ਦਿੱਲੀ ਪੁਲਿਸ ਦੇ ਡੌਗ ਦਸਤੇ ਵਿੱਚ ਜੁੜੇ ਪੰਜ ਖੂਬਸੂਰਤ ਗੋਲਡਨ ਰਿਟ੍ਰੀਵਰ ਖੋਜੀ

349
ਗੋਲਡਨ ਰਿਟ੍ਰੀਵਰ

”ਬਰਡ ਡੌਗ” ਦੇ ਤੌਰ ‘ਤੇ ਆਪਣੀ ਪਛਾਣ ਬਣਾ ਚੁੱਕੀ ਸੁਨਹਿਰੀ ਵਾਲਾਂ ਵਾਲੀ ਖੂਬਸੂਰਤ ਗੋਲਡਨ ਰਿਟ੍ਰੀਵਰ (Golden Retriever) ਨਸਲ ਦੇ ਪੰਜ ਖੋਜੀ ਕੁੱਤੇ ਵਰ੍ਹਿਆਂ ਬਾਅਦ ਦਿੱਲੀ ਪੁਲਿਸ ਦੇ ਡੌਗ ਦਸਤੇ ਦੇ ਪਰਿਵਾਰ ਦਾ ਹਿੱਸਾ ਬਣਨ ਵਾਲੇ ਹਨ। ਸੁੰਘਣ ਅਤੇ ਭਾਲ ਕਰਨ ਦੇ ਖਾਸ ਗੁਣਾਂ ਦੇ ਨਾਲ-ਨਾਲ ਚੰਗੇ ਸ਼ਿਕਾਰੀ ਹੋਣ ਕਰਕੇ ਵੀ ਇਨ੍ਹਾਂ ਨੂੰ ਪਸੰਦ ਕੀਤਾ ਜਾਂਦਾ ਹੈ। ਸੀਮਾ ਸੁਰਕਸ਼ਾ ਬਲ (ਬੀਐੱਸਐੱਫ) ਦੇ ਮੱਧ ਪ੍ਰਦੇਸ਼ ਵਿੱਚ ਟ੍ਰੇਨਿੰਗ ਕੈਂਪ ਤੋਂ ਲਿਆਂਦੇ ਗਏ ਇਹ ਪੰਜ, ਦਿੱਲੀ ਦੀ ਆਬੋ-ਹਵਾ ਵਿੱਚ ਢੱਲ ਜਾਣ ਦੇ ਬਾਅਦ ਬਾਰੂਦ ਖੋਜੀ ਮੁਹਿੰਮਾਂ ਲਈ ਬੰਬ ਨਿਪਟਾਰਾ ਦਸਤੇ ਦੇ ਨਾਲ ਡਿਊਟੀ ‘ਤੇ ਲਾਏ ਜਾਣਗੇ।

ਸੁਨਹਿਰੀ, ਹਲਕੇ ਸੁਨਹਿਰੀ ਅਤੇ ਘਣੇ ਵਾਲਾਂ ਦੀ ਸੰਘਣੀ ਪਰਤ ਦੇ ਤਿੰਨ ਹੋਰ ਕਿਸਮਾਂ ਵਿੱਚ ਵੰਡੀ ਇਸ ਨਸਲ ਦੇ ਕਾਂਗੋ, ਕ੍ਰਿਸੀ, ਕੋਸਬੀ, ਕਾਮਤ ਅਤੇ ਜੇਂਦ੍ਰਾ ਨਾਂਅ ਦੇ ਇਹ ਪੰਜ ਖੋਜੀ ਕੁੱਤੇ ਹਲਕੇ ਸੁਨਹਿਰੀ (Light Golden) ਹਨ। ਤਕਰੀਬਨ ਡੇਢ ਸੌ ਸਾਲ ਪੁਰਾਣੇ ਇਤਿਹਾਸ ਵਾਲੀ ਖੋਜੀ ਕੁੱਤਿਆਂ ਦੀ ਇਹ ਸਕੌਟਲੈਂਡ ਦੀ ਨਸਲ ਮੰਨੀ ਜਾਂਦੀ ਹੈ, ਪਰ ਇਹ ਪੰਜੇ ਤੇਲੰਗਾਨਾ ਦੀ ਰਾਜਧਾਨੀ ਹੈਦਰਾਬਾਦ ਵਿੱਚ ਪੈਦਾ ਹੋਏ ਹਨ। ਪੰਜੇ ਕਰੀਬ ਇੱਕ ਤੋਂ ਸਵਾ ਸਾਲ ਦੀ ਉਮਰ ਦੇ ਹਨ।

ਗੋਲਡਨ ਰਿਟ੍ਰੀਵਰ

ਦਿੱਲੀ ਪੁਲਿਸ ਦੇ ਇੱਕ ਅਧਿਕਾਰੀ ਦਾ ਕਹਿਣਾ ਹੈ ਕਿ ਇਨ੍ਹਾਂ ਨੂੰ ਪੰਜਰਾਂ ਸਾਲਾਂ ਬਾਅਦ ਭਾਰਤ ਦੀ ਰਾਜਧਾਨੀ ਦੀ ਪੁਲਿਸ ਦਾ ਹਿੱਸਾ ਬਣਾਇਆ ਗਿਆ ਹੈ। ਇਨ੍ਹਾਂ ਤੋਂ ਪਹਿਲਾਂ ਦਿੱਲੀ ਪੁਲਿਸ ਦੇ ਡੌਗ ਪਰਿਵਾਰ ਵਿੱਚ 60 ਮੈਂਬਰ ਹਨ, ਜਿਨ੍ਹਾਂ ਵਿੱਚ ਜਿਆਦਾਤਰ ਜਰਮਨ ਸ਼ੈਫਰਡ ਅਤੇ ਲੈਬ੍ਰੇਡੋਰ ਹਨ। ਬਦਲਦੇ ਮਾਹੌਲ ਅਤੇ ਉਸੇ ਤਰ੍ਹਾਂ ਨਾਲ ਬਦਲਦੀਆਂ ਜ਼ਰੂਰਤਾਂ, ਕੰਮ ਦੇ ਸਰੂਪ ਅਤੇ ਉਪਲਬਧਤਾ ਦੇ ਹਿਸਾਬ ਨਾਲ ਪੁਲਿਸ ਸਗੰਠਨ ਡੌਗ ਦਸਤੇ ਵਿੱਚ ਇਜਾਫਾ ਅਤੇ ਬਦਲਾਅ ਕਰਦੇ ਰਹਿੰਦੇ ਹਨ। ਪਹਿਲਾਂ ਜਿਆਦਾਤਰ ਡੋਬਰਮੈਨ ਅਤੇ ਜਰਮਨ ਸ਼ੈਫਰਡ ਨਸਲ ਦੇ ਖੋਜੀ ਅਤੇ ਪਹਿਰੇਦਾਰੀ ਦੇ ਕੰਮ ਦੇ ਹਿਸਾਬ ਨਾਲ ਰੱਖੇ ਜਾਂਦੇ ਸਨ, ਜੋ ਗੰਭੀਰ ਅਪਰਾਧਾਂ ਕਰਕੇ ਫਰਾਰ ਹੋਏ ਅਪਰਾਧੀਆਂ ਨੂੰ ਖੋਜਦੇ ਸਨ। ਫਿਰ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਅਤੇ ਅੱਤਵਾਦ ਦੇ ਦੌਰ ਕਰਕੇ ਲੈਬ੍ਰੇਡੋਰ ਦੀ ਵੱਧ ਜ਼ਰੂਰਤ ਮਹਿਸੂਸ ਹੋਣ ਲੱਗੀ ਸੀ, ਜਿਨ੍ਹਾਂ ਵਿੱਚ ਸੁੰਘਣ ਦੀ ਗ਼ਜ਼ਬ ਦੀ ਸਮਰੱਥਾ ਹੁੰਦੀ ਹੈ, ਪਰ ਇਹ ਓਨੇ ਫੁਰਤੀਲੇ ਨਹੀਂ ਹੁੰਦੇ। ਇਨ੍ਹਾਂ ਵਿੱਚ ਭਾਰ ਵੱਧਣ ਦੀ ਰੀਤ ਪਾਈ ਜਾਂਦੀ ਹੈ। ਇਨ੍ਹਾਂ ਦੇ ਮੁਕਾਬਲੇ ਗੋਲਡਨ ਰਿਟ੍ਰੀਵਰ ਨੂੰ ਤਰਜੀਹ ਮਿਲਣ ਲੱਗੀ ਹੈ।

ਗਾਈਡ ਡੌਗ ਦੇ ਤੌਰ ‘ਤੇ ਚੰਗਾ ਕੰਮ ਕਰਨ ਵਾਲਾ ਗੋਲਡਨ ਰਿਟ੍ਰੀਵਰ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਬਹੁਤ ਕੰਮ ਦਾ ਮੰਨਿਆ ਜਾਂਦਾ ਹੈ। ਭਾਰਤ ਵਿੱਚ ਫੌਜ, ਕਈ ਨੀਮ-ਫੌਜੀ ਦਸਤਿਆਂ ਅਤੇ ਕੇਂਦਰੀਯ ਸਸ਼ਸਤ੍ਰ ਪੁਲਿਸ ਬਲ ਵੀ ਇਨ੍ਹਾਂ ਨੂੰ ਅਰਸੇ ਤੋਂ ਆਪਣਾ ਰਹੇ ਹਨ। ਇਨ੍ਹਾਂ ਨੂੰ ਕੇਂਦਰੀਯ ਉਦਯੋਗਿਕ ਸੁਰਕਸ਼ਕਾ ਬਲ (ਸੀਆਈਐੱਸਐੱਫ CISF) ਦੇ ਅਲਾਵਾ ਕੌਮੀ ਸੁਰੱਖਿਆ ਗਾਰਡ (ਐੱਨਐੱਸਜੀ NSG) ਹੀ ਨਹੀਂ ਪ੍ਰਧਾਨ ਮੰਤਰੀ, ਸਾਬਕਾ ਪ੍ਰਧਾਨ ਮੰਤਰੀਆਂ ਅਤੇ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਦੀ ਸੁਰੱਖਿਆ ਲਈ ਜਿੰਮੇਦਾਰ ਸਪੈਸ਼ਲ ਪ੍ਰੋਟੈਕਸ਼ਨ ਗਰੁੱਪ (ਐੱਸਪੀਜੀ SPG) ਦੇ ਦਸਤੇ ਵਿੱਚ ਵੀ ਤਾਇਨਾਤੀ ਪਹਿਲਾਂ ਤੋਂ ਮਿਲੀ ਹੈ।

ਇਨ੍ਹਾਂ ਦਸਤਿਆਂ ਵਿੱਚ ਹੁਣ ਇਨ੍ਹਾਂ ਦੀ ਮੰਗ ਵੀ ਵੱਧ ਰਹੀ ਹੈ। ਸ਼ਾਇਦ ਮੰਗ ਵੱਧਣ ਕਰਕੇ ਹੀ ਹੁਣ ਇਹ ਟ੍ਰੇਨਿੰਗ ਕੇਂਦਰਾਂ ਵਿੱਚ ਘੱਟ ਮਿਲਦੇ ਹਨ। ਵੱਧ ਖਰਾਬ ਮੌਸਮ ਦੀ ਮਾਰ ਇਹ ਨਸਲ ਝੱਲ ਨਹੀਂ ਸਕਦੀ ਸ਼ਾਇਦ ਇਹੀ ਕਾਰਨ ਹੈ ਕਿ ਸੂਬਿਆਂ ਦੀ ਪੁਲਿਸ ਦੇ ਕੋਲ ਇਹ ਘੱਟ ਹੀ ਦਿਖਾਈ ਦਿੰਦੇ ਹਨ।

ਤੈਰਾਕੀ ਦੇ ਜਨਮਜਾਤ ਹੁਨਰ ਅਤੇ ਪੰਛੀਆਂ ਤੱਕ ਨੂੰ ਝਪਟਾ ਮਾਰ ਕੇ ਦਬੋਚ ਲੈਣ ਦੀ ਫੁਰਤੀ ਰੱਖਣ ਵਾਲੇ ਗੋਲਡਨ ਰਿਟ੍ਰੀਵਰ ਦੇ ਬਾਰੇ ਵਿੱਚ ਦਿੱਲੀ ਪੁਲਿਸ ਦੇ ਇੱਕ ਅਧਿਕਾਰੀ ਦਾ ਕਹਿਣਾ ਹੈ ਕਿ ਅਨੁਸ਼ਾਸਨ, ਸ਼ਾਂਤ ਸੁਭਾਅ ਅਤੇ ਕਈ ਗੁਣਾਂ ਕਰਕੇ ਇਸ ਨਸਲ ਦੇ ਨਾਲ ਇੱਕ ਪਰੇਸ਼ਾਨੀ ਵੀ ਹੈ। ਉਹ ਇਹ ਕਿ ਇਨ੍ਹਾਂ ਨੂੰ ਭੁੱਖ ਬਰਦਾਸ਼ਤ ਨਹੀਂ। ਵੱਧ ਦੇਰ ਤੱਕ ਭੁੱਖੇ ਰਹਿਣ ‘ਤੇ ਇਨ੍ਹਾਂ ਦੇ ਕੰਮ ‘ਤੇ ਨਾ ਸਿਰਫ਼ ਅਸਰ ਪੈਂਦਾ ਹੈ, ਬਲਕਿ ਇਹ ਹਮਲਾਵਾਰੀ ਵੀ ਹੋ ਜਾਂਦੇ ਹਨ।

ਇਹੀ ਕਾਰਨ ਹੈ ਕਿ ਇਨ੍ਹਾਂ ਕੋਲੋਂ ਅਜਿਹੀਆਂ ਥਾਵਾਂ ‘ਤੇ ਹੀ ਬਿਹਤਰ ਕੰਮ ਲਿਆ ਜਾ ਸਕਦਾ ਹੈ, ਜਿੱਥੇ ਹਲਾਤ ਇਨ੍ਹਾਂ ਦੇ ਮੁਫੀਦ ਮਿਲਦੇ ਹੋਣ, ਜਿਵੇਂ ਹਵਾਈ ਅੱਡੇ, ਮਾਲਸ ਆਦਿ। ਉਂਝ ਇਨ੍ਹਾਂ ਗੋਲਡਨ ਰਿਟ੍ਰੀਵਰ ਦੇ ਇਲਾਵਾ ਵੀ ਕੁੱਝ ਹੋਰ ਡੌਗ ਦਿੱਲੀ ਪੁਲਿਸ ਨੇ ਲਏ ਹਨ ਅਤੇ ਕੁੱਝ ਲਏ ਜਾਣੇ ਹਨ। ਪਰ ਇਨ੍ਹਾਂ ਪੰਜਾਂ ਦਾ ਕੰਮ ਵੇਖਣ ਦੇ ਬਾਅਦ ਹੀ ਤੈਅ ਕੀਤਾ ਜਾਏਗਾ ਕਿ ਇਹੀ ਨਸਲ ਲਿਆਂਦੀ ਜਾਏ ਜਾਂ ਕੋਈ ਹੋਰ। ਉਂਝ ਤਾਂ ਦਿੱਲੀ ਪੁਲਿਸ ਦੇ ਖੋਜੀ ਕੁੱਤਿਆਂ ਦੇ ਦਸਤੇ ਵਿੱਚ ਕੌਕਰ ਸਪੈਨੀਅਲ (cocker spaniel) ਵੀ ਹੈ।