ਕਰਨਲ ਨਵਜੋਤ ਸਿੰਘ ਬਲ : ਅਜਿਹੇ ਜਿੰਦਾਦਿਲ ਜੋਧੇ ਨੂੰ ਤਾਂ ਲੱਖਾਂ ਲੋਕਾਂ ਵਿੱਚ ਲੱਭਣਾ ਮੁਸ਼ਕਿਲ ਹੈ

80
ਕਰਨਲ ਨਵਜੋਤ ਸਿੰਘ ਬਲ

ਭਾਰਤੀ ਫੌਜੀਆਂ ਦੀ ਜਿਸਮਾਨੀ ਅਤੇ ਜ਼ਹਿਨੀ ਤੌਰ ‘ਤੇ ਮਜਬੂਤੀ ਦੇ ਨਾਲ ਜਿੰਦਾਦਿਲੀ ਦੀ ਮਿਸਾਲ ਵਾਲੀਆਂ ਕਹਾਣੀਆਂ ਜਦੋਂ ਵੀ ਕਿਤੇ ਕਹੀਆਂ ਅਤੇ ਸੁਣਾਈਆਂ ਜਾਣਗੀਆਂ ਤਾਂ ਕਰਨਲ ਨਵਜੋਤ ਸਿੰਘ ਬਲ ਦਾ ਵੀ ਜਿਕਰ ਰਾਹੇ-ਬਗਾਹੇ ਜ਼ਰੂਰ ਹੋਏਗਾ। ਕਸ਼ਮੀਰ ਵਿੱਚ ਅੱਤਵਾਦੀਆਂ ਦਾ ਪਿੱਛਾ ਕਰਦਿਆਂ ਆਹਮੋ-ਸਾਹਮਣੇ ਦੀ ਲੜਾਈ ਵਿੱਚ ਜੋ ਅੱਤਵਾਦੀਆਂ ਨੂੰ ਮਾਰ ਮੁਕਾਉਣ ਤੋਂ ਬਾਅਦ ਪਰਤੇ ਸਪੈਸ਼ਲ ਫੋਰਸਿਸ ਦੇ ਇਸ ਕਮਾਂਡੋ ਨਵਜੋਤ ਸਿੰਘ ਬਲ ਨੂੰ ਜਾਂਬਾਜੀ ਲਈ 2008 ਵਿੱਚ ਸ਼ੌਰਯਾ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਸੀ। ਇਹ ਘਟਨਾ ਕਸ਼ਮੀਰ ਦੀ ਲੋਲਾਬ ਵਾਦੀ ਵਿੱਚ ਵਾਪਰੀ ਸੀ।

ਆਖਰੀ ਫੋਟੋ ਆਪਣੇ ਆਪ ਲਈ:

ਪੰਜਾਬ ਵਿੱਚ ਅੰਮ੍ਰਿਤਸਰ ਦੇ ਇੱਕ ਫੌਜੀ ਪਰਿਵਾਰ ਨਾਲ ਸਬੰਧ ਰੱਖਣ ਵਾਲੇ 39 ਸਾਲਾ ਕਰਨਲ ਨਵਜੋਤ ਦੇ ਪਿਤਾ ਰਿਟਾਇਰਡ ਲੈਫਟੀਨੈਂਟ ਕਰਨਲ ਕੇ. ਐੱਸ. ਬੱਲ ਗੜ੍ਹਵਾਲ ਰਾਈਫਲਜ਼ ਵਿੱਚ ਸਨ। 1998 ਵਿੱਚ ਭਾਰਤੀ ਫੌਜ ਦੀ ਨੈਸ਼ਨਲ ਡਿਫੈਂਸ ਅਕੈਡਮੀ ਵਿੱਚ ਦਾਖਲ ਹੋਏ ਨਵਜੋਤ ਸਿੰਘ ਬਲ ਨੂੰ 2002 ਵਿੱਚ 2 ਪੈਰਾ (ਸਪੈਸ਼ਲ ਫੋਰਸਿਸ) ਵਿੱਚ ਕਮਿਸ਼ਨ ਮਿਲਿਆ ਅਤੇ ਉਹ ਆਪਣੇ ਆਖਰੀ ਸਾਹ ਤੱਕ ਇਸੇ ਬਟਾਲੀਅਨ ਦਾ ਕਮਾਂਡ ਅਫਸਰ ਵੀ ਰਹੇ। ਉਹ ਵੀ ਉਦੋਂ ਜਦ ਸਭਤੋਂ ਖਤਰਨਾਕ ਬਿਮਾਰੀ ਵਿੱਚੋਂ ਇੱਕ ਕੈਂਸਰ ਖਿਲਾਫ ਜੰਗ ਵਿੱਚ ਆਪਣੀ ਸੱਜੀ ਬਾਂਹ ਕਟਾਉਣੀ ਪਈ। ਉਨ੍ਹਾਂ ਨੇ ਆਪਣੀ ਆਖਰੀ ਤਸਵੀਰ ਖੁਦ ਖੱਬੇ ਹੱਥ ਨਾਲ ਲਈ ਸੀ। ਕਰਨਾਟਕ ਦੀ ਰਾਜਧਾਨੀ ਬੰਗਲੁਰੂ ਵਿੱਚ ਹਸਪਤਾਲ ਦੇ ਬਿਸਤਰੇ ‘ਤੇ ਆਪਣੀ ਮੌਤ ਤੋਂ ਕੁਝ ਘੰਟੇ ਪਹਿਲਾਂ ਖੱਬੇ ਹੱਥ ਨਾਲ ਖਿੱਚੀ ਗਈ ਉਨ੍ਹਾਂ ਦੀ ਇਹ ਸੈਲਫੀ ਨੂੰ ਸੋਸ਼ਲ ਮੀਡੀਆ ‘ਤੇ ਲੋਕਾਂ ਨੇ ਬਹੁਤ ਮਾਣ ਦੇ ਨਾਲ ਸਾਂਝਾ ਕੀਤਾ ਹੈ। ਕਰਨਲ ਬਲ ਤਸਵੀਰ ‘ਚ ਕੈਂਸਰ ਦੇ ਦਰਦ ‘ਚ ਵੀ ਮੁਸਕਰਾ ਰਹੇ ਸਨ।

ਕਰਨਲ ਨਵਜੋਤ ਸਿੰਘ ਬਲ

ਅਸਲ ਅਥਲੀਟ:

ਦਿੱਲੀ ਦੇ ਧੌਲਾ ਕੂਆਂ ਦੇ ਆਰਮੀ ਪਬਲਿਕ ਸਕੂਲ ਦਾ ਵਿਦਿਆਰਥੀ ਨਵਜੋਤ ਸਿੰਘ ਬਲ ਬੇਅੰਤ ਹਿੰਮਤ ਦਾ ਅੰਦਾਜ਼ਾ ਇਸਤੋਂ ਵੀ ਲਗਾਇਆ ਜਾ ਸਕਦਾ ਹੈ ਕਿ ਸੱਜੀ ਬਾਂਹ ਆਪਰੇਸ਼ਨ ਦੌਰਾਨ ਕੱਟਣ ਦੇ ਬਾਅਦ ਵੀ ਉਨ੍ਹਾਂ ਦੇ ਅੰਦਰ ਦਾ ਅਥਲੀਟ ਉਸੇ ਜਜ਼ਬੇ ਨਾਲ ਲਬਰੇਜ ਸੀ। ਸ਼ਾਇਦ ਇਹੀ ਕਾਰਨ ਸੀ ਕਿ ਉਹ ਅਜਿਹੀ ਸਰੀਰਕ ਅਵਸਥਾ ਵਿੱਚ ਵੀ ਦੌੜਦੇ ਸਨ। ਉਹ ਵੀ 100- 200 ਮੀਟਰ ਨਹੀਂ, ਹਾਫ ਮੈਰਾਥਨ ਯਾਨੀ 21 ਕਿੱਲੋਮੀਟਰ। ਹੋਰ ਤਾਂ ਹੋਰ ਉਨ੍ਹਾਂ ਨੇ ਸੱਜੇ ਹੱਥ ਨਾਲ ਕੀਤੇ ਜਾਣ ਵਾਲੇ ਕੰਮ ਖੱਬੇ ਹੱਥ ਨਾਲ ਕਰਨੇ ਸ਼ੁਰੂ ਕਰ ਦਿੱਤੇ ਅਤੇ ਨਾਲ ਹੀ ਬੰਦੂਕ ਦਾ ਨਿਸ਼ਾਨਾ ਵੀ ਲਾਉਣ ਦੀ ਪ੍ਰੈਕਟਿਸ ਵੀ ਖੱਬੇ ਹੱਥ ਨਾਲ ਸ਼ੁਰੂ ਕਰ ਦਿੱਤੀ ਸੀ। ਫਿਟਨੈਸ ਲਈ ਹਮੇਸ਼ਾ ਜਨੂੰਨੀ ਰਹੇ ਕਰਨਲ ਨਵਜੋਤ ਨੇ ਤਾਂ ਇਕ ਬਾਂਹ ਨਾਲ ਪੁੱਲ ਅਪਸ ਕਰਨੇ ਸ਼ੁਰੂ ਕਰ ਦਿੱਤੇ ਸਨ। ਉਹ ਵੀ 50 ਤੱਕ। ਕੁਲ ਮਿਲਾ ਕੇ ਇਹ ਕਿਹਾ ਜਾ ਸਕਦਾ ਹੈ ਕਿ ਉਨ੍ਹਾਂ ਦੇ ਇਸ ਜਨੂੰਨ ਦੇ ਅੱਗੇ ਕੈਂਸਰ ਨੇ ਵੀ ਹਥਿਆਰ ਸੁੱਟ ਦਿੱਤੇ ਸਨ।

ਕੈਂਸਰ ਖਿਲਾਫ ਜੰਗ:

20 ਮਾਰਚ 2014 ਨੂੰ 2 ਪੈਰਾ ਦੀ ਕਮਾਨ ਸੰਭਾਲਣ ਦੇ ਦੋ ਮਹੀਨੇ ਵੀ ਮੁਸ਼ਕਿਲ ਨਾਲ ਹੋਏ ਹੋਣਗੇ ਕਿ ਕਿ ਸੱਜੀ ਬਾਂਹ ਵਿੱਚ ਕੈਂਸਰ ਦੀ ਗੰਢ ਦਾ ਪਤਾ ਲੱਗਿਆ ਫਿਰ ਕੀ ਸੀ ਡਾਕਟਰ ਨੂੰ ਪੂਰਾ ਆਪਰੇਸ਼ਨ ਕਰਕੇ ਸਾਰੀ ਸੱਜੀ ਬਾਂਹ ਨੂੰ ਸਰੀਰ ਤੋਂ ਵੱਖ ਕਰਨਾ ਪਿਆ। ਇਹ ਜਨਵਰੀ 2019 ਦਾ ਮਾਮਲਾ ਹੈ। ਉਨ੍ਹਾਂ ਦੇ ਦੋਸਤਾਂ ਦਾ ਕਹਿਣਾ ਹੈ ਕਿ ਸਾਈਕਲਿੰਗ ਦੇ ਸ਼ੌਂਕੀ ਕਰਨਲ ਨਵਜੋਤ ਨੇ ਹਸਪਤਾਲ ਤੋਂ ਵਾਪਸ ਆਉਂਦਿਆਂ ਹੀ ਘਰ ਵਿੱਚ ਪਹਿਲਾ ਕੰਮ ਤਾਂ ਸਾਈਕਲ ਮੋਡਿਫਾਈ ਕਰਨ ਦੀ ਯੋਜਨਾ ਬਣਾਈ। ਬਾਂਹ ਤਾਂ ਬੇਸ਼ੱਕ ਵੱਖਰੀ ਕਰ ਦਿੱਤੀ ਗਈ ਸੀ, ਪਰ ਕੈਂਸਰ ਦੇ ਕੀਟਾਣੂ ਬਾਅਦ ਵਿੱਚ ਉਨ੍ਹਾਂ ਦੇ ਸਰੀਰ ਵਿੱਚ ਫੈਲ ਗਏ ਸਨ ਹਾਲਾਂਕਿ ਉਨ੍ਹਾਂ ਦੀ ਕੀਮੋਥੈਰੇਪੀ ਵੀ ਹੋਈ ਸੀ। ਪਰ ਇਨ੍ਹਾਂ ਸਾਰੀਆਂ ਮੁਸ਼ਕਿਲ ਹਲਾਤਾਂ ਦੇ ਬਾਵਜੂਦ ਉਹ ਆਪਣੇ ਇਲਾਜ ਦੇ ਨਾਲ-ਨਾਲ ਡਿਊਟੀ ਵੀ ਕਰਦੇ ਰਹੇ। ਅਪ੍ਰੈਲ ਵਿੱਚ ਉਨ੍ਹਾਂ ਦੀ ਹਾਲਤ ਵਿਗੜਨ ਤੋਂ ਬਾਅਦ ਉਨ੍ਹਾਂ ਨੇ 2 ਪੈਰਾ ਬਟਾਲੀਅਨ ਦੀ ਕਮਾਨ ਇੱਕ ਹੋਰ ਅਧਿਕਾਰੀ ਨੂੰ ਸੌਂਪ ਦਿੱਤੀ।

ਦੇਸ਼ ਵਿਦੇਸ਼ ਵਿੱਚ ਓਪਰੇਸ਼ਨ :

ਕਈ ਅੱਤਵਾਦ ਵਿਰੋਧੀ ਕਈ ਮੁਹਿੰਮਾਂ ਵਿੱਚ ਹਿੱਸਾ ਲੈ ਚੁੱਕੇ ਕਰਨਲ ਨਵਜੋਤ ਬਲ ਸੰਯੁਕਤ ਰਾਸ਼ਟਰ ਦੇ ਮਿਸ਼ਨ ਕਾਂਗੋ ਵਿੱਚ ਵੀ ਤਾਇਨਾਤ ਰਹੇ ਸਨ। 2016 ਵਿੱਚ ਪਾਕਿਸਤਾਨ ਖਿਲਾਫ ਕੀਤੀ ਗਈ ਸਰਜੀਕਲ ਸਟ੍ਰਾਈਕ ਦੇ ਸਮੇਂ ਕਰਨਲ ਨਵਜੋਤ ਬਲ ਭਾਰਤੀ ਫੌਜ ਦੀ ਦੀ ਉੱਤਰੀ ਕਮਾਂਡ ਦੇ ਆਪ੍ਰੇਸ਼ਨ ਕਮਾਂਡੋ ਟੀਮ ਵਿੱਚ ਸਨ।

ਕਰਨਲ ਨਵਜੋਤ ਦੇ ਸੋਗਗ੍ਰਸਤ ਪਰਿਵਾਰ ਵਿੱਚ ਪਤਨੀ ਆਰਤੀ ਅਤੇ ਦੋ ਪੁੱਤਰ ਹਨ। ਇਨ੍ਹਾਂ ਵਿੱਚੋਂ ਇੱਕ ਅੱਠ ਸਾਲ ਦਾ ਅਤੇ ਛੋਟਾ 4 ਸਾਲ ਦਾ ਹੈ।