ਚੰਡੀਗੜ੍ਹ ਪੁਲਿਸ ਦੀਆਂ 3 ਸੇਵਾਵਾਂ : ਡਾਇਲ 112, ਈ-ਬੀਟ ਬੁੱਕ ਅਤੇ ਈ-ਸਾਥੀ

160
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਚੰਡੀਗੜ੍ਹ ਪੁਲਿਸ ਦੀਆਂ ਤਿੰਨ ਸੇਵਾਵਾਂ ਸ਼ੁੱਕਰਵਾਰ ਨੂੰ ਰਸਮੀ ਤੌਰ ‘ਤੇ ਲਾਂਚ ਕੀਤੀਆਂ

ਭਾਰਤ ਦੇ ਦੋ ਸੂਬਿਆਂ ਪੰਜਾਬ ਅਤੇ ਹਰਿਆਣਾ ਦੀ ਸਾਝੀ ਰਾਜਧਾਨੀ ਦੇ ਨਾਲ ਨਾਲ ਸੰਘ ਸ਼ਾਸਿਤ ਖੇਤਰ (UnionTerritory) ਦਾ ਰੁਤਬਾ ਰੱਖਣ ਵਾਲੇ ਆਧੁਨਿਕ ਸ਼ਹਿਰ ਚੰਡੀਗੜ੍ਹ ਵਿੱਚ ਹੁਣ ਪੁਲਿਸ ਨੇ ਤਿੰਨ ਨਵੀਆਂ ਸੇਵਾਵਾਂ ਸ਼ੁਰੂ ਕੀਤੀਆਂ ਨੇ। ਪੁਲਿਸ ਨੂੰ ਤੇਜ, ਆਧੁਨਿਕ ਤਕਨੀਕ ਨਾਲ ਲੈੱਸ ਕਰਨ ਅਤੇ ਜਨਤਾ ਨਾਲ ਬਿਹਤਰ ਸਬੰਧ ਬਨਾਉਣ ਦੀ ਉਮੀਦ ਨਾਲ ਲਾਂਚ ਕੀਤੀ ਗਈ ਇਨ੍ਹਾਂ ਸੇਵਾਵਾਂ ਵਿੱਚ ਸਭ ਤੋਂ ਲਾਹੇਵੰਦ ਡਾਇਲ 112 ਹੋ ਸਕਦੀ ਹੈ। ਇਹ ਇੱਕ ਅਜਿਹਾ ਹੈਲਪਲਾਈਨ ਨੰਬਰ ਹੈ ਜਿਸ ਨੂੰ ਲੋਕ ਕਿਸੇ ਵੀ ਤਰ੍ਹਾਂ ਦੀ ਮੁਸੀਬਤ ਵੇਲੇ, ਮਦਦ ਲਈ, ਮਿਲਾ ਸੱਕਦੇ ਨੇ। ਇਸ ਦੇ ਇਲਾਵਾ ਜਿਹੜੀਆਂ ਹੋਰਨਾਂ ਦੋ ਸੇਵਾਵਾਂ ਸ਼ੁਰੂ ਕੀਤੀਆਂ ਗਈਆਂ ਨੇ ਉਹ ਨੇ ਬੀਟ ‘ਤੇ ਤਾਇਨਾਤ ਪੁਲਿਸ ਮੁਲਾਜ਼ਮਾਂ ਲਈ ਈ-ਬੀਟ ਬੁੱਕ (E-Beat Book) ਅਤੇ ਈ-ਸਾਥੀ ਐਪ (E -Saathi App).

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਚੰਡੀਗੜ੍ਹ ਪੁਲਿਸ ਦੀ ਇਨ੍ਹਾਂ ਤਿੰਨੇ ਸੇਵਾਵਾਂ ਨੂੰ ਸ਼ੁੱਕਰਵਾਰ ਨੂੰ ਰਸਮੀ ਤੌਰ ‘ਤੇ ਇੱਕ ਪ੍ਰੋਗਰਾਮ ਦੌਰਾਨ ਲਾਂਚ ਕੀਤਾ। ਦਰਅਸਲ ਡਾਇਲ 100 ਉਸ ਐਮਰਜੰਸੀ ਰੈਸਪੋਂਸ ਸਪੋਰਟ ਸਿਸਟਮ (Emergency Response Support System ERSS) ਦਾ ਹਿੱਸਾ ਹੈ ਜਿਸ ਨੂੰ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਨਿਰਭਿਆ ਫੰਡ ਦੇ ਤਹਿਤ ਚਲਾਇਆ ਜਾਂਦਾ ਹੈ। ਐਂਬੁਲੈਂਸ ਦੀ ਲੋੜ ਹੋਵੇ, ਅੱਗ ਲੱਗੀ ਹੋਵੇ, ਜੁਰਮ ਬਾਰੇ ਇੱਤਲਾਹ ਦੇਣੀ ਹੋਵੇ ਜਾਂ ਅਜਿਹੀ ਕੋਈ ਹੋਰ ਮੁਸੀਬਤ ਹੋਵੇ, ਲੋਕਾਂ ਨੂੰ ਇਸ ਲਈ ਵੱਖ-ਵੱਖ ਮਹਿਕਮਿਆਂ ਜਾਂ ਹੈਲਪਲਾਈਨ ਨਾਲ ਰਾਬਤਾ ਕਾਇਮ ਕਰਨ ਦੀ ਲੋੜ ਨਹੀਂ। ਡਾਇਲ 100 ਉੱਤੇ ਕਾਲ ਕਰਕੇ ਅਜਿਹੇ ਹਾਲਾਤ ਵਿੱਚ ਮਦਦ ਮੰਗੀ ਜਾ ਸਕਦੀ ਹੈ। ਕਾਲ ਕਰਣ ਦੇ ਨਾਲ ਹੀ ਡਾਇਲ 112 ਇੰਡੀਆ ਐਪ ਵੀ ਡਾਉਨਲੋਡ ਕੀਤਾ ਜਾ ਸਕਦਾ ਹੈ। ਉਸ ਉੱਤੇ ਕਾਲ, ਮੈਸੇਜ ਜਾਂ ਮੇਲ ਵੀ ਭੇਜਿਆ ਜਾ ਸਕਦਾ ਹੈ।

ਈ-ਬੀਟ ਬੁੱਕ (E – Beat Book)ਵੈਬ ਅਤੇ ਮੋਬਾਈਲ ਆਧਾਰਿਤ ਐਪਲੀਕੇਸ਼ਨ ਹੈ ਜੋ ਜੁਰਮ ਅਤੇ ਮੁਜਰਮਾਂ ਨਾਲ ਸਬੰਧਿਤ ਤਾਜ਼ਾ ਇੱਤਲਾਹ ਨੂੰ ਰੀਅਲ ਟਾਈਮ ਅਪਡੇਟ (real time update) ਕਰਦੀ ਹੈ। ਇਸ ਤੋਂ ਪੁਲਸ ਮੁਲਾਜ਼ਮਾਂ ਨੂੰ ਹਲਾਤਾਂ ਦਾ ਸਹੀ ਅੰਦਾਜ਼ਾ ਲਗਾਉਣ ਵਿੱਚ ਮਦਦ ਮਿਲਦੀ ਹੈ। ਚੰਡੀਗੜ ਨੂੰ 54 ਡਵੀਜ਼ਨਾਂ ਵਿੱਚ ਵੰਡਿਆ ਗਿਆ ਹੈ ਅਤੇ ਹਰੇਕ ਡਵੀਜ਼ਨ ਵਿੱਚ ਐਂਡ੍ਰਾਇਡ ਆਧਾਰਿਤ ਮੋਬਾਇਲ ਫੋਨ ਵਾਲੇ ਬੀਟ ਇੰਚਾਰਜ ਪੁਲਸ ਮੁਲਾਜ਼ਮ ਦੀ ਦੇਖ ਰੇਖ ਵਿੱਚ ‘ਅਟਲ ਸਹਭਾਗੀ ਕੇਂਦਰ’ ਬਨਾਏ ਗਏ ਨੇ। ਈ-ਬੀਟ ਬੁੱਕ ਜੁਰਮ ਅਤੇ ਮੁਜਰਮਾਂ ਬਾਰੇ ਜਾਣਕਾਰੀਆਂ ਮੁਹੱਈਆ ਕਰਾਉਣ ਵਾਲੇ ਸੀਸੀਟੀਐੱਨਐੱਸ (Crime and Criminal Tracking Network & Systems –CCTNS) ਨਾਲ ਜੁੜਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਆਮ ਨਾਗਰਿਕ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ, ਸੁਝਾਅ ਦੇਣ ਜਾਂ ਮਦਦ ਪਾਉਣ ਲਈ ਇੱਥੇ ਵੀ ਰਾਬਤਾ ਕਾਇਮ ਕਰ ਸੱਕਦੇ ਨੇ।

ਈ-ਸਾਥੀ ਐਪ (E – Saathi) ਨਾਗਰਿਕਾਂ ਅਤੇ ਪੁਲਿਸ ਦਾ ਆਪਸੀ ਰਾਬਤਾ ਰੱਖਣ ਦੇ ਮਕਸਦ ਨਾਲ ਬਣਾਈ ਗਈ ਹੈ। ਇਸ ਐਪ ਜ਼ਰੀਏ ਬੀਟ ਅਫਸਰ ਪਾਸਪੋਰਟ ਜਾਂਚ, ਕਿਰਾਏਦਾਰਾਂ ਅਤੇ ਘਰੇਲੂ ਨੌਕਰਾਂ ਦੀ ਵੈਰੀਫਿਕੇਸ਼ਨ, ਕਰੈਕਟਰ ਪ੍ਰਮਾਣ ਪੱਤਰ ਵਰਗੀਆਂ ਉਹ ਸਹੂਲਤਾਂ ਲੋਕਾਂ ਨੂੰ ਮੁਹੱਈਆ ਕਰਾ ਸਕਦਾ ਹੈ ਜਿਸ ਦੇ ਲਈ ਉਨ੍ਹਾਂ ਨੂੰ ਥਾਣੇ ਜਾਣਾ ਪੈਂਦਾ ਹੈ। ਇਹ ਨਾ ਸਿਰਫ਼ ਕੰਮ ਦੀ ਰਫ਼ਤਾਰ ਵਧਾਉਣ ਵਾਲਾ ਸਗੋਂ ਜਨਤਾ ਦਾ ਸਮਾਂ ਅਤੇ ਪਰੇਸ਼ਾਨੀ ਬਚਾਉਣ ਦਾ ਵੀ ਇੱਕ ਚੰਗਾ ਤਰੀਕਾ ਹੈ।