ਟਰੈਫਿਕ ਕੰਟਰੋਲ ਕਰਦੇ ਵੀਰ ਚੱਕਰ ਜੇਤੂ ਕਰਗਿਲ ਹੀਰੋ ਦੀ ਤਸਵੀਰ ਵਾਇਰਲ, ਹੁਣ ਬਣਿਆ ਸਿਪਾਹੀ ਤੋਂ ਏ.ਐੱਸ.ਆਈ.

425
ਵਾਇਰਲ ਫੋਟੋ : ਟਰੈਫਿਕ ਕੰਟਰੋਲ ਕਰਦੇ ਕਰਗਿਲ ਜੰਗ ਦੇ ਹੀਰੋ ਵੀਰ ਚੱਕਰ ਨਾਲ ਸਨਮਾਨਿਤ ਸਤਪਾਲ ਸਿੰਘ

ਪੰਜਾਬ ਦੇ ਸੰਗਰੂਰ ਜਿਲ੍ਹੇ ਵਿੱਚ ਟਰੈਫਿਕ ਪੁਲਿਸ ਦੇ ਸਿਪਾਹੀ ਦੇ ਤੌਰ ‘ਤੇ ਚੁਰਾਹੇ ‘ਤੇ ਟਰੈਫਿਕ ਕੰਟਰੋਲ ਕਰਦੇ ਕਰਗਿਲ ਜੰਗ ਦੇ ਹੀਰੋ ਵੀਰ ਚੱਕਰ ਨਾਲ ਸਨਮਾਨਿਤ ਸਤਪਾਲ ਸਿੰਘ ਦੀਆਂ ਤਸਵੀਰਾਂ ਮੀਡੀਆ ਵਿੱਚ ਆਉਣ ਤੋਂ ਬਾਅਦ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਨੂੰ ਤੈਅ ਵਕਤ ਤੋਂ ਪਹਿਲਾਂ ਦੋ ਤਰੱਕੀ ਦਿੰਦੇ ਹੋਏ ਏ.ਐੱਸ.ਆਈ. – ASI ਬਨਾਉਣ ਦਾ ਐਲਾਨ ਕੀਤਾ ਹੈ। ਫੌਜ ਤੋਂ ਰਿਟਾਇਰ ਹੋਣ ਮਗਰੋਂ ਸਤਪਾਲ ਸਿੰਘ 2010 ਵਿੱਚ ਪੰਜਾਬ ਪੁਲਿਸ ‘ਚ ਭਰਤੀ ਹੋਏ ਸਨ। 20 ਸਾਲ ਪਹਿਲਾਂ ਖਤਰਨਾਕ ਪਹਾੜੀਆਂ ਉੱਤੇ ਲੜਾਈ ਲੜਦੇ ਹੋਏ ਟਾਈਗਰ ਹਿੱਲ ਨੂੰ ਦੁਸ਼ਮਨ ਤੋਂ ਖਾਲੀ ਕਰਵਾਕੇ ਆਪਣਾ ਕਬਜਾ ਵਾਪਸ ਲੈਣ ਵਿੱਚ ਭਾਰਤੀ ਫੌਜ ਨੂੰ ਜਿਨ੍ਹਾਂ ਜਾਂਬਾਜ਼ਾਂ ਨੇ ਕਾਮਯਾਬੀ ਦਵਾਈ, ਸਤਪਾਲ ਸਿੰਘ ਉਨ੍ਹਾਂ ਵਿਚੋਂ ਇੱਕ ਹਨ। ਸਤਪਾਲ ਸਿੰਘ ਫਿਲਹਾਲ ਸੰਗਰੂਰ ਦੇ ਭਵਾਨੀਗੜ ਵਿੱਚ ਤੈਨਾਤ ਹਨ।

ਦਰਾਸ ਸੈਕਟਰ ਵਿੱਚ ਤੈਨਾਤ ਸਤਪਾਲ ਸਿੰਘ ਆਪਰੇਸ਼ਨ ਵਿਜੇ ਦਾ ਹਿੱਸਾ ਸਨ। ਸਤਪਾਲ ਸਿੰਘ ਨੇ ਆਹਮੋ ਸਾਹਮਣੇ ਦੀ ਜੰਗ ਵਿੱਚ ਪਾਕਿਸਤਾਨ ਦੇ ਇੱਕ ਬਹਾਦੁਰ ਫੌਜ ਅਧਿਕਾਰੀ ਕੈਪਟਨ ਕਰਨਲ ਸ਼ੇਰ ਖਾਨ ਅਤੇ ਤਿੰਨ ਹੋਰਨਾਂ ਨੂੰ ਮਾਰ ਦਿੱਤਾ ਸੀ। ਸਤਪਾਲ ਸਿੰਘ ਦੀ ਬਹਾਦਰੀ ਅਤੇ ਹੌਸਲੇ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਜਿਸ ਕੈਪਟਨ ਕਰਨਲ ਸ਼ੇਰ ਖਾਨ ਨੂੰ ਉਨ੍ਹਾਂ ਮੌਤ ਦੇ ਘਾਟ ਉਤਾਰਿਆ ਉਸ ਨੇ ਵੀ ਜ਼ਬਰਦਸਤ ਸੰਘਰਸ਼ ਦੌਰਾਨ ਤਗੜਾ ਜਵਾਬ ਦਿੱਤਾ ਸੀ। ਪਾਕਿਸਤਾਨੀ ਫੌਜ ਦੀ ਨਾਰਦਰਨ ਲਾਇਟ ਇੰਫੈਂਟਰੀ ਵਿੱਚ ਤੈਨਾਤ ਕੈਪਟਨ ਕਰਨਲ ਸ਼ੇਰ ਖਾਨ ਦੀ ਬਹਾਦਰੀ ਦੀ ਗੱਲ ਇੱਕ ਭਾਰਤੀ ਅਧਿਕਾਰੀ ਨੇ ਹੀ ਦੱਸੀ ਸੀ। ਇਸ ਦੇ ਬਾਅਦ ਪਾਕਿਸਤਾਨ ਸਰਕਾਰ ਨੇ ਕੈਪਟਨ ਕਰਨਲ ਸ਼ੇਰ ਖਾਨ ਨੂੰ (ਮਰਣੋਪਰਾਂਤ) ਪਾਕਿਸਤਾਨ ਵਿੱਚ ਬਹਾਦਰੀ ਦਾ ਸਭ ਤੋਂ ਵੱਡਾ ਸਨਮਾਨ ‘ਨਿਸ਼ਾਨ ਏ ਹੈਦਰ’ਦਿੱਤਾ ਸੀ।

ਆਪ ਭਾਰਤੀ ਫੌਜ ਵਿੱਚ ਅਧਿਕਾਰੀ ਰਹੇ ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਤਪਾਲ ਸਿੰਘ ਦੇ ਕੇਸ ਨੂੰ ਵੱਡੀ ਗੰਭੀਰਤਾ ਨਾਲ ਲਿਆ ਪਰ ਇਸ ਉੱਤੇ ਸਿਆਸੀ ਲਾਹਾ ਲੈਣ ਲਈ ਬਿਆਨਬਾਜ਼ੀ ਕਰਨ ਤੋਂ ਨਹੀਂ ਹਟੇ। ਉਨ੍ਹਾਂ ਨੇ ਕਿਹਾ ਕਿ ਜਿਸ ਵਕਤ ਸਤਪਾਲ ਸਿੰਘ ਪੰਜਾਬ ਪੁਲਿਸ ਵਿੱਚ ਭਰਤੀ ਹੋਏ ਉਦੋਂ ਸੂਬੇ ਵਿੱਚ ਅਕਾਲੀ ਦਲ – ਬੀਜੇਪੀ ਗਠਜੋੜ ਦੀ ਸਰਕਾਰ ਸੀ। ਸਤਪਾਲ ਸਿੰਘ ਨੂੰ ਭਰਤੀ ਕਰਨ ਵੇਲੇ ਉਦੋਂ ਉਨ੍ਹਾਂ ਦੇ ਕਰਗਿਲ ਜੰਗ ਵਿੱਚ ਯੋਗਦਾਨ ਅਤੇ ਵੀਰਤਾ ਚੱਕਰ ਦੇ ਸਨਮਾਨ ‘ਤੇ ਵਿਚਾਰ ਨਹੀਂ ਸੀ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਸਤਪਾਲ ਸਿੰਘ ਦਾ ਬਣਦਾ ਮਾਨ ਸਨਮਾਨ ਨਾ ਕਰਨਾ ਅਕਾਲੀ ਸਰਕਾਰ ਦੀ ਨਾਕਾਮੀ ਸੀ।

ਹੁਣ, ਮੁੱਖਮੰਤਰੀ ਦੇ ਪੁਲਿਸ ਮਹਾਨਿਦੇਸ਼ਕ ਨੂੰ ਦਿੱਤੇ ਗਏ ਹੱਕਾਂ ਦੇ ਮੁਤਾਬਕ, ਸਤਪਾਲ ਸਿੰਘ ਨੂੰ ਪੰਜਾਬ ਪੁਲਿਸ ਰੂਲਸ ਦੇ ਨਿਯਮ 12.3 ਵਿੱਚ ਛੋਟ ਦਿੰਦੇ ਹੋਏ ਏ.ਐੱਸ.ਆਈ. ਬਣਾਇਆ ਗਿਆ ਹੈ। ਇਸਦੇ ਲਈ ਉਨ੍ਹਾਂ ਨੂੰ ਏ.ਐਸ.ਆਈ. ਦੇ ਅਹੁਦੇ ‘ਤੇ ਭਰਤੀ ਲਈ ਤੈਅ ਉਮਰ ਹੱਦ ਵਿੱਚ ਛੋਟ ਦਿੱਤੀ ਗਈ ਹੈ। ਹਾਲਾਂਕਿ ਇਸ ਦੇ ਲਈ ਕੈਬਨਿਟ ਦੀ ਇਜਾਜ਼ਤ ਵੀ ਲਈ ਜਾਵੇਗੀ।