ਨਕਸਲੀ ਹਿੰਸਾ ਨਾਲ ਪੀੜਤ ਇਲਾਕਿਆਂ ‘ਚ ਕਿਸੇ ਜ਼ਖਮੀ ਜਾਂ ਬੀਮਾਰ ਨੂੰ ਮੌਕੇ ਤੇ ਹਸਪਤਾਲ ਜਾਂ ਡਾਕਟਰ ਤਕ ਲੈ ਕੇ ਜਾਣਾ ਇੱਕ ਬਹੁਤ ਵੱਡੀ ਸਮੱਸਿਆ ਹੈ, ਪਰ ਜਦੋਂ ਕਿਸੇ ਆਵਾਜਾਈ ਦੇ ਸਾਧਨਾਂ ਦਾ ਇੰਤਜ਼ਾਮ ਨਾ ਹੋਵੇ ਅਤੇ ਰਾਹ ਇਹੋ ਜਿਹੇ ਹੋਣ ਜਿੱਥੇ ਚਾਰ ਪਹੀਏ ਵਾਲੇ ਸਾਧਨਾਂ ਤੇ ਐਂਬੂਲੈਂਸ ਦਾ ਪਹੁੰਚਣਾ ਸੰਭਵ ਨਾ ਹੋਵੇ ਤਾਂ ਇਹੋ ਜਿਹੀ ਸਥਿਤੀ ‘ਚ ਇਹ ਸਮੱਸਿਆ ਇੱਕ ਵੱਡੀ ਚੁਣੌਤੀ ਬਣ ਜਾਂਦੀ ਹੈ। ਘਣੇ ਜੰਗਲਾਂ ਅਤੇ ਪਹਾੜੀ ਖੇਤਰਾਂ ਦੇ ਉੱਚੇ ਨੀਵੇਂ ਅਤੇ ਕੱਚੇ ਰਾਹਾਂ ਤੇ ਇਸ ਚੁਣੌਤੀ ਦੇ ਨਾਲ ਨਾਲ ਹਮਲੇ ਲਈ ਬਰੂਦੀ ਸੁਰੰਗ ਬਣਾ ਕੇ ਇਤੰਜ਼ਾਰ ਕਰ ਰਹੇ ਨਕਸਲਵਾਦੀਆਂ ਦੀ ਮੌਜ਼ੂਦਗੀ ਦਾ ਖਤਰਾ ਇਸ ਚੁਣੌਤੀ ਨੂੰ ਹੋਰ ਵੀ ਭਿਆਨਕ ਬਣਾ ਦਿੰਦਾ ਹੈ। ਕੁਲ ਮਿਲਾ ਕੇ ਹਾਲਾਤ ਇਸ ਤਰ੍ਹਾਂ ਹੁੰਦੇ ਹਨ ਕਿ ਕਿਸੇ ਮਰੀਜ਼ ਜਾਂ ਘਾਇਲ ਇਨਸਾਨ ਦੀ ਜ਼ਿੰਦਗੀ ਬਚਾਉਣ ਲਈ ਉਸ ਇਨਸਾਨ ਨੂੰ ਵੀ ਆਪਣੀ ਜ਼ਿੰਦਗੀ ਦਾਅ ਤੇ ਲਾਉਣੀ ਪੈਂਦੀ ਹੈ ਜੋ ਉਹਨਾਂ ਨੂੰ ਹਸਪਤਾਲ ਲੈ ਕੇ ਜਾਣਾ ਚਾਹੁੰਦੇ ਹਨ ਜਾਂ ਜਾਂਦੇ ਹਨ। ਸਾਲਾਂ ਤੋਂ ਨਕਸਲੀਆਂ ਦੇ ਗੜ੍ਹ ‘ਚ ਇਸ ਸਮੱਸਿਆ ਨਾਲ ਜੂਝ ਰਹੇ ਭਾਰਤ ਦੇ ਸਭ ਤੋਂ ਵੱਡੇ ਕੇਂਦਰੀ ਸਸ਼ਤਰ ਪੁਲਿਸ ਸੰਗਠਨ ਕੇਂਦਰੀ ਰਿਜ਼ਰਵ ਪੁਲਿਸ ਬਲ (ਸੀਅਰਪੀਐਫ) ਨੇ ਇਸ ਦਾ ਹੱਲ ਕੱਢਿਆ ਹੈ ਬਾਈਕ ਐਂਬੂਲੈਂਸ ਦੇ ਰੂਪ ‘ਚ!
ਸਧਾਰਨ ਮੋਟਰਸਾਇਕਲ ‘ਚ ਕੁੱਝ ਵਾਧੂ ਸਮਾਨ ਲਾ ਕੇ ਤਿਆਰ ਕੀਤੀ ਗਈ ਬਾਈਕ ਐਂਬੂਲੈਂਸ ਉੱਪਰ ਦੱਸੀ ਚੁਣੌਤੀ ਨੂੰ ਬਹੁਤ ਹਦ ਤਕ ਸੀਅਰਪੀਐਫ ਨੂੰ ਪਾਰ ਕਰਨ ‘ਚ ਮਦਦ ਕਰੇਗੀ। ਝਾਰਖੰਡ ਦੇ ਲਤੇਹਾਰ ‘ਚ ਸੀਅਰਪੀਐਫ ਦੀ 133 ਬਟਾਲੀਅਨ ਦੇ ਕੈਂਪ ‘ਚ ਤਿਆਰ ਹੋਈ ਬਾਈਕ ਐਂਬੂਲੈਂਸ ਦੀ ਲਾਂਚਿੰਗ ਸੀ ਅਰ ਪੀ ਐਫ ਝਾਰਖੰਡ ਸੈਕਟਰ ਦੇ ਇੰਸਪੈਕਟਰ ਜਨਰਲ ਸੰਜਯ ਅਨੰਦਰਾਵ ਲਾਠਕਰ ਨੇ ਵੀਰਵਾਰ ਨੂੰ ਜਦੋਂ ਕੀਤੀ ਤਾਂ ਸੀ ਅਰ ਪੀ ਐਫ ਜਵਾਨਾਂ ਨਾਲੋਂ ਵਧੇਰੇ ਖੁਸ਼ੀ ਉੱਥੇ ਨੇੜਲੇ ਪੇਂਡੂ ਇਲਾਕਿਆਂ ਤੋਂ ਆਏ ਲੋਕਾਂ ਨੇ ਦਿਖਾਈ। ਝਾਰਖੰਡ ਸੈਕਟਰ ਦੇ ਇੰਚਾਰਜ ਪੁਲਿਸ ਇੰਸਪੈਕਟਰ ਜਨਰਲ ਸ੍ਰੀ ਲਾਠਕਰ ਨੇ ਦੱਸਿਆ ਕਿ ਇਸ ਤਰ੍ਹਾਂ ਦੀਆਂ 20 ਬਾਈਕ ਐਂਬੂਲੈਂਸ ਸੀਅਰਪੀਐਫ ਤਿਆਰ ਕਰ ਰਹੀ ਹੈ ਜਿਸ ਦੀ ਸੇਵਾ ਆਮ ਨਾਗਰਿਕ ਵੀ ਲੈ ਸਕਦਾ ਹੈ। ਸੀ ਅਰ ਪੀ ਐਫ ਦੇ 20 ਕੈਂਪਾ ‘ਚੋਂ ਹਰ ਇੱਕ ਕੈਂਪ ‘ਚ ਇਹ ਬਾਈਕ ਉਪਲਬੱਧ ਹੋਵੇਗੀ, ਅਤੇ ਇਹ ਕੰਮ 15 ਦਿਨਾਂ ‘ਚ ਪੂਰਾ ਹੋ ਜਾਵੇਗਾ।
ਬਾਈਕ ਐਂਬੂਲੈਂਸ ਦੀ ਖਾਸੀਅਤ :
ਇਸ ਬਾਈਕ ਐਂਬੂਲੈਂਸ ਦੀ ਖਾਸੀਅਤ ਇਹ ਹੈ ਕਿ ਇਹ ਮੌਸਮ ਲਈ ਮੁਫ਼ੀਦ ਹੈ। ਇਸ ਦੇ ਰਾਈਡਰ ਦੇ ਪਿੱਛੇ ਬੈਠਣ ਲਈ ਲਗਾਈ ਗਈ ਆਰਾਮਦਾਇਕ ਸੀਟ ਦੇ ਉੱਤੇ ਕੇਨੋਪੀ ਹੈ ਜੋ ਧੁੱਪ ਅਤੇ ਬਰਸਾਤ ‘ਚ ਬਹੁਤ ਹੱਦ ਤਕ ਰਾਹਤ ਦੇਵੇਗੀ। ਰੋਗੀ ਨੂੰ ਸੁਰੱਖਿਅਤ ਤਰੀਕੇ ਨਾਲ ਲੈ ਜਾਉਣ ਲਈ ਸੀਟ ਦੇ ਨਾਲ ਬੈਲਟ ਹੈ ਤੇ ਫੁਟ ਰੇਸਟ ਤੇ ਵੀ ਅਜਿਹਾ ਸਟਰੋਪ ਹੈ ਜੋ ਪੈਰਾਂ ਨੂੰ ਘੁੱਟ ਕੇ ਰੱਖੇਗਾ ਤਾਂ ਜੋ ਸੰਤੁਲਨ ਵਿਗੜਨ ਦੀ ਹਾਲਤ ‘ਚ ਪਿੱਛੇ ਬੈਠੇ ਇਨਸਾਨ ਦਾ ਪੈਰ ਨਾ ਖਿਸਕੇ। ਪੈਰ ਨੂੰ ਪਹੀਏ ‘ਚ ਫਸਣ ਤੋਂ ਰੋਕਣ ਲਈ ਵ੍ਹੀਲ ਗਾਰਡ ਵੀ ਹੈ। ਬਾਈਕ ਐਂਬੂਲੈਂਸ ਚਾਲਕ ਮੁੱਢਲੀ ਸਹਾਇਤਾ ‘ਚ ਮਾਹਿਰ ਹੋਵੇ, ਅਤੇ ਬਾਈਕ ‘ਚ ਫਸਟ ਏਡ ਬਾਕਸ (First Aid Box) ਵੀ ਹੈ। ਬਾਈਕ ਐਂਬੂਲੈਂਸ ਤੇ ਐਮਰਜੈਂਸੀ ਹਾਲਤ ‘ਚ ਵਰਤੋ ‘ਚ ਲਿਆਂਦੀ ਜਾਂਦੀ ਨਿਲੀ ਬੱਤੀ ਅਤੇ ਹੂਟਰ ਵੀ ਲੱਗਿਆ ਹੈ ਤਾਂ ਜੋ ਸੜਕ ਤੇ ਰਾਹ ਲੈਣ ਅਤੇ ਓਵਰਟੇਕ ਕਰਨ ‘ਚ ਕੋਈ ਮੁਸ਼ਕਿਲ ਨਾ ਹੋਵੇ।
ਵੱਖ ਵੱਖ ਅਜ਼ਮਾਇਸ਼ਾਂ ਕੀਤੀਆਂ :
ਇਸ ਦੀ ਕਾਰਜ-ਕੁਸ਼ਲਤਾ ਬਾਰੇ ਪੁੱਛਣ ਤੇ ਭਾਰਤੀ ਪੁਲਿਸ ਸੇਵਾ ਦੇ1995 ਬੈਚ ਦੇ ਆਈਪੀਐਸ ਅਧਿਕਾਰੀ ਸੰਜਯ ਅਨੰਦਰਾਵ ਲਾਠਕਰ ਨੇ ਕਿਹਾ ਕਿ ਅਸੀਂ 15 ਦਿਨਾਂ ‘ਚ ਲੋੜ ਅਨੁਸਾਰ ਇਸ ਨੂੰ ਅਜਮਾਉਣ ਦੇ ਨਾਲ ਨਾਲ ਕਈ ਬਦਲਾਅ ਵੀ ਕਿੱਤੇ ਹਨ। ਇਹ ਬਾਈਕ ਐਂਬੂਲੈਂਸ ਆਮ ਗਤੀ ‘ਚ ਚੱਲ ਸਕਦੀ ਹੈ ਅਤੇ ਇਸ ‘ਚ ਬੇਹੋਸ਼ ਹੋਏ ਵਿਅਕਤੀ ਨੂੰ ਵੀ ਸੁਰੱਖਿਅਤ ਤਰੀਕੇ ਨਾਲ ਲਿਜਾਇਆ ਜਾ ਸਕਦਾ ਹੈ। ਹੁਣ ਜੋ ਤਰੀਕਾ ਮਰੀਜ਼ਾਂ ਨੂੰ ਬਾਈਕ ਨਾਲ ਲੈ ਜਾਉਣ ਲਈ ਅਪਣਾਇਆ ਜਾਂਦਾ ਹੈ ਉਹ ਸਿਰਫ਼ ਨਿਯਮਾਂ ਦਾ ਉਲੰਘਣ ਹੀ ਨਹੀਂ ਕਰਦੇ ਸਗੋਂ ਖਤਰਨਾਕ ਵੀ ਹੁੰਦਾ ਹੈ। ਰੋਗੀ ਨੂੰ ਚਲਾਉਣ ਵਾਲੇ ਦੇ ਪਿੱਛੇ ਬਿਠਾਉਣ ਨਾਲ ਉਸ ਨੂੰ ਫੜ੍ਹਨ ਲਈ ਇਕ ਹੋਰ ਵਿਅਕਤੀ ਦੀ ਲੋੜ ਵੀ ਹੁੰਦੀ ਹੈ ਇਸ ਸਥਿਤੀ ‘ਚ ਘਟਨਾ ਹੋਣ ਦੀ ਸੰਭਾਵਨਾ ਬਣੀ ਰਹਿੰਦੀ ਹੈ।
ਬਹੁਤਿਆਂ ਲਈ ਇੱਕ ਵਿਚਾਰ :
ਉਮੀਦ ਕੀਤੀ ਜਾ ਰਹੀ ਹੈ ਕਿ ਸੀ ਅਰ ਪੀ ਐਫ ਅਧਿਕਾਰੀਆਂ ਦਾ ਇਹ ਛੋਟਾ ਜਿਹਾ ਵਿਚਾਰ ਕਈ ਲੋੜਵੰਦਾਂ ਨੂੰ ਮੌਕੇ ਤੇ ਵਧੀਆ ਡਾਕਟਰੀ ਸਹੂਲਤਾਵਾਂ ਮੁਹੱਈਆ ਕਰਾਉਣ ‘ਚ ਅਸਰਦਾਰ ਕੰਮ ਕਰੇਗਾ। ਹੋ ਸਕਦਾ ਹੈ ਕਿ ਇਹਨਾਂ ਤੋਂ ਸਿੱਖਿਆ ਲੈ ਕੇ ਝਾਰਖੰਡ ਅਤੇ ਕਈ ਨਕਸਲ ਪ੍ਰਭਾਵਿਤ ਰਾਜ ਵੀ ਇਸ ਵਿਚਾਰ ਨੂੰ ਅਪਣਾਉਣ। ਇਹ ਵਿਚਾਰ ਭੀੜ ਭਰੇ ਅਤੇ ਕਈ ਭੀੜੇ ਰਾਹ ਵਾਲੇ ਸ਼ਿਹਰਾਂ ਅਤੇ ਨਗਰਾਂ ‘ਚ ਮਰੀਜ਼ਾਂ ਤਕ ਡਾਕਟਰੀ ਸਹੂਲਤਾਵਾਂ ਪਹੁੰਚਾਉਣ ਤਕ ਸਮਰੱਥ ਹੋ ਸਕਦੀ ਹੈ। ਘੱਟ ਸਰੋਤ ਵਾਲੇ ਮੈਡੀਕਲ ਇੰਸਟੀਚਿਊਟ ਵੀ ਇਸ ਤਰ੍ਹਾਂ ਦਾ ਪ੍ਰਯੋਗ ਕਰ ਸਕਦੇ ਹਨ।