ਅਰਵਿੰਦ ਕੁਮਾਰ ਆਈ.ਬੀ. ਅਤੇ ਸਾਮੰਤ ਕੁਮਾਰ ਗੋਇਲ ਰਾ ਚੀਫ ਬਣੇ

216
File Photo
ਅਰਵਿੰਦ ਕੁਮਾਰ (ਖੱਬੇ) ਅਤੇ ਸਾਮੰਤ ਕੁਮਾਰ ਗੋਇਲ

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਾਲੀ ਕੈਬਨਿਟ ਦੀ ਨਿਯੁਕਤੀ ਕਮੇਟੀ (ACC) ਨੇ ਅੱਜ ਦੋ ਅਹਿਮ ਤਾਇਨਾਤੀਆਂ ਨੂੰ ਮਨਜ਼ੂਰੀ ਦਿੱਤੀ। ਅਸਮ ਅਤੇ ਮੇਘਾਲਿਆ ਕੈਡਰ ਦੇ 1984 ਬੈਚ ਦੇ ਭਾਰਤੀ ਪੁਲਿਸ ਸੇਵਾ (ਆਈਪੀਐੱਸ-IPS) ਦੇ ਸੀਨੀਅਰ ਅਧਿਕਾਰੀ ਅਰਵਿੰਦ ਕੁਮਾਰ ਨੂੰ ਆਈ.ਬੀ. ਯਾਨੀ ਖੁਫੀਆ ਬਿਊਰੋ (Intelligence Bureau-IB) ਦਾ ਡਾਇਰੈਕਟਰ ਬਣਾਇਆ ਗਿਆ ਹੈ। ਪੰਜਾਬ ਕੈਡਰ ਦੇ 1984 ਬੈਚ ਦੇ ਹੀ ਭਾਰਤੀ ਪੁਲਿਸ ਸੇਵਾ (ਆਈਪੀਐੱਸ- IPS) ਦੇ ਸੀਨੀਅਰ ਅਧਿਕਾਰੀ ਸਾਮੰਤ ਕੁਮਾਰ ਗੋਇਲ ਨੂੰ ਰਾ (Research & Analysis Wing ( R & AW )) ਦਾ ਪ੍ਰਮੁੱਖ ਨਿਯੁਕਤ ਕੀਤਾ ਗਿਆ ਹੈ। ਗੋਇਲ ਹੁਣੇ ਰਾ ਵਿੱਚ ਵਿਸ਼ੇਸ਼ ਸਕੱਤਰ ਹਨ।

ਸਾਮੰਤ ਕੁਮਾਰ ਗੋਇਲ ( Samant Kumar Goel ) ਨੂੰ ਜੰਮੂ – ਕਸ਼ਮੀਰ ਦੇ ਪੁਲਵਾਮਾ ਵਿੱਚ ਦਹਿਸ਼ਤਗਰਦੀ ਹਮਲੇ ਦੇ ਬਾਅਦ ਪਾਕਿਸਤਾਨ ਦੇ ਬਾਲਾਕੋਟ ਵਿੱਚ ਏਅਰ ਸਟ੍ਰਾਈਕ ਅਤੇ ਉੜੀ ਸੈਕਟਰ ਵਿੱਚ ਸਰਹੱਦ ਪਾਰ ਸਰਜੀਕਲ ਸਟ੍ਰਾਈਕ ਦਾ ਰਣਨੀਤੀਕਾਰ ਮੰਨਿਆ ਜਾਂਦਾ ਹੈ। ਗੋਇਲ ਅਨਿਲ ਕੁਮਾਰ ਧਸਮਾਣਾ (A.K.Dhasmana) ਦੀ ਥਾਂ ਲੈਣਗੇ। ਜੋ 29 ਜੂਨ 2019 ਨੂੰ ਰਿਟਾਇਰ ਹੋ ਰਹੇ ਨੇ। ਭਾਰਤ ਨੇ ਸਤੰਬਰ 2016 ਵਿੱਚ ਉਰੀ ਵਿੱਚ ਹਵਾਈ ਫੌਜ ਦੇ ਅੱਡੇ ‘ਤੇ ਦਹਿਸ਼ਤਗਰਦੀ ਹਮਲੇ ਦੇ ਬਾਅਦ 29 ਸਤੰਬਰ 2016 ਨੂੰ ਪਾਕਿਸਤਾਨੀ ਹੱਦ ਵਿੱਚ ਸਰਜੀਕਲ ਸਟ੍ਰਾਈਕ ਕੀਤੀ ਸੀ ਅਤੇ ਦਹਿਸ਼ਤਗਰਦਾਂ ਦੇ 7 ਲਾਂਚ ਪੈਡ ਤਬਾਹ ਕਰ ਦਿੱਤੇ ਸਨ।

ਪੰਜਾਬ ਵਿੱਚ ਦਹਿਸ਼ਤਗਰਦੀ ਅਤੇ ਪਾਕਿਸਤਾਨ ਨਾਲ ਸਬੰਧਤ ਮਾਮਲਿਆਂ ਦੇ ਮਾਹਿਰ ਮੰਨੇ ਜਾਣ ਵਾਲੇ ਗੋਇਲ ਨੂੰ ਉਨ੍ਹਾਂ ਦੀ ਵਿਸ਼ੇਸ਼ ਸੇਵਾਵਾਂ ਲਈ ਪੁਲਿਸ ਮੈਡਲ ਨਾਲ ਸਨਮਾਨਿਤ ਕੀਤਾ ਜਾ ਚੁੱਕਿਆ ਹੈ। ਮਾਰਚ, 2001 ਵਿੱਚ ਉਨ੍ਹਾਂ ਨੇ ਰਾ ਜੁਆਇਨ ਕੀਤੀ ਸੀ।

ਦੂਜੇ ਪਾਸੇ ਜੰਮੂ-ਕਸ਼ਮੀਰ ਅਤੇ ਨਕਸਲੀ ਮਾਮਲਿਆਂ ਦੇ ਐਕਸਪਰਟ ਮੰਨੇ ਜਾਣ ਵਾਲੇ ਅਰਵਿੰਦ ਕੁਮਾਰ (Arvind Kumar) ਨੂੰ ਆਈਬੀ ਦਾ ਨਿਦੇਸ਼ਕ ਬਣਾਇਆ ਗਿਆ ਹੈ। ਫਿਲਹਾਲ ਉਹ ਆਈਬੀ ਵਿੱਚ ਸਪੈਸ਼ਲ ਡਾਇਰੈਕਟਰ ਦੇ ਅਹੁਦੇ ‘ਤੇ ਤਾਇਨਾਤ ਨੇ। ਕੁਮਾਰ ਦਾ ਕਾਰਜਕਾਲ ਦੋ ਸਾਲ ਦਾ ਹੋਵੇਗਾ ਅਤੇ ਉਹ ਰਾਜੀਵ ਜੈਨ (Rajiv Jain) ਦੀ ਥਾਂ ਲੈਣਗੇ। ਰਾਜੀਵ ਜੈਨ ਦਾ ਕਾਰਜਕਾਲ 30 ਜੂਨ 2019 ਨੂੰ ਪੂਰਾ ਹੋ ਰਿਹਾ ਹੈ ।