ਨੋਇਡਾ ਦੀ ਨਵੀਂ ਪੁਲਿਸ ਬੌਸ ਲਕਸ਼ਮੀ ਸਿੰਘ, ਯੂਪੀ ਵਿੱਚ ਕਮਿਸ਼ਨਰ ਬਣਨ ਵਾਲੀ ਪਹਿਲੀ ਮਹਿਲਾ ਆਈ.ਪੀ.ਐੱਸ

9
ਭਾਰਤੀ ਪੁਲਿਸ ਸੇਵਾ ਅਧਿਕਾਰੀ ਲਕਸ਼ਮੀ ਸਿੰਘ
ਭਾਰਤੀ ਪੁਲਿਸ ਸੇਵਾ ਅਧਿਕਾਰੀ ਲਕਸ਼ਮੀ ਸਿੰਘ

ਭਾਰਤੀ ਪੁਲਿਸ ਸੇਵਾ ਅਧਿਕਾਰੀ ਲਕਸ਼ਮੀ ਸਿੰਘ ਉੱਤਰ ਪ੍ਰਦੇਸ਼ ਦੀ ਪਹਿਲੀ ਮਹਿਲਾ ਪੁਲਿਸ ਅਧਿਕਾਰੀ ਹੈ ਜਿਨ੍ਹਾਂ ਨੂੰ ਪੁਲਿਸ ਕਮਿਸ਼ਨਰ ਵਜੋਂ ਤਾਇਨਾਤ ਕੀਤਾ ਗਿਆ ਹੈ। ਯੂਪੀ ਕੈਡਰ ਦੇ ਆਈਪੀਐੱਸ ਲਕਸ਼ਮੀ ਸਿੰਘ ਹੁਣ ਤੱਕ ਲਖਨਊ ਰੇਂਜ ਦੇ ਪੁਲਿਸ ਇੰਸਪੈਕਟਰ ਜਨਰਲ ਦੇ ਅਹੁਦੇ ‘ਤੇ ਸਨ। ਹੁਣ ਯੂਪੀ ਵਿੱਚ ਪੁਲਿਸ ਅਧਿਕਾਰੀਆਂ ਦੇ ਤਾਜ਼ਾ ਤਬਾਦਲਿਆਂ ਦੀ ਸੂਚੀ ਦੇ ਅਨੁਸਾਰ, ਆਈਪੀਐੱਸ ਲਕਸ਼ਮੀ ਸਿੰਘ ਨੂੰ ਨੋਇਡਾ ਦਾ ਪੁਲਿਸ ਕਮਿਸ਼ਨਰ ਬਣਾਇਆ ਗਿਆ ਹੈ। 48 ਸਾਲਾ ਆਈਪੀਐੱਸ ਲਕਸ਼ਮੀ ਸਿੰਘ 2000 ਬੈਚ ਦੇ ਆਈਪੀਐੱਸ ਹਨ। ਉਨ੍ਹਾਂ ਨੂੰ ਆਲੋਕ ਸਿੰਘ ਦੀ ਜਗ੍ਹਾ ਨੋਇਡਾ ਦਾ ਪੁਲਿਸ ਕਮਿਸ਼ਨਰ ਲਗਾਇਆ ਗਿਆ ਹੈ। ਉਹ ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਰਾਜੇਸ਼ਵਰ ਸਿੰਘ ਦੀ ਪਤਨੀ ਹਨ। ਰਾਜੇਸ਼ਵਰ ਸਿੰਘ ਲਖਨਊ ਦੇ ਸਰੋਜਨੀ ਨਗਰ ਇਲਾਕੇ ਤੋਂ ਵਿਧਾਇਕ ਹਨ। ਉਹ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੇ ਸਾਬਕਾ ਅਧਿਕਾਰੀ ਵੀ ਹਨ।

ਆਈਪੀਐੱਸ ਲਕਸ਼ਮੀ ਸਿੰਘ ਦਾ ਨਾਂਅ ਵੀ ਉਨ੍ਹਾਂ 16 ਆਈਪੀਐੱਸ ਅਧਿਕਾਰੀਆਂ ਵਿੱਚ ਸ਼ਾਮਲ ਹੈ, ਜਿਨ੍ਹਾਂ ਦਾ ਤਬਾਦਲਾ ਯੂਪੀ ਸਰਕਾਰ ਵੱਲੋਂ ਸੋਮਵਾਰ ਦੇਰ ਰਾਤ ਪੁਲਿਸ ਅਧਿਕਾਰੀਆਂ ਦੇ ਤਬਾਦਲੇ ਲਈ ਜਾਰੀ ਹੁਕਮਾਂ ਅਨੁਸਾਰ ਕੀਤਾ ਗਿਆ ਹੈ। ਨਵੇਂ ਤਬਾਦਲੇ ਦੇ ਹੁਕਮਾਂ ਤਹਿਤ ਵਾਰਾਣਸੀ, ਆਗਰਾ ਅਤੇ ਪ੍ਰਯਾਗਰਾਜ ਦੇ ਪੁਲਿਸ ਕਮਿਸ਼ਨਰ ਦੇ ਅਹੁਦਿਆਂ ‘ਤੇ ਤਾਇਨਾਤ ਅਧਿਕਾਰੀਆਂ ਨੂੰ ਵੀ ਬਦਲਿਆ ਗਿਆ ਹੈ। ਨੋਇਡਾ ਵਿੱਚ ਕਮਿਸ਼ਨਰ ਦੇ ਅਹੁਦੇ ਤੋਂ ਹਟਾਏ ਗਏ ਆਲੋਕ ਸਿੰਘ 1995 ਬੈਚ ਦੇ ਆਈਪੀਐੱਸ ਹਨ ਅਤੇ ਰਾਜਧਾਨੀ ਲਖਨਊ ਵਿੱਚ ਪੁਲਿਸ ਹੈੱਡਕੁਆਰਟਰ ਵਿੱਚ ਵਧੀਕ ਡਾਇਰੈਕਟਰ ਜਨਰਲ (ਏਡੀਜੀਪੀ) ਵਜੋਂ ਤਾਇਨਾਤ ਹਨ।

ਭਾਰਤੀ ਪੁਲਿਸ ਸੇਵਾ ਅਧਿਕਾਰੀ ਲਕਸ਼ਮੀ ਸਿੰਘ
ਭਾਰਤੀ ਪੁਲਿਸ ਸੇਵਾ ਅਧਿਕਾਰੀ ਲਕਸ਼ਮੀ ਸਿੰਘ

ਯੂਪੀ ਵਿੱਚ ਪੁਲਿਸ ਕਮਿਸ਼ਨਰੇਟ ਸਾਲ 2020 ਵਿੱਚ ਸ਼ੁਰੂ ਕੀਤੇ ਗਏ ਸਨ। ਉਦੋਂ ਤੋਂ ਹੁਣ ਤੱਕ ਇੱਥੇ 7 ਕਮਿਸ਼ਨਰੇਟ ਬਣਾਏ ਗਏ ਹਨ। ਇਹ ਪਹਿਲੀ ਵਾਰ ਹੈ ਕਿ ਇੱਥੇ ਲਕਸ਼ਮੀ ਸਿੰਘ ਦੇ ਰੂਪ ਵਿੱਚ ਕਿਸੇ ਮਹਿਲਾ ਨੂੰ ਕਮਿਸ਼ਨਰ ਬਣਾਇਆ ਗਿਆ ਹੈ।

ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (UPSC) ਦੀ ਪ੍ਰੀਖਿਆ ਪਾਸ ਕਰਨ ਵਾਲੀਆਂ ਔਰਤਾਂ ਵਿੱਚੋਂ ਲਕਸ਼ਮੀ ਸਿੰਘ ਟਾਪਰ ਸਨ, ਉਨ੍ਹਾਂ ਨੇ ਆਲ ਇੰਡੀਆ ਵਿੱਚ 33ਵਾਂ ਰੈਂਕ ਹਾਸਲ ਕੀਤਾ ਸੀ। ਸਰਦਾਰ ਵੱਲਭਭਾਈ ਨੈਸ਼ਨਲ ਪੁਲਿਸ ਅਕੈਡਮੀ, ਹੈਦਰਾਬਾਦ ਵਿੱਚ ਸਿਖਲਾਈ ਪੂਰੀ ਕਰਨ ਤੋਂ ਬਾਅਦ, ਉਨ੍ਹਾਂ ਨੂੰ ਪਾਸਿੰਗ ਆਊਟ ਪਰੇਡ ਵਿੱਚ ਸਰਵੋਤਮ ਸਿਖਿਆਰਥੀ ਐਲਾਨਿਆ ਗਿਆ। ਸਿਖਲਾਈ ਦੌਰਾਨ ਆਈਪੀਐੱਸ ਲਕਸ਼ਮੀ ਸਿੰਘ ਨੂੰ ਪੀਐਮ ਸਿਲਵਰ ਬੈਸ਼ਨ ਅਤੇ ਗ੍ਰਹਿ ਮੰਤਰੀ ਦੀ ਪਿਸਤੌਲ ਨਾਲ ਸਨਮਾਨਿਤ ਕੀਤਾ ਗਿਆ। ਪਿਛਲੇ ਸਾਲ ਉਨ੍ਹਾਂ ਨੂੰ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਦੀ ਸੇਵਾ ਵਿੱਚ ਉੱਤਮਤਾ ਦਾ ਮੈਡਲ ਦਿੱਤਾ ਗਿਆ ਸੀ।

ਸਾਇੰਸ ਦੀ ਵਿਦਿਆਰਥਣ ਲਕਸ਼ਮੀ ਸਿੰਘ ਨੇ ਮਕੈਨੀਕਲ ਇੰਜੀਨੀਅਰਿੰਗ ਵਿੱਚ ਬੀ.ਟੈਕ ਕੀਤਾ ਹੈ। ਐੱਸਐੱਸਪੀ ਵਜੋਂ ਉਨ੍ਹਾਂ ਦੀ ਪਹਿਲੀ ਤਾਇਨਾਤੀ 2004 ਵਿੱਚ ਹੋਈ ਸੀ। ਲਕਸ਼ਮੀ ਸਿੰਘ 2013 ਵਿੱਚ ਪੁਲਿਸ ਦੇ ਡਿਪਟੀ ਇੰਸਪੈਕਟਰ ਜਨਰਲ (ਡੀਆਈਜੀ) ਬਣੇ ਅਤੇ 2018 ਵਿੱਚ ਉਨ੍ਹਾਂ ਨੂੰ ਆਈਜੀ ਬਣਾਇਆ ਗਿਆ।

ਆਈਪੀਐੱਸ ਲਕਸ਼ਮੀ ਸਿੰਘ ਨੂੰ 2018 ਦੇ ਪਹਿਲੇ ਤਿੰਨ ਮਹੀਨਿਆਂ ਦੌਰਾਨ ਗੌਤਮ ਬੁੱਧ ਨਗਰ ਵਿੱਚ ਸਪੈਸ਼ਲ ਟਾਸਕ ਫੋਰਸ (ਐੱਸਟੀਐੱਫ) ਵਿੱਚ ਤਾਇਨਾਤ ਕੀਤਾ ਗਿਆ ਸੀ। ਇੱਥੇ ਉਹ ਪਹਿਲੀ ਡੀਆਈਜੀ ਸਨ ਅਤੇ ਇਸ ਦੌਰਾਨ ਉਹ ਤਰੱਕੀ ਪ੍ਰਾਪਤ ਕਰਕੇ ਆਈਜੀ ਬਣ ਗਏ ਸਨ।