ਰਾਜਨਾਥ ਸਿੰਘ ਨੇ ਮਸ਼ੀਨਗਨ ਚਲਾਈ, 24 ਘੰਟੇ ਸਮੁੰਦਰ ਵਿੱਚ ਆਈਐੱਨਐੱਸ ਵਿਕ੍ਰਮਾਦਿਤਯ ‘ਤੇ ਰਹੇ

64
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਮਸ਼ੀਨਗਨ ਚਲਾਈ

ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਭਾਰਤੀ ਹਵਾਈ ਫੌਜ ਦੇ ਜਹਾਜ਼ ਲੈ ਜਾਣ ਵਾਲੇ ਤਾਕਤਵਰ ਅਤੇ ਵਿਸ਼ਾਲ ਜੰਗੀ ਬੇੜੇ ਆਈਐੱਨਐੱਸ ਵਿਕ੍ਰਮਾਦਿਤਯ ‘ਤੇ ਇੱਕ ਰਾਤ ਵਤੀਤ ਕੀਤੀ ਅਤੇ ਇਸ ਦੌਰਾਨ ਉੱਥੋਂ ਦੀਆਂ ਸਾਰੀਆਂ ਸਰਗਰਮੀਆਂ ਨੂੰ ਵੇਖਿਆ ਅਤੇ ਬਾਰੀਕੀ ਨਾਲ ਸਮਝਿਆ। ਐਨਾ ਹੀ ਨਹੀਂ, ਉਨ੍ਹਾਂ ਜਹਾਜ਼ ‘ਤੇ ਲਾਈ ਗਈ ਮਸ਼ੀਨਗਨ ਰਾਹੀਂ ਫਾਇਰਿੰਗ ਵੀ ਕੀਤੀ। ਅਧਿਕਾਰੀਆਂ ਅਤੇ ਜਵਾਨਾਂ ਨਾਲ ਉਨ੍ਹਾਂ ਗੱਲਬਾਤ ਕੀਤੀ ਅਤੇ ਵਾਅਦਾ ਕੀਤਾ ਕਿ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਚਿੱਠੀ ਭੇਜ ਕੇ ਸ਼ੁਕਰੀਆ ਅਦਾ ਕਰਨਗੇ, ਜਿਸ ਵਿੱਚ ਉਨ੍ਹਾਂ ਦੀ ਵਿਕ੍ਰਮਾਦਿਤਯ ‘ਤੇ ਤਾਇਨਾਤੀ ਬਾਰੇ ਵੀ ਲਿਖਿਆ ਜਾਏਗਾ।

ਸ਼ਨੀਵਾਰ ਦੀ ਰਾਤ ਆਈਐੱਨਐੱਸ ‘ਤੇ ਵਿਤਾਉਣ ਦੇ ਬਾਅਦ ਰੱਖਿਆ ਮੰਤਰੀ ਨੇ ਗੋਆ ਦੇ ਸਾਹਿਲੀ ਇਲਾਕੇ ਵਿੱਚ ਭਾਰਤੀ ਸਮੁੰਦਰੀ ਫੌਜ ਦੇ ਜਵਾਨਾਂ ਅਤੇ ਅਧਿਕਾਰੀਆਂ ਨੂੰ ਸੰਬੋਧਨ ਕੀਤਾ। ਭਾਰਤ ਵਿੱਚ ਬਣਾਏ ਗਏ ਹਲਕੇ ਭਾਰ ਵਾਲੇ ਜੰਗੀ ਜਹਾਜ਼ ਤੇਜਸ ਵਿੱਚ ਪਹਿਲੇ ਰੱਖਿਆ ਮੰਤਰੀ ਦੇ ਤੌਰ ‘ਤੇ ਉਡਾਨ ਭਰਨ ਉਪਰੰਤ ਰਾਜਨਾਥ ਸਿੰਘ ਆਈਐੱਨਐੱਸ ਵਿਕ੍ਰਮਾਦਿਤਯ ‘ਤੇ ਵੀ ਰਾਤ ਵਤੀਤ ਕਰਨ ਵਾਲੇ ਪਹਿਲੇ ਰੱਖਿਆ ਮੰਤਰੀ ਹਨ। ਉਨ੍ਹਾਂ ਇਸ ਜਹਾਜ਼ ਦੇ ਉਨ੍ਹਾਂ ਸਾਰੀਆਂ ਸਰਗਰਮੀਆਂ ਨੂੰ ਗੌਰ ਨਾਲ ਵੇਖਿਆ, ਜਿਸਤੇ ਜੈੱਟ ਫਾਈਟਰ ਮਿਗ-29 ਵੀ ਤਾਇਨਾਤ ਹੈ। ਰਾਜਨਾਥ ਸਿੰਘ ਨੇ ਭਾਰਤੀ ਸਮੁੰਦਰੀ ਫੌਜ ਦੀ ਸਮਰੱਥਾ, ਸਰੋਤਾਂ ਅਤੇ ਕੰਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇੰਡੀਅਨ ਨੇਵੀ ਕਿਸੇ ਵੀ ਮੈਰੀ ਟਾਈਮ ਚੁਣੌਤੀ ਨਾਲ ਮੁਕਾਬਲਾ ਕਰਨ ਲਈ ਪੂਰੀ ਤਰ੍ਹਾਂ ਦੇ ਨਾਲ ਤਿਆਰ ਹੈ। ਉਨ੍ਹਾਂ ਕਿਹਾ ਕਿ ਮੁਲਕ ਦੀ ਸੁਰੱਖਿਆ ਇਸ ਗੱਲ ‘ਤੇ ਨਿਰਭਰ ਕਰਦੀ ਹੈ ਕਿ ਅਸੀਂ ਸਮੁੰਦਰ ਵਿੱਚ ਕਿੰਨੇ ਤਾਕਤਵਰ ਹਾਂ।

ਰਾਜਨਾਥ ਸਿੰਘ ਨੇ ਪਣਡੁੱਬੀਆਂ, ਫ੍ਰਿਗੇਟਸ ਅਤੇ ਕੈਰੀਅਰ ਸਮੇਤ ਕਈ ਹੋਰ ਫੌਜੀ ਅਭਿਆਸ ਵੇਖੇ। ਸਮੁੰਦਰੀ ਫੌਜ ਦੀ ਪੱਛਮੀ ਕਮਾਨ ਦੀ ਸ਼ਲਾਘਾ ਕਰਦਿਆਂ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਕਸ਼ਮੀਰ ਵਿੱਚ ਫਰਵਰੀ ਵਿੱਚ ਪੁਲਵਾਮਾ ਹਮਲੇ ਦੇ ਬਾਅਦ ਬਾਲਾਕੋਟ ਵਿੱਚ ਜਦੋਂ ਭਾਰਤ ਨੇ ਅੱਤਵਾਦੀਆਂ ਦੇ ਕੈਂਪ ਤਬਾਅ ਕੀਤੇ ਸਨ ਤਾਂ ਉਦੋਂ ਉੱਤਰੀ ਅਰਬ ਸਾਗਰ ਵਿੱਚ ਜਿਸ ਢੰਗ ਨਾਲ ਪੱਛਮੀ ਕਮਾਨ ਨੇ ਆਪਣੀ ਤਾਇਨਾਤੀ ਨੂੰ ਮਜਬੂਤ ਕੀਤਾ ਸੀ, ਉਸਦੇ ਬਾਅਧ ਸਾਡਾ ਮੁੱਖ ਵਿਰੋਧੀ ਸਮੁੰਦਰ ਵਿੱਚ ਕੋਈ ਹਿਮਾਕਤ ਕਰਨ ਦੀ ਹਿੰਮਤ ਨਹੀਂ ਕਰ ਸਕਿਆ।