ਆਰ.ਕੇ.ਐਸ. ਭਦੌਰੀਆ ਭਾਰਤੀ ਹਵਾਈ ਫੌਜ ਦੇ ਨਵੇਂ ਮੁਖੀ ਹੋਣਗੇ

306
ਮਾਰਸ਼ਲ ਰਾਕੇਸ਼ ਕੁਮਾਰ ਸਿੰਘ ਭਦੌਰੀਆ

ਭਾਰਤੀ ਹਵਾਈ ਫੌਜ ਦੇ ਵਾਈਸ ਚੀਫ਼ ਰਾਕੇਸ਼ ਕੁਮਾਰ ਸਿੰਘ ਭਦੌਰੀਆ (ਆਰ.ਕੇ.ਐਸ. ਭਦੌਰੀਆ) ਭਾਰਤੀ ਹਵਾਈ ਫੌਜ ਦੇ ਅਗਲੇ ਮੁਖੀ ਹੋਣਗੇ। ਮਾਰਸ਼ਲ ਭਦੌਰੀਆ 30 ਸਤੰਬਰ ਨੂੰ ਰਿਟਾਇਰ ਹੋ ਰਹੇ ਮੌਜੂਦਾ ਹਵਾਈ ਫੌਜ ਮੁਖੀ ਏਅਰ ਚੀਫ ਮਾਰਸ਼ਲ ਬਿਰੇਂਦਰ ਸਿੰਘ ਧਨੋਆ ਦੀ ਥਾਂ ਲੈਣਗੇ। ਸਰਕਾਰ ਨੇ ਹਵਾਈ ਫੌਜ ਮੁਖੀ ਵੱਜੋਂ ਉਨ੍ਹਾਂ ਦੇ ਨਾਂ ਦਾ ਐਲਾਨ ਕਰਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ ਕਿਊਂਕਿ ਉਹ ਵੀ ਇਸੇ ਮਹੀਨੇ ਸੱਠ ਸਾਲ ਦੀ ਉਮਰ ਵਿੱਚ ਰਿਟਾਇਰ ਹੋਣ ਵਾਲੇ ਸਨ। ਸਰਕਾਰ ਨੇ ਉਨ੍ਹਾਂ ਨੂੰ ਸੇਵਾ ਵਿਸਥਾਰ ਦੇਣ ਦਾ ਫੈਸਲਾ ਕੀਤਾ ਹੈ। ਭਾਰਤੀ ਫੌਜਾਂ ਵਿੱਚ ਜਨਰਲ ਦੇ ਓਹਦੇ ‘ਤੇ ਵੱਧ ਤੋਂ ਵੱਧ 62 ਸਾਲ ਤੱਕ ਦੀ ਉਮਰ ਵਾਲਾ ਅਧਿਕਾਰੀ ਰਹਿ ਸਕਦਾ ਹੈ। ਉਨ੍ਹਾਂ ਦੀਆਂ ਸੇਵਾਵਾਂ ਵਿੱਚ ਵਿਸਥਾਰ ਕਰਕੇ ਦੋ ਸਾਲ ਦਾ ਇਜ਼ਾਫਾ ਕੀਤਾ ਗਿਆ ਹੈ।

ਏਅਰ ਚੀਫ ਮਾਰਸ਼ਲ ਬੀ. ਐੱਸ. ਧਨੋਆ ਦੇ ਰਿਟਾਇਰ ਹੋਣ ਮਗਰੋਂ ਭਾਰਤੀ ਹਵਾਈ ਫੌਜ ਦੇ ਚੀਫ ਵੱਜੋਂ ਤਾਇਨਾਤੀ ਲਈ ਦੱਖਣੀ ਕਮਾਨ ਦੇ ਮੁਖੀ ਏਅਰ ਮਾਰਸ਼ਲ ਬਾਲਕ੍ਰਿਸ਼ਣਨ ਸੁਰੇਸ਼ ਅਤੇ ਪੱਛਮੀ ਕਮਾਨ ਦੇ ਮੁਖੀ ਰਘੂਨਾਥ ਨਾਂਬਿਆਰ ਨੂੰ ਤਗੜਾ ਦਾਵੇਦਾਰ ਮੰਨਿਆ ਜਾ ਰਿਹਾ ਸੀ।

ਏਅਰ ਮਾਰਸ਼ਲ ਭਦੌਰੀਆ ਪਰਮ ਵਿਸ਼ੇਸ਼ ਸੇਵਾ ਮੈਡਲ (ਪੀ.ਵੀ.ਐੱਸ.ਐੱਮ.) ਅਤਿ ਵਿਸ਼ੇਸ਼ ਸੇਵਾ ਮੈਡਲ (ਏ.ਵੀ.ਐੱਸ.ਐੱਮ.) ਅਤੇ ਵਿਸ਼ੇਸ਼ ਸੇਵਾ ਮੈਡਲ (ਵੀ.ਐੱਮ.) ਨਾਲ ਸਨਮਾਨੇ ਗਏ ਅਧਿਕਾਰੀ ਨੇ। ਨੈਸ਼ਨਲ ਡਿਫੈਂਸ ਅਕੈਡਮੀ ਦੇ ਵਿਦਿਆਰਥੀ ਰਹੇ ਏਅਰ ਮਾਰਸ਼ਲ ਰਾਕੇਸ਼ ਕੁਮਾਰ ਸਿੰਘ ਭਦੌਰੀਆ ਨੇ 15 ਜੂਨ 1980 ਨੂੰ ਭਾਰਤੀ ਹਵਾਈ ਫੌਜ ਦੇ ਲੜਾਕੂ ਦਸਤੇ ਵਿੱਚ ਕਮੀਸ਼ਨ ਹਾਸਿਲ ਕੀਤਾ ਸੀ। ਹਰੇਕ ਖੇਤਰ ਵਿੱਚ ਅੱਵਲ ਰਹਿਣ ‘ਤੇ ਉਨ੍ਹਾਂ ਨੂੰ ਅਕੈਡਮੀ ਵਿੱਚ ਪਾਸਿੰਗ ਆਉਟ ਪਰੇਡ ‘ਚ ‘ਸੋਰਡ ਆਫ਼ ਆਨਰ ( Sword of Honour) ਦਿੱਤਾ ਗਿਆ ਸੀ।

ਮਾਰਸ਼ਲ ਭਦੌਰੀਆ 4 ਹਜ਼ਾਰ ਤੋਂ ਵੱਧ ਘੰਟਿਆਂ ਦੀ ਉੜਾਨ ਦਾ ਤਜ਼ਰਬਾ ਰੱਖਦੇ ਨੇ। ਉਹ ਕੁੱਲ੍ਹ ਮਿਲਾ ਕੇ ਵੱਖ ਵੱਖ ਤਰ੍ਹਾਂ ਦੇ 26 ਜਹਾਜ਼ ਉਡਾ ਚੁੱਕੇ ਨੇ ਜਿਨ੍ਹਾਂ ਵਿੱਚ ਲੜਾਕੂ ਅਤੇ ਸਮਾਨ ਢੋਣ ਵਾਲੇ ਜਹਾਜ਼ ਸ਼ਾਮਿਲ ਨੇ। ਉਨ੍ਹਾਂ ਦੀ ਪਛਾਣ ਖ਼ਾਸ ਤਰੀਕੇ ਦੇ ਪ੍ਰਯੋਗ ਵਾਲੇ ਟੈਸਟ ਪਾਇਲਟ ਵੱਜੋਂ ਵੀ ਕੀਤੀ ਜਾਂਦੀ ਹੈ। ਮਾਰਸ਼ਲ ਭਦੌਰੀਆ ਕੇਟ ‘ਏ’ਯੋਗਤਾ ਵਾਲੇ ਫ਼ਲਾਈਂਗ ਇੰਸਟ੍ਰਕਟਰ ਅਤੇ ਪਾਇਲਟ ਅਟੈਕ ਇੰਸਟ੍ਰਕਟਰ ਨੇ। ਮਾਰਸ਼ਲ ਭਦੌਰੀਆ ਭਾਰਤ ਵਿੱਚ ਬਣੇ ਉਸ ਹਲਕੇ ਲੜਾਕੂ ਜਹਾਜ਼ (ਐੱਲ.ਸੀ.ਏ. – LCA)ਤੇਜਸ ਦੀ ਸ਼ੁਰੁਆਤੀ ਉਡਾਣ ਟੈਸਟ ਕਰ ਚੁੱਕੇ ਨੇ ਜਿਸ ‘ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਬੰਗਲੁਰੁ ਵਿੱਚ ਉਡਾਰੀ ਭਰੀ ਸੀ।

ਏਅਰ ਮਾਰਸ਼ਲ ਰਾਕੇਸ਼ ਕੁਮਾਰ ਸਿੰਘ ਭਦੌਰੀਆ ਭਾਰਤ ਦੀ ਦੱਖਣੀ ਹਵਾਈ ਕਮਾਨ ਦੇ ਪ੍ਰਮੁੱਖ ਕਮਾਨ ਅਫਸਰ ਦੇ ਨਾਲ ਹੀ ਟ੍ਰੇਨਿੰਗ ਕਮਾਂਡ ਦੇ ਪ੍ਰਮੁੱਖ ਵੀ ਰਹੇ ਨੇ। ਹਵਾਈ ਫੌਜ ਹੈੱਡਕੁਆਰਟਰ ਦੇ ਇਲਾਵਾ ਉਹ ਇਸ ਤੋਂ ਪਹਿਲਾਂ ਮਾਸਕੋ ਵਿੱਚ ਭਾਰਤੀ ਸਫਾਰਤਖਾਨੇ ਵਿੱਚ ਏਅਰ ਅਟੈਚੀ ਵੀ ਰਹੇ। ਮਾਰਸ਼ਲ ਭਦੌਰੀਆ ਲੜਾਕੂ ਜਹਾਜ਼ ਜਗੁਆਰ ਦੀ ਸਕਵਾਡ੍ਰਨ ਨੂੰ ਵੀ ਕਮਾਨ ਕਰ ਚੁੱਕੇ ਨੇ।