ ਨਾਲ ਸਬੰਧ ਨਹੀਂ ਰੱਖਦਾ।

ਭਾਰਤੀ ਹਵਾਈ ਫੌਜ ਦੇ ਪਾਇਲਟਾਂ ਦੇ ਟ੍ਰੇਨਿੰਗ ਪ੍ਰੋਗਰਾਮ ਦੀ ਜਾਣਕਾਰੀ ਰੱਖਣ ਵਾਲੇ ਇੱਕ ਅਧਿਕਾਰੀ ਦੇ ਮੁਤਾਬਿਕ, ਅਜੇ ਫ੍ਰਾਂਸ ਵਿੱਚ ਰਾਫੇਲ ਲਈ 3 ਪਾਇਲਟਾਂ ਦੀ ਟ੍ਰੇਨਿੰਗ ਚੱਲ ਰਹੀ ਹੈ। ਟ੍ਰੇਨਿੰਗ ਦੇ ਪ੍ਰੋਗਾਰਮ ਦੇ ਮੁਤਾਬਿਕ, 8-8 ਮੈਂਬਰੀ 3 ਗਰੁੱਪਾਂ ਰਾਹੀਂ 24 ਜੰਗੀ ਪਾਇਲਟ ਫ੍ਰਾਂਸ ਵਿੱਚ ਰਾਫੇਲ ਦੀ ਟ੍ਰੇਨਿੰਗ ਲੈਣਗੇ ਯਾਨੀ ਕੁੱਲ 27 ਪਾਇਲਟ ਟ੍ਰੇਂਡ ਕੀਤੇ ਜਾਣਗੇ। ਜਿਵੇਂ-ਜਿਵੇਂ ਦਸਾਲਟ ਏਵੀਏਸ਼ਨ ਰਾਹੀਂ ਜਹਾਜਾਂ ਦੀ ਖੇਪ ਮਿਲਦੀ ਰਹੇਗੀ, ਉਸੇ ਤਰ੍ਹਾਂ ਇਸਦੇ ਪਾਇਲਟਾਂ ਦੀ ਗਿਣਤੀ ਵਿੱਚ ਵੀ ਵਾਧਾ ਕੀਤਾ ਜਾ ਸਕਦਾ ਹੈ। ਅਜੇ ਤੱਕ ਤਾਂ ਇਹ ਗਿਣਤੀ 27 ਹੀ ਰੱਖੀ ਗਈ ਹੈ।

ਡਬਲ ਇੰਜਨ ਵਾਲੇ ਜੋ ਰਾਫੇਲ (Rafale -IV) ਭਾਰਤ ਲੈ ਰਿਹਾ ਹੈ, ਉਨ੍ਹਾਂ ਵਿੱਚੋਂ 8 ਤਾਂ ਦੋ ਸੀਟਾਂ ਵਾਲੇ ਹੋਣਗੇ ਤਾਂਜੋ ਇਨ੍ਹਾਂ ਨੂੰ ਪਾਇਲਟਾਂ ਦੀ ਟ੍ਰੇਨਿੰਗ ਲਈ ਵੀ ਇਸਤੇਮਾਲ ਕੀਤਾ ਜਾ ਸਕੇ। ਸ਼ੁਰੂ ਵਿੱਚ ਜੋ 4 ਜਹਾਜ਼ ਆਉਣ ਵਾਲੇ ਨੇ, ਉਹ ਦਸੰਬਰ ਦੇ ਆਲੇ-ਦੁਆਲੇ ਭਾਰਤ ਨੂੰ ਸਪੁਰਦ ਕੀਤੇ ਜਾਣਗੇ, ਫਿਰ ਇਨ੍ਹਾਂ ਜਹਾਜਾਂ ਦੀ ਟੇਸਟਿੰਗ ਲਈ 1000 ਘੰਟਿਆਂ ਦੀ ਉਡਾਨ ਹੋਣੀ ਹੈ। ਇਨ੍ਹਾਂ ਘੰਟਿਆਂ ਨੂੰ ਵੰਡ ਵੀ ਦਿੱਤਾ ਜਾਏ ਤਾਂ ਅੰਦਾਜਨ ਹਰੇਕ ਜੰਗੀ ਜਹਾਜ਼ 250 ਘੰਟਿਆਂ ਦੀ ਉਡਾਨ ਭਰੇਗਾ। ਉਡਾਨ ਦੇ ਘੰਟੇ ਪੂਰੇ ਕਰਨ ਲਈ ਕਈ ਮਹੀਨਿਆਂ ਦਾ ਸਮਾਂ ਲੱਗੇਗਾ, ਜਿਸਦੇ ਬਾਅਦ ਹੀ ਰਾਫੇਲ ਜਹਾਜਾਂ ਦੀ ਪਹਿਲੀ ਖੇਪ ਦੀ ਤਾਇਨਾਤੀ ਭਾਰਤ ਵਿੱਚ ਹੋਏਗੀ।