ਭਾਰਤੀ ਫੌਜ ਦੀ ਪੱਛਮੀ ਕਮਾਂਡ ਦੇ ਜਨਰਲ ਅਫ਼ਸਰ ਕਮਾਂਡਿੰਗ ਇਨ ਚੀਫ਼ (ਜੀ.ਓ.ਸੀ. ਇਨ ਚੀਫ਼) ਦੇ ਅਹੁਦੇ ਤੋਂ ਹਾਲ ਹੀ ਵਿੱਚ ਰਿਟਾਇਰ ਹੋਏ ਲੈਫ਼ਟੀਨੈਂਟ ਜਨਰਲ ਸੁਰਿੰਦਰ ਸਿੰਘ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗੁਆਈ ਵਾਲੀ ਪੰਜਾਬ ਸਰਕਾਰ ਨੇ ਪੰਜਾਬ ਲੋਕ ਸੇਵਾ ਕਮਿਸ਼ਨ (ਪੀ.ਪੀ.ਐੱਸ.ਸੀ.) ਦਾ ਚੇਅਰਮੈਨ ਨਿਯੁਕਤ ਕੀਤਾ ਹੈ। ਉਨ੍ਹਾਂ ਦੇ ਨਾਲ ਹੀ ਸਰਕਾਰ ਨੇ ਮੋਹਾਲੀ ਦੇ ਵਧੀਕ ਜ਼ਿਲਾ ਅਤੇ ਸੈਸ਼ਨ ਜੱਜ ਸ਼ਿਵਿੰਦਰ ਸਿੰਘ ਮਾਨ ਨੂੰ ਸਰਕਾਰੀ ਮੈਂਬਰ ਅਤੇ ਪੰਜਾਬੀ ਦੀ ਮਸ਼ਹੂਰ ਲੇਖਿਕਾ ਬੱਬੁ ਤੀਰ ਨੂੰ ਗੈਰ ਸਰਕਾਰੀ ਮੈਂਬਰ ਵੱਜੋਂ ਨਿਯੁਕਤ ਕੀਤਾ ਗਿਆ ਹੈ।
ਨਿਯੁਕਤੀ ਸਬੰਧੀ ਆਖਰੀ ਫੈਸਲਾ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਅਗੁਆਈ ਵਾਲੀ ਉਸ ਉੱਚ ਪੱਧਰੀ ਕਮੇਟੀ ਨੇ ਲਿਆ ਜਿਸ ਦੇ ਮੈਂਬਰ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ ਪੀ ਸਿੰਘ ਅਤੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਵੀ ਨੇ। ਇਨ੍ਹਾਂ ਤਾਇਨਾਤੀਆਂ ਲਈ ਸਰਕਾਰ ਦੇ ਕੋਲ ਕੁਲ 150 ਅਰਜ਼ੀਆਂ ਆਈਆਂ ਸਨ ਜਿਨ੍ਹਾਂ ਵਿੱਚੋਂ 35 ਚੇਅਰਮੈਨ ਦੇ ਅਹੁਦੇ ਲਈ ਸਨ। ਪੰਜਾਬ ਦੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਦੀ ਅਗੁਆਈ ਵਾਲੀ ਤਿੰਨ ਮੈਂਬਰੀ ਕਮੇਟੀ ਨੇ ਅਰਜ਼ੀਆਂ ਦੀ ਸਕ੍ਰੀਨਿੰਗ ਕਰਕੇ ਹਰੇਕ ਅਹੁਦੇ ਲਈ ਤਿੰਨ ਤਿੰਨ ਨਾਵਾਂ ਦੇ ਪੈਨਲ ਬਣਾਕੇ ਹਾਈ ਪਾਵਰ ਕਮੇਟੀ ਦੇ ਕੋਲ ਭੇਜੇ ਸਨ। ਚੇਅਰਮੈਨ ਦੇ ਇਲਾਵਾ ਇਸ ਕਮਿਸ਼ਨ ਵਿੱਚ 10 ਮੈਂਬਰ ਹੁੰਦੇ ਨੇ ਜਿਨ੍ਹਾਂ ਦਾ ਕਾਰਜਕਾਲ 6 ਸਾਲ ਜਾਂ ਉਨ੍ਹਾਂ ਦੀ 62 ਸਾਲ ਦੀ ਉਮਰ ਤੱਕ ਹੁੰਦਾ ਹੈ।
ਲੈਫਟੀਨੈਂਟ ਜਨਰਲ ਸੁਰਿੰਦਰ ਸਿੰਘ ਭਾਰਤੀ ਫੌਜ ਦੀ 40 ਸਾਲ ਸੇਵਾ ਕਰਨ ਮਗਰੋਂ 31 ਜੁਲਾਈ ਨੂੰ ਪੱਛਮੀ ਕਮਾਂਡ ਦੇ ਜਨਰਲ ਅਫਸਰ ਕਮਾਂਡਿੰਗ ਇਸ ਚੀਫ ਦੇ ਅਹੁਦੇ ਤੋਂ ਰਿਟਾਇਰ ਹੋਏ ਜਿਸ ਦਾ ਹੈਡਕੁਆਟਰ ਚੰਡੀਗੜ ਦੇ ਨੇੜੇ ਚੰਡੀ ਮੰਦਿਰ ਕੈਂਟ ਵਿੱਚ ਹੈ। ਨੈਸ਼ਨਲ ਡਿਫੈਂਸ ਅਕੈਡਮੀ, ਪੁਣੇ ਅਤੇ ਦੇਹਰਾਦੂਨ ਸਥਿਤ ਇੰਡੀਅਨ ਮਿਲਟ੍ਰੀ ਅਕੈਡਮੀ (ਆਈ.ਐੱਮ.ਏ.) ਦੇ ਵਿਦਿਆਰਥੀ ਰਹੇ ਲੈਫਟੀਨੈਂਟ ਜਨਰਲ ਸੁਰਿੰਦਰ ਸਿੰਘ ਨੇ ਕੈਂਬਰਲੇ (ਸੱਰੇ) ਸਥਿਤ ਸਟਾਫ਼ ਕਾਲਜ ਤੋਂ ਹਾਇਰ ਕਮਾਂਡ ਕੋਰਸ ਕੀਤਾ ਹੋਇਆ ਹੈ। ਉਨ੍ਹਾਂ ਨੇ ਨਵੀਂ ਦਿੱਲੀ ਸਥਿਤ ਨੈਸ਼ਨਲ ਡਿਫੈਂਸ ਕਾਲਜ ਦਾ ਕੋਰਸ ਵੀ ਪੂਰਾ ਕੀਤਾ ਹੈ।
ਪੱਛਮੀ ਕਮਾਂਡ ਦੇ ਜਨਰਲ ਅਫਸਰ ਕਮਾਂਡਿੰਗ ਇਨ ਚੀਫ਼ (ਜੀਓਸੀ ਇਨ ਚੀਫ਼) ਦੇ ਅਹੁਦੇ ‘ਤੇ ਲੈਫਟੀਨੈਂਟ ਜਨਰਲ ਸੁਰਿੰਦਰ ਸਿੰਘ ਦੇ ਕਾਰਜਕਾਲ ਦੌਰਾਨ ਪੁਨਰਗਠਨ ਅਤੇ ਆਧੁਨਿਕੀਕਰਨ ਦੀ ਦਿਸ਼ਾ ਵੱਲ ਅਹਿਮ ਕਦਮ ਚੁੱਕੇ ਗਏ ਸਨ।