ਇੰਜੀਨੀਅਰ ਤੋਂ ਆਈਪੀਐੱਸ ਬਣੇ ਕਰਨਲ ਸਿੰਘ ਵਕਾਲਤ ਦੇ ਨਾਲ-ਨਾਲ ਜੋਤਿਸ਼ ਵੀ ਪੜ੍ਹਾਉਂਦੇ ਹਨ

15
ਕਰਨਲ ਸਿੰਘ
ਭਾਰਤੀ ਪੁਲਿਸ ਸੇਵਾ ਦੇ ਸੇਵਾਮੁਕਤ ਅਧਿਕਾਰੀ ਕਰਨਲ ਸਿੰਘ ਨੇ ਦਿੱਲੀ ਸਥਿਤ ਆਪਣੇ ਦਫ਼ਤਰ 'ਸਰਕਲ ਆਫ਼ ਕਾਉਂਸਲ' ਵਿੱਚ ਡਾ.

ਕਰਨਲ ਸਿੰਘ..!! ਨਾਂਅ ਬੇਸ਼ੱਕ ਮਜਬੂਤ ਹੈ ਪਰ ਬਹੁਤ ਅਨੁਸ਼ਾਸਿਤ, ਨਰਮ ਬੋਲਣ ਵਾਲਾ, ਸਲੀਕੇ ਵਾਲਾ ਅਤੇ ਸਪੱਸ਼ਟ। ਅਜਿਹੀ ਨਿਮਰਤਾ ਅਤੇ ਸਾਦਗੀ ਕਿ ਉਨ੍ਹਾਂ ਦੇ ਇਤਿਹਾਸ ਨੂੰ ਜਾਣੇ ਬਿਨਾਂ ਕੋਈ ਭਰੋਸਾ ਨਹੀਂ ਕਰੇਗਾ ਕਿ ਉਹ ਅਜਿਹੇ ਵਿਅਕਤੀ ਨੂੰ ਮਿਲ ਰਿਹਾ ਹੈ ਜਿਨ੍ਹਾਂ ਨੇ ਆਪਣੇ ਤਿੰਨ ਦਹਾਕਿਆਂ ਦੇ ਕਰੀਅਰ ਵਿੱਚ ਅਜਿਹੇ ਪ੍ਰਭਾਵਸ਼ਾਲੀ ਅਹੁਦਿਆਂ ‘ਤੇ ਕੰਮ ਕੀਤਾ ਹੈ, ਜੋ ਕਈਆਂ ਲਈ ਮਾਣ ਪੈਦਾ ਕਰ ਸਕਦਾ ਹੈ। ਮੈਨੂੰ ਨਹੀਂ ਲੱਗਦਾ ਕਿ ਪੂਰੇ ਭਾਰਤ ਵਿੱਚ ਦੋ ਚਾਰ ਤੋਂ ਵੱਧ ਅਜਿਹੇ ਪੁਲਿਸ ਅਧਿਕਾਰੀ ਹੋਣਗੇ ਜਿਨ੍ਹਾਂ ਨੇ ਹਰ ਥਾਂ ਆਪਣੀ ਵਿਸ਼ੇਸ਼ ਛਾਪ ਛੱਡੀ ਹੋਵੇ। ਇੱਕ ਆਈਪੀਐੱਸ ਅਫ਼ਸਰ ਵਜੋਂ ਕਰਨਲ ਸਿੰਘ ਤਿੰਨ ਦਹਾਕਿਆਂ ਦੇ ਆਪਣੇ ਬੇਦਾਗ਼ ਅਤੇ ਬਿਨ੍ਹਾਂ ਦੇ ਕਿਸੇ ਵਿਵਾਦ ਦੇ ਅਤੇ ਸਿਰਫ਼ ਕੰਮ ਦੇ ਬਲਬੂਤੇ ਅੱਗੇ ਵਧਦੇ ਰਹੇ, ਨਾ ਸਿਰਫ਼ ਇੱਕ ਅਫ਼ਸਰ ਵਜੋਂ ਸਗੋਂ ਇੱਕ ਮਹਾਨ ਇਨਸਾਨ ਵੀ ਸਨ।

ਕਰਨਲ ਸਿੰਘ 2018 ਵਿੱਚ ਸਰਕਾਰੀ ਨੌਕਰੀ ਤੋਂ ਸੇਵਾਮੁਕਤ ਹੋ ਚੁੱਕੇ ਹਨ, ਪਰ ਸ਼ਾਇਦ ਹੁਣ ਪਹਿਲਾਂ ਨਾਲੋਂ ਵੱਧ ਅਤੇ ਵੱਖ-ਵੱਖ ਤਰ੍ਹਾਂ ਦੇ ਕੰਮ ਕਰਦੇ ਹਨ। ਭਾਰਤੀ ਪੁਲਿਸ ਸੇਵਾ ਦੇ 1984 ਬੈਚ ਦੇ ਅਧਿਕਾਰੀ ਕਰਨਲ ਸਿੰਘ ਅਸਲ ਵਿੱਚ ਦਿੱਲੀ ਕਾਲਜ ਆਫ਼ ਇੰਜਨੀਅਰਿੰਗ ਤੋਂ ਬੈਚਲਰ ਅਤੇ ਫਿਰ ਕਾਨਪੁਰ ਆਈਆਈਟੀ ਤੋਂ ਐੱਮਟੈਕ ਕਰਨ ਮਗਰੋਂ ਇਸ ਖੇਤਰ ਵਿੱਚ ਅੱਗੇ ਵਧਣਾ ਚਾਹੁੰਦੇ ਸਨ, ਪਰ ਹਲਾਤ ਅਜਿਹੇ ਬਣ ਗਏ ਕਿ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (UPSC) ਦੀ ਪ੍ਰੀਖਿਆ ਵਿੱਚ ਸ਼ਾਮਲ ਹੋਏ ਅਤੇ ਪਹਿਲੀ ਕੋਸ਼ਿਸ਼ ਵਿੱਚ ਇਸ ਨੂੰ ਪਾਸ ਕੀਤਾ ਤੇ ਆਈਪੀਐੱਸ ਬਣ ਗਏ ਅਤੇ ਬਾਅਦ ਵਿੱਚ ਉਨ੍ਹਾਂ ਨੇ ਕਾਨੂੰਨ ਦੀ ਪੜ੍ਹਾਈ ਵੀ ਕੀਤੀ, ਵਪਾਰ ਪ੍ਰਬੰਧਨ ਵਿੱਚ ਵੀ ਹੱਥ ਅਜ਼ਮਾਇਆ ਭਾਵ ਐੱਮਬੀਏ ਇਸ ਤੋਂ ਇਲਾਵਾ ਉਨ੍ਹਾਂ ਨੇ ਜੋਤਿਸ਼ ਵਰਗੇ ਵਿਸ਼ੇ ਦਾ ਅਧਿਐਨ ਵੀ ਕੀਤਾ, ਇਸ ਵਿੱਚ ਖੋਜ ਕੀਤੀ ਅਤੇ ਹੁਣ ਜੋਤਿਸ਼ ਵੀ ਪੜ੍ਹਾਉਂਦੇ ਹਨ।

ਕਰਨਲ ਸਿੰਘ
ਭਾਰਤੀ ਪੁਲਿਸ ਸੇਵਾ ਦੇ ਸੇਵਾਮੁਕਤ ਅਧਿਕਾਰੀ ਕਰਨਲ ਸਿੰਘ ਨੇ ਦਿੱਲੀ ਸਥਿਤ ਆਪਣੇ ਦਫ਼ਤਰ ‘ਸਰਕਲ ਆਫ਼ ਕਾਉਂਸਲ’ ਵਿੱਚ ਡਾ.

ਕੀ ਇੱਕ ਇੰਜੀਨੀਅਰ ਭਾਵ ਵਿਗਿਆਨ ਦੇ ਵਿਦਿਆਰਥੀ ਅਤੇ ਕਾਨੂੰਨ ਦੇ ਮਾਹਿਰ ਲਈ ਜੋਤਿਸ਼ ਵਰਗੇ ਵਿਸ਼ੇ ਨੂੰ ਪੜ੍ਹਨਾ ਅਤੇ ਪੜ੍ਹਾਉਣਾ ਸ਼ਖ਼ਸੀਅਤ ਦੇ ਉਲਟ ਨਹੀਂ ਹੈ? ਕਰਨਲ ਸਿੰਘ ਨੇ ਇਸ ਸਵਾਲ ਦਾ ਜਵਾਬ ਇੱਕ ਸ਼ਾਨਦਾਰ ਹਾਸੇ ਨਾਲ ਦਿੱਤਾ ਅਤੇ ਸਮਝਾਇਆ- ਅਸਲ ਵਿੱਚ ਜੋਤਿਸ਼ ਵੀ ਇੱਕ ਵਿਗਿਆਨ ਹੈ ਪਰ ਇਹ ਸੰਭਾਵਨਾਵਾਂ ਦਾ ਵਿਗਿਆਨ ਹੈ। ਜੋਤਿਸ਼ ਦੇ ਰਾਹੀਂ ਅਸੀਂ ਸਹੀ ਭਵਿੱਖਬਾਣੀ ਨਹੀਂ ਕਰ ਸਕਦੇ ਹਾਂ, ਪਰ ਅਸੀਂ ਇਹ ਜਾਣ ਸਕਦੇ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਕਿਹੋ ਜਿਹੀਆਂ ਸਥਿਤੀਆਂ ਹੋ ਸਕਦੀਆਂ ਹਨ ਅਤੇ ਜੇਕਰ ਅਸੀਂ ਉਨ੍ਹਾਂ ਨੂੰ ਬਦਲਣ ਦੀ ਕੋਸ਼ਿਸ਼ ਕਰਨਾ ਚਾਹੁੰਦੇ ਹਾਂ ਤਾਂ ਕਿਹੜੇ ਢੰਗ-ਤਰੀਕੇ ਅਪਣਾਏ ਜਾ ਸਕਦੇ ਹਨ। ਭਾਵ ਪੈਦਾ ਹੋਣ ਵਾਲੀਆਂ ਸਥਿਤੀਆਂ ਦੇ ਨਕਾਰਾਤਮਕ ਪ੍ਰਭਾਵ ਨੂੰ ਘਟਾਉਣ ਲਈ ਅਜਿਹੇ ਕੰਮ ਕੀਤੇ ਜਾਣੇ ਚਾਹੀਦੇ ਹਨ ਤਾਂ ਜੋ ਉਨ੍ਹਾਂ ਸਥਿਤੀਆਂ ਨੂੰ ਪੈਦਾ ਹੋਣ ਤੋਂ ਰੋਕਿਆ ਜਾ ਸਕੇ ਜਾਂ ਇਸਦੇ ਪ੍ਰਭਾਵ ਨੂੰ ਘਟਾਇਆ ਜਾ ਸਕੇ।

ਕੌਣ ਹਨ ਕਰਨਲ ਸਿੰਘ ਦੇ ਜੋਤਸ਼ ਗੁਰੂ:

ਕਰਨਲ ਸਿੰਘ ਨੇ ਨਾ ਸਿਰਫ਼ ਭਾਰਤ-ਵਿਦੇਸ਼ ਦੇ ਮੰਨੇ-ਪ੍ਰਮੰਨੇ ਜੋਤਸ਼ੀ ਕੇ.ਐੱਨ.ਰਾਓ ਤੋਂ ਜੋਤਿਸ਼ ਸਿੱਖਿਆ, ਸਗੋਂ ਜੋਤਿਸ਼ ‘ਤੇ ਖੋਜ ਕਾਰਜ ਵੀ ਕੀਤਾ। ਅਸਲ ਵਿੱਚ ਕੇਐੱਨ ਰਾਓ ਉਹ ਵਿਅਕਤੀ ਹਨ, ਜਿਸ ਦੇ ਪ੍ਰਭਾਵ ਕਾਰਨ ਯੂਜੀਸੀ (ਯੂਨੀਵਰਸਿਟੀ ਗ੍ਰਾਂਟ ਕਮਿਸ਼ਨ) ਨੇ ਭਾਰਤ ਵਿੱਚ ਯੂਨੀਵਰਸਿਟੀਆਂ ਜਾਂ ਕਾਲਜਾਂ ਵਿੱਚ ਜੋਤਿਸ਼ ਕੋਰਸ ਪੜ੍ਹਾਉਣ ਦੀ ਮਨਜ਼ੂਰੀ ਦਿੱਤੀ। ਜਦੋਂ ਹੈਦਰਾਬਾਦ ਹਾਈ ਕੋਰਟ ਨੇ ਇਸ ‘ਤੇ ਰੋਕ ਲਗਾ ਦਿੱਤੀ ਤਾਂ ਕੇਐੱਨ ਰਾਓ ਨੇ ਇਸ ਨੂੰ ਚੁਣੌਤੀ ਦੇਣ ਲਈ ਸਰਕਾਰ ਵੱਲੋਂ ਸੁਪਰੀਮ ਕੋਰਟ ‘ਚ ਦਲੀਲ ਦਿੱਤੀ। ਉਹ ਅਦਾਲਤ ਨੂੰ ਯਕੀਨ ਦਿਵਾਉਣ ਵਿੱਚ ਸਫਲ ਰਹੇ। ਇਹ ਭਾਰਤ ਵਿੱਚ ਜੋਤਿਸ਼ ਦੇ ਮਾਨਤਾ ਪ੍ਰਾਪਤ ਸੰਸਥਾਗਤ ਅਧਿਐਨ ਦੀ ਦਿਸ਼ਾ ਵਿੱਚ ਇੱਕ ਮੀਲ ਪੱਥਰ ਸਾਬਤ ਹੋਇਆ। ਕਰਨਲ ਸਿੰਘ ਦਾ ਕਹਿਣਾ ਹੈ ਕਿ ਜੋਤਿਸ਼ ਦੇ ਨਾਂਅ ‘ਤੇ ਕੁਝ ਸਵਾਰਥੀ ਲੋਕਾਂ ਨੇ ਭੰਬਲਭੂਸਾ ਫੈਲਾ ਕੇ ਅੰਨ੍ਹੀ ਸ਼ਰਧਾ ਨੂੰ ਉਤਸ਼ਾਹਿਤ ਕੀਤਾ ਹੈ। ਇਸ ਦੇ ਲਈ ਰਾਹੂ-ਕੇਤੂ ਦੀ ਦਸ਼ਾ ਤੇ ਕਾਲ ਸਰਪ ਦੋਸ਼, ਮੰਗਲਿਕ ਦੋਸ਼ ਆਦਿ ਮਨਘੜਤ ਗੱਲਾਂ ਰਚੀਆਂ ਗਈਆਂ ਹਨ, ਜਿਨ੍ਹਾਂ ਦਾ ਅਸਲੀਅਤ ‘ਚ ਕੋਈ ਆਧਾਰ ਨਹੀਂ ਹੈ। ਕਰਨਲ ਸਿੰਘ ਜੋਤਿਸ਼ ਫੈਕਲਟੀ ਵਜੋਂ ਭਾਰਤੀ ਵਿਦਿਆ ਭਵਨ ਜਾਂਦੇ ਹਨ ਜਿੱਥੇ 1200 ਵਿਦਿਆਰਥੀ ਹਨ। ਇਨ੍ਹਾਂ ਵਿੱਚ ਅਫਸਰਾਂ ਤੋਂ ਲੈ ਕੇ ਕਾਰੋਬਾਰੀ, ਪੇਸ਼ੇਵਰ, ਘਰੇਲੂ ਔਰਤ ਅਤੇ ਨੌਜਵਾਨ ਸ਼ਾਮਲ ਹਨ। ਕਰਨਲ ਸਿੰਘ ਦਾ ਕਹਿਣਾ ਹੈ ਕਿ ਕਾਲ ਸਰਪ ਜਾਂ ਮੰਗਲੀਕ ਦੂਤ ਵਰਗਾ ਕੁਝ ਵੀ ਨਹੀਂ ਹੈ ਜਿਸਦਾ ਪਿਛਲੇ ਕੁਝ ਸਾਲਾਂ ਤੋਂ ਪ੍ਰਚਾਰ ਕੀਤਾ ਜਾ ਰਿਹਾ ਹੈ ਕੁਝ ਅਖੌਤੀ ਜੋਤਸ਼ੀ ਲੋਕਾਂ ਵਿੱਚ ਅਜਿਹੇ ਭਰਮ ਫੈਲਾ ਕੇ ਆਪਣੀਆਂ ਦੁਕਾਨਾਂ ਚਲਾ ਰਹੇ ਹਨ। ਕਰਨਲ ਸਿੰਘ ਦਾ ਕਹਿਣਾ ਹੈ ਕਿ ਜੋਤਿਸ਼ ਦੀਆਂ ਕਿਤਾਬਾਂ ਵਿੱਚ ਅਜਿਹਾ ਕੁਝ ਨਹੀਂ ਦੱਸਿਆ ਗਿਆ ਹੈ।

ਕੀ ਉਸਨੇ ਕਦੇ ਪੁਲਿਸ ਦੇ ਕੰਮ ਦੌਰਾਨ ਇਸ ਗਿਆਨ ਦੀ ਵਰਤੋਂ ਕੀਤੀ ਹੈ? ਇਸ ‘ਤੇ ਕਰਨਲ ਸਿੰਘ ਦਾ ਜਵਾਬ ਨਹੀਂ ਸੀ, ਪਰ ਜਿਵੇਂ ਹੀ ਉਨ੍ਹਾਂ ਨੂੰ ਕੁਝ ਯਾਦ ਆਇਆ, ਉਹ ਹੱਸ ਪਏ ਅਤੇ ਇੱਕ ਕਿੱਸਾ ਸੁਣਾਇਆ ਜਦੋਂ ਉਹ ਦਿੱਲੀ ਪੁਲਿਸ ਵਿੱਚ ਸਨ – ਇੱਕ ਬਦਮਾਸ਼ ਅਪਰਾਧੀ ਫੜਿਆ ਗਿਆ ਸੀ। ਗ੍ਰਿਫ਼ਤਾਰੀ ਦੀ ਕਾਰਵਾਈ ਦੌਰਾਨ ਤਲਾਸ਼ੀ ਲੈਣ ‘ਤੇ ਉਸ ਦੀ ਜੇਬ੍ਹ ‘ਚੋਂ ਕੁੰਡਲੀ ਬਰਾਮਦ ਹੋਈ। ਇਸ ਬਾਰੇ ਪੁੱਛੇ ਜਾਣ ‘ਤੇ ਅਪਰਾਧੀ ਨੇ ਕਿਹਾ ਕਿ ਇਸ ਕੁੰਡਲੀ ਵਿੱਚ ਦੱਸੇ ਗਏ ਗ੍ਰਹਿਆਂ ਦੀ ਸਥਿਤੀ ‘ਰਾਜ ਯੋਗ’ ਨੂੰ ਦਰਸਾਉਂਦੀ ਹੈ, ਜਿਸ ਦਾ ਮਤਲਬ ਹੈ ਕਿ ਉਹ ਵੱਡਾ ਨੇਤਾ ਬਣੇਗਾ। ਕੁਝ ਦਿਨਾਂ ਬਾਅਦ ਪਤਾ ਲੱਗਾ ਕਿ ਉਹ ਐਨਕਾਊਂਟਰ ਵਿੱਚ ਮਾਰਿਆ ਗਿਆ ਹੈ।

ਇੰਝ ਬਣੇ IPS:

ਕਰਨਲ ਸਿੰਘ ਜੋਤਿਸ਼ ਵਿੱਚ ਆਪਣੀ ਰੁਚੀ ਦਾ ਕਾਰਨ ਆਪਣੇ ਘਰ ਦੇ ਮਾਹੌਲ ਨੂੰ ਦੱਸਦੇ ਹਨ। ਮਾਤਾ ਧਾਰਮਿਕ ਸੁਭਾਅ ਦੇ ਸਨ। ਉਹ ਪੂਜਾ ਤਾਂ ਕਰਦੇ ਸਨ ਪਰ ਪਿਤਾ ਆਰਿਆ ਸਮਾਜੀ ਸਨ। ਅਜਿਹੀ ਸਥਿਤੀ ਵਿੱਚ ਕਰਨਲ ਸਿੰਘ ਆਪ ਵੀ ਇਸ ਨਾਲ ਸਬੰਧਿਤ ਪੁਸਤਕਾਂ ਵੱਲ ਖਿੱਚੇ ਗਏ। ਉਨ੍ਹਾਂ ਨੇ ਆਚਾਰਿਆ ਰਜਨੀਸ਼ ਨੂੰ ਬਹੁਤ ਪੜ੍ਹਿਆ। ਇਹ ਸਾਲ 1981 ਤੋਂ ਬਾਅਦ ਦੀ ਗੱਲ ਹੈ ਜਦੋਂ ਉਨ੍ਹਾਂ ਨੇ ਕਾਨਪੁਰ ਆਈਆਈਟੀ ਤੋਂ ਐੱਮ ਟੈਕ ਕੀਤਾ ਸੀ ਪਰ ਉਨ੍ਹੀਂ ਦਿਨੀਂ ਅੰਤੜੀਆਂ ਦੀ ਬਿਮਾਰੀ ਨੇ ਉਨ੍ਹਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਉਨ੍ਹਾਂ ਦੀ ਸਰਜਰੀ ਹੋਈ ਅਤੇ ਇੱਕ ਸਾਲ ਤੋਂ ਵੱਧ ਸਮੇਂ ਤੱਕ ਉਨ੍ਹਾਂ ਨੇ ਕਿਤੇ ਵੀ ਆਉਣਾ-ਜਾਣਾ ਬੰਦ ਕਰ ਦਿੱਤਾ। ਜ਼ਿਆਦਾਤਰ ਸਮਾਂ ਘਰ ਵਿੱਚ ਹੀ ਗੁਜ਼ਾਰਦਾ ਸੀ, ਜਿਸ ਕਾਰਨ ਨੌਕਰੀ ਦੇ ਮੌਕੇ ਵੀ ਖੁੰਝ ਗਏ ਸਨ। ਪਰ ਉਨ੍ਹਾਂ ਨੇ ਇਸ ਸਮੇਂ ਨੂੰ ਵੀ ਇੱਕ ਮੌਕੇ ਵਜੋਂ ਵਰਤਿਆ ਅਤੇ ਯੂਪੀਐੱਸਸੀ ਦੀ ਤਿਆਰੀ ਕੀਤੀ। ਕਰਨਲ ਸਿੰਘ 1984 ਵਿੱਚ ਆਈ.ਪੀ.ਐੱਸ. ਬਣੇ। ਉਨ੍ਹਾਂ ਨੇ ਦਿੱਲੀ ਪੁਲਿਸ ਵਿੱਚ ਸਹਾਇਕ ਪੁਲਿਸ ਕਮਿਸ਼ਨਰ (ਏਸੀਪੀ) ਰਹਿੰਦਿਆਂ ਕੰਪਿਊਟਰੀਕਰਨ ਸ਼ੁਰੂ ਕੀਤਾ। ਇਹ ਗੱਲ 1987 ਦੀ ਹੈ। ਇਸ ਤੋਂ ਬਾਅਦ 90 ਦੇ ਦਹਾਕੇ ਦੇ ਅੱਧ ਵਿੱਚ ਉਨ੍ਹਾਂ ਦੀ ਅਗਵਾਈ ਵਿੱਚ ਕੀਤੀ ਪਹਿਲਕਦਮੀ ‘ਤੇ ਦਿੱਲੀ ਪੁਲਿਸ ਵਿੱਚ ਕੰਪਿਊਟਰਾਂ ਦਾ ਕੰਮ ਵੱਡੇ ਪੱਧਰ ‘ਤੇ ਸ਼ੁਰੂ ਹੋਇਆ। ਇੱਥੇ ਪੁਲਿਸ ਨੂੰ ਉਨ੍ਹਾਂ ਦੇ ਇੰਜਨੀਅਰਿੰਗ ਦੇ ਗਿਆਨ ਦਾ ਪੂਰਾ ਫਾਇਦਾ ਮਿਲਿਆ। ਇਸ ਤੋਂ ਬਾਅਦ ਉਨ੍ਹਾਂ ਨੇ ਦਿੱਲੀ ਪੁਲਿਸ ਦੀ ਸਾਈਬਰ ਲੈਬ ਦੀ ਸਥਾਪਨਾ ਵਿੱਚ ਵੀ ਅਹਿਮ ਭੂਮਿਕਾ ਨਿਭਾਈ।

ਕਰਨਲ ਸਿੰਘ
ਕਰਨਲ ਸਿੰਘ ਨੇ ਇੱਕ ਕਿਤਾਬ ਲਿਖੀ – ਬਾਟਲਾ ਹਾਊਸ: ਐਨ ਐਨਕਾਊਂਟਰ ਦੈਟ ਸ਼ੁੱਕ ਦ ਨੇਸ਼ਨ।

ਦਹਿਸ਼ਤਗਰਦੀ ਦਾ ਸਾਹਮਣਾ:

ਉਹ ਉੱਤਰੀ ਪੱਛਮੀ ਦਿੱਲੀ ਦੇ ਇੰਚਾਰਜ ਸਨ, ਜੋ ਉਸ ਸਮੇਂ ਦਿੱਲੀ ਪੁਲਿਸ ਦੇ ਸਭ ਤੋਂ ਵੱਡੇ ਅਤੇ ਸਭ ਤੋਂ ਸੰਵੇਦਨਸ਼ੀਲ ਜ਼ਿਲ੍ਹਿਆਂ ਵਿੱਚੋਂ ਇੱਕ ਸੀ, ਜੋ ਕਿ ਹਰਿਆਣਾ ਨਾਲ ਆਪਣੀ ਸਰਹੱਦ ਸਾਂਝੀ ਕਰਦਾ ਹੈ। ਇਨ੍ਹਾਂ ਵਿੱਚ ਗੈਰ-ਕਾਨੂੰਨੀ ਕਲੋਨੀਆਂ ਦੀ ਉਸਾਰੀ, ਜ਼ਮੀਨੀ ਝਗੜੇ ਅਤੇ ਅਪਰਾਧਿਕ ਗਿਰੋਹਾਂ ਦੀ ਸਰਗਰਮੀ ਤੋਂ ਇਲਾਵਾ ਅਗਵਾ, ਫਿਰੌਤੀ ਅਤੇ ਗੈਂਗਵਾਰ ਵੀ ਵੱਡੀ ਚੁਣੌਤੀ ਸੀ। ਇਸ ਤੋਂ ਬਾਅਦ ਅਪਰਾਧ ਸ਼ਾਖਾ ਅਤੇ ਫਿਰ ਦਹਿਸ਼ਤਗਰਦੀ ਨਾਲ ਨਜਿੱਠਣ ਵਾਲੇ ਸਪੈਸ਼ਲ ਸੈੱਲ ਦਾ ਚਾਰਜ ਵੀ ਉਨ੍ਹਾਂ ਕੋਲ ਆਇਆ। ਦਿੱਲੀ ਵਿੱਚ ਲੜੀਵਾਰ ਬੰਬ ਧਮਾਕਿਆਂ ਵੇਲੇ ਕਰਨਲ ਸਿੰਘ ਸੰਯੁਕਤ ਕਮਿਸ਼ਨਰ ਸਨ। ਉਨ੍ਹਾਂ ਧਮਾਕਿਆਂ ਦੀ ਜਾਂਚ ਦੌਰਾਨ ਹੀ ਪੁਲਿਸ ਇੰਡੀਅਨ ਮੁਜਾਹਿਦੀਨ ਤੱਕ ਪਹੁੰਚ ਗਈ ਅਤੇ ਫਿਰ ਬਾਟਲਾ ਹਾਊਸ ਐਨਕਾਊਂਟਰ ਹੋਇਆ। ਇਸ ਵਿੱਚ ਦਿੱਲੀ ਪੁਲਿਸ ਨੇ ਆਪਣਾ ਸ਼ਾਨਦਾਰ ਇੰਸਪੈਕਟਰ ਮੋਹਨ ਚੰਦ ਸ਼ਰਮਾ ਗਵਾ ਦਿੱਤਾ। ਕਰਨਲ ਸਿੰਘ ਨੇ ਇਸ ‘ਤੇ ਇੱਕ ਕਿਤਾਬ ਵੀ ਲਿਖੀ- ਬਾਟਲਾ ਹਾਊਸ: ਐਨਕਾਊਂਟਰ ਜਿਸ ਨੇ ਦੇਸ਼ ਨੂੰ ਹਿਲਾ ਦਿੱਤਾ। ਇਸ ਮੁਕਾਬਲੇ ‘ਤੇ ਬਾਲੀਵੁੱਡ ਫਿਲਮ ਵੀ ਬਣੀ ਸੀ, ਜਿਸ ‘ਚ ਜਾਨ ਅਬ੍ਰਾਹਮ ਨੇ ਡੀਸੀਪੀ ਸੰਜੀਵ ਯਾਦਵ ਦੀ ਭੂਮਿਕਾ ਨਿਭਾਈ ਸੀ। ਹਾਲਾਂਕਿ, ਇਸ ਮੁਕਾਬਲੇ ਨੂੰ ਲੈ ਕੇ ਕੁਝ ਵਿਵਾਦ ਵੀ ਹੋਏ ਸਨ। ਕੁਝ ਸਿਆਸਤ ਵੀ ਗਰਮਾਈ। ਪਰ ਦਿੱਲੀ ਪੁਲਿਸ ਦੀ ਉਸ ਕਾਰਵਾਈ ਨੇ ਇੰਡੀਅਨ ਮੁਜਾਹਿਦੀਨ ਦੇ ਪੂਰੇ ਨੈੱਟਵਰਕ ਨੂੰ ਇਸ ਤਰ੍ਹਾਂ ਤਬਾਹ ਕਰ ਦਿੱਤਾ ਕਿ ਇਸ ਦਹਿਸ਼ਤਗਰਦ ਸਮੂਹ ਦੀ ਕਮਰ ਟੁੱਟ ਗਈ ਅਤੇ ਇਹ ਗਰੁੱਪ ਮੁੜ ਦਿੱਲੀ ਨੂੰ ਆਪਣਾ ਸ਼ਿਕਾਰ ਨਹੀਂ ਬਣਾ ਸਕਿਆ।

ਇਸ ਤਰ੍ਹਾਂ ਸੋਚ ਨੂੰ ਵੱਡਾ ਬਣਾਓ:

ਆਪਣੇ ਪੁਲਿਸ ਕੈਰੀਅਰ ‘ਤੇ ਆਧਾਰਿਤ ਤਜ਼ਰਬਾ ਸਾਂਝਾ ਕਰਦਿਆਂ ਉਹ ਕਿਸੇ ਵੀ ਅਧਿਕਾਰੀ ਨੂੰ ਸਫ਼ਲਤਾ ਲਈ ਸਬਕ ਦੇਣਾ ਚਾਹੁੰਦੇ ਹੈ। ਯਾਨੀ ਅਧਿਕਾਰੀ ਦਾ ਸਵੈ-ਅਨੁਸ਼ਾਸਿਤ ਹੋਣਾ ਬਹੁਤ ਜ਼ਰੂਰੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੂੰ ਵਿਅਕਤੀਵਾਦੀ ਸੋਚ ਨੂੰ ਵਧਾਉਣ ਦੀ ਬਜਾਏ ਸੰਸਥਾ ਦੀਆਂ ਲੋੜਾਂ ਅਨੁਸਾਰ ਸੰਸਥਾ ਦੇ ਵਿਕਾਸ ਵੱਲ ਧਿਆਨ ਦੇਣਾ ਚਾਹੀਦਾ ਹੈ। ਇੱਕ ਵਾਰ ਸਿਸਟਮ ਬਣ ਜਾਂਦਾ ਹੈ, ਫਿਰ ਉਹ ਕੰਮ ਆਪਣੇ ਆਪ ਹੋਣ ਲੱਗ ਪੈਂਦਾ ਹੈ।

ਮਿਸ਼ਨ ਵਿਜ਼ਨ ਦੀ ਘਾਟ:

ਕਰਨਲ ਸਿੰਘ ਦਾ ਕਹਿਣਾ ਹੈ ਕਿ ‘ਮਿਸ਼ਨ ਐਂਡ ਵਿਜ਼ਨ’ ’ਤੇ ਕੰਮ ਕਰਨ ਲਈ ਸਾਡੇ ਦੇਸ਼ ਵਿੱਚ ਪੁਲਿਸ ਦੀ ਵੱਡੀ ਘਾਟ ਹੈ। ਸਾਰੇ ਸੈਕਟਰਾਂ ਵਿੱਚ ਭਵਿੱਖ ਦੀਆਂ ਯੋਜਨਾਵਾਂ ਬਣਾਈਆਂ ਜਾਂਦੀਆਂ ਹਨ ਪਰ ਪੁਲਿਸ ਸਿਸਟਮ ਵਿੱਚ ਅਜਿਹਾ ਕੁਝ ਨਹੀਂ ਹੁੰਦਾ। ਮਿਸਾਲ ਵਜੋਂ ਉਹ ਕਹਿੰਦੇ ਹਨ ਕਿ ਜੇਕਰ ਕਿਸੇ ਪੁਲਿਸ ਅਧਿਕਾਰੀ ਨੂੰ ਪੁੱਛਿਆ ਜਾਵੇ ਕਿ ਉਹ ਅਗਲੇ 5 ਸਾਲਾਂ ਵਿੱਚ ਵਿਭਾਗ ਦੇ ਕੰਮ ਬਾਰੇ ਕੀ ਸੋਚਦਾ ਹੈ ਜਾਂ ਕੋਈ ਯੋਜਨਾ ਬਣਾਉਣਾ ਚਾਹੁੰਦਾ ਹੈ ਤਾਂ ਉਹ ਅਧਿਕਾਰੀ ਆਪਣੀਆਂ ਕੱਛਾਂ ਝਾਕਣ ਲੱਗ ਪੈਂਦਾ ਹੈ। ਉਹ ਮਹਿਸੂਸ ਕਰਦਾ ਹੈ ਕਿ ਇਹ ਕੰਮ (ਯੋਜਨਾਬੰਦੀ) ਕਿਸੇ ਕਾਰਖਾਨੇ ਜਾਂ ਕਾਰੋਬਾਰ ਦੀ ਥਾਂ ਲਈ ਹੀ ਸੰਭਵ ਹੈ। ਕਰਨਲ ਸਿੰਘ ਦਾ ਕਹਿਣਾ ਹੈ ਕਿ ਭਵਿੱਖ ਲਈ ਵਿਉਂਤਬੰਦੀ ਦਾ ਸੱਭਿਆਚਾਰ ਪੁਲਿਸ ਵਰਗੇ ਵਿਭਾਗ ਵਿੱਚ ਹੋਣਾ ਚਾਹੀਦਾ ਹੈ।

ਸੁੱਤੇ ਪਏ ਇਨਫੋਰਸਮੈਂਟ ਡਾਇਰੈਕਟੋਰੇਟ ‘ਚ ਨਵੇਂ ਸਾਹ ਪਾਏ:

ਰਵਾਇਤੀ ਜਾਂ ਆਧੁਨਿਕ ਪੁਲਿਸਿੰਗ ਦੇ ਨਾਲ ਆਈਪੀਐੱਸ ਕਰਨਲ ਸਿੰਘ ਨੇ ਇੱਕ ਹੋਰ ਚੁਣੌਤੀਪੂਰਨ ਕੰਮ ਸ਼ਾਨਦਾਰ ਢੰਗ ਨਾਲ ਕੀਤਾ। ਇਹ ਕੰਮ ਇਨਫੋਰਸਮੈਂਟ ਡਾਇਰੈਕਟੋਰੇਟ ਨੂੰ ਮੁੜ ਸੁਰਜੀਤ ਕਰਨਾ ਸੀ। ਅੱਜ ਜਿਸ ਈਡੀ ‘ਤੇ ਸਰਕਾਰ ਦੀ ਦੁਰਵਰਤੋਂ ਦਾ ਦੋਸ਼ ਹੈ, ਉਹ ਕੁਝ ਸਾਲ ਪਹਿਲਾਂ ਤੱਕ ਤਰਸਯੋਗ ਹਾਲਤ ‘ਚ ਸੀ। ਭਾਵੇਂ ਕਰਨਲ ਸਿੰਘ ਇਸ ਨਾਲ ਜੁੜੇ ਵਿਵਾਦ ਬਾਰੇ ਚਰਚਾ ਕਰਨ ਤੋਂ ਗੁਰੇਜ਼ ਕਰਦੇ ਹਨ ਪਰ ਉਹ ਇਕ ਸੰਸਥਾ ਵਜੋਂ ਇਸ ਦੇ ਪੁਨਰ-ਸੁਰਜੀਤੀ ਦੀ ਗੱਲ ਕਰਦੇ ਹਨ। ਕਰਨਲ ਸਿੰਘ ਨੇ 2012 ਤੋਂ ਛੇ ਸਾਲ ਈਡੀ ਵਿੱਚ ਕੰਮ ਕੀਤਾ। ਪਹਿਲਾਂ ਤਿੰਨ ਸਾਲ ਸਪੈਸ਼ਲ ਡਾਇਰੈਕਟਰ ਵਜੋਂ ਅਤੇ ਫਿਰ ਉਨੇ ਹੀ ਸਾਲਾਂ ਲਈ ਯਾਨੀ 2018 ਤੱਕ ਇਸ ਦੇ ਚੀਫ਼ ਭਾਵ ਡਾਇਰੈਕਟਰ ਵਜੋਂ। ਕਰਨਲ ਸਿੰਘ ਜਦੋਂ ਇਸ ਸੰਸਥਾ ਵਿੱਚ ਆਏ ਤਾਂ ਚੁਣੌਤੀ ਇਹ ਸੀ ਕਿ ਇਸ ਸੰਸਥਾ ਵਿੱਚ ਮੁਲਾਜ਼ਮ ਨਾਂਹ-ਪੱਖੀ ਹਨ। ਮੁਲਾਜ਼ਮਾਂ ਦੀਆਂ ਮਨਜ਼ੂਰ ਅਸਾਮੀਆਂ 2068 ਸਨ, ਪਰ ਮੁਲਾਜ਼ਮਾਂ ਦੀ ਕੁੱਲ ਗਿਣਤੀ 600 ਸੀ, ਜਿਸ ਦਾ ਮਤਲਬ ਹੈ ਕਿ ਡਾਇਰੈਕਟੋਰੇਟ ਲਗਭਗ 30% ਮੁਲਾਜ਼ਮਾਂ ਨਾਲ ਚੱਲ ਰਿਹਾ ਸੀ। ਕਰਨਲ ਸਿੰਘ ਕਹਿੰਦੇ ਹਨ, ’ਕਾਰਨ ਇਹ ਸੀ ਕਿ ਕਿਸੇ ਹੋਰ ਵਿਭਾਗ ਦਾ ਕੋਈ ਵੀ ਇੱਥੇ ਆਉਣ ਲਈ ਤਿਆਰ ਨਹੀਂ ਸੀ। ਪੁਲਿਸ ਵਿਭਾਗ ਜਾਂ ਹੋਰ ਸਰਕਾਰੀ ਵਿਭਾਗਾਂ ਦੇ ਲੋਕ ਸੀਬੀਆਈ ਜਾਂ ਅਜਿਹੇ ਅਦਾਰਿਆਂ ਵਿੱਚ ਜਾਣ ਦੇ ਇੱਛੁਕ ਸਨ ਕਿਉਂਕਿ ਉੱਥੇ 15 ਤੋਂ 20 ਪ੍ਰਤੀਸ਼ਤ ਰਿਆਇਤ ਮਿਲਦੀ ਸੀ। ਕਰਨਲ ਸਿੰਘ ਦੱਸਦੇ ਹਨ ਕਿ ਮੈਂ ਕੋਸ਼ਿਸ਼ ਕੀਤੀ ਅਤੇ ਸਰਕਾਰ ਨੂੰ ਕਿਹਾ ਕਿ ਉਹੀ ਸਿਸਟਮ ਇੱਥੇ ਵੀ ਲਾਗੂ ਕੀਤਾ ਜਾਵੇ ਤਾਂ ਜੋ ਮੁਲਾਜ਼ਮ ਇੱਥੇ ਡੈਪੂਟੇਸ਼ਨ ‘ਤੇ ਆਉਣ ਲੱਗਣ। 2018 ‘ਚ ਕਰਨਲ ਸਿੰਘ ਦੀ ਸੇਵਾਮੁਕਤੀ ਦੇ ਸਮੇਂ ਈਡੀ ‘ਚ ਮੁਲਾਜ਼ਮਾਂ ਦੀ ਗਿਣਤੀ 1400 ਤੱਕ ਪਹੁੰਚ ਗਈ ਸੀ। ਇੰਨਾ ਹੀ ਨਹੀਂ, ਕਰਨਲ ਸਿੰਘ ਦੇ ਕਾਰਜਕਾਲ ਦੌਰਾਨ ਈਡੀ ਨੇ ਦਿੱਲੀ, ਮੁੰਬਈ, ਕੋਲਕਾਤਾ, ਚੇਨਈ ਅਤੇ ਹੈਦਰਾਬਾਦ ਵਿੱਚ ਸਾਈਬਰ ਲੈਬ ਵੀ ਬਣਾਈਆਂ। ਇਸ ਨਾਲ ਕੰਮ ਬਹੁਤ ਤੇਜ਼ ਹੋ ਗਿਆ।