ਕੋਵਿਡ 19 ਨਾਲ ਜੰਗ ਵਿੱਚ ਸਹਾਇਤਾ ਲਈ ਦਿੱਲੀ ਪੁਲਿਸ ਨੇ ਨਵੇਂ ਯੋਧੇ ਤਿਆਰ ਕੀਤੇ

149
ਕੇਂਦਰੀ ਦਿੱਲੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ (ਡੀਸੀਪੀ) ਸੰਜੇ ਭਾਟੀਆ

ਵਿਸ਼ਵਵਿਆਪੀ ਮਹਾਂਮਾਰੀ ‘ਕੋਵਿਡ 19’ ਖਿਲਾਫ ਜੰਗ ਵਿੱਚ ਦਿੱਲੀ ਪੁਲਿਸ ਹੁਣ ਆਮ ਲੋਕਾਂ ਨੂੰ ਰਸਮੀ ਤੌਰ ‘ਤੇ ਸ਼ਾਮਲ ਕਰ ਰਹੀ ਹੈ ਜਿਸ ਦੇ ਤਹਿਤ ਕੋਵਿਡ 19 ਵਲੰਟੀਅਰ ਯੋਜਨਾ ਸ਼ੁਰੂ ਕੀਤੀ ਗਈ ਹੈ। ਇਸ ਯੋਜਨਾ ਦਾ ਐਲਾਨ ਕੇਂਦਰੀ ਦਿੱਲੀ ਜ਼ਿਲ੍ਹੇ ਦੇ ਰਾਜੇਂਦਰ ਨਗਰ ਥਾਣੇ ਵਿਖੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ (ਡੀਸੀਪੀ) ਸੰਜੇ ਭਾਟੀਆ ਨੇ ਕੀਤਾ ਸੀ। ਆਮ ਲੋਕਾਂ ਵਿੱਚੋਂ ਚੁਣੇ ਗਏ ਇਨ੍ਹਾਂ ਵਲੰਟੀਅਰਾਂ ਦੀ ਫੋਰਸ ਦਾ ਮੁੱਖ ਕੰਮ ਸਮਾਜਿਕ ਦੂਰੀ ਬਣਾਈ ਰੱਖਣ ਵਿੱਚ ਪੁਲਿਸ ਦਾ ਸਹਿਯੋਗ ਕਰਨਾ ਹੋਵੇਗਾ, ਪਰ ਉਨ੍ਹਾਂ ਕੋਲੋਂ ਹੋਰ ਵੀ ਕਈ ਤਰ੍ਹਾਂ ਦੀ ਸਹਾਇਤਾ ਲਈ ਜਾ ਸਕੇਗੀ।

ਦਿੱਲੀ ਪੁਲਿਸ ਦੇ ਡੀਸੀਪੀ ਸੰਜੇ ਭਾਟੀਆ ਨੇ ਦੱਸਿਆ ਕਿ ਕੋਵਿਡ 19 ਵਲੰਟੀਅਰ ਸਕੀਮ ਤਹਿਤ ਜ਼ਿਲ੍ਹੇ ਦੇ ਹਰੇਕ ਥਾਣਾ ਖੇਤਰ ਵਿੱਚੋਂ 10-10 ਨਾਗਰਿਕਾਂ ਨੂੰ ਯੋਜਨਾ ਦਾ ਵਲੰਟੀਅਰ ਬਣਾਇਆ ਗਿਆ ਹੈ, ਜਿਸ ਵਿੱਚ ਔਰਤਾਂ ਅਤੇ ਮਰਦ- ਦੋਵੇਂ ਸ਼ਾਮਲ ਹਨ। ਇਹ ਵਲੰਟੀਅਰ ਜਨਤਕ ਥਾਵਾਂ ‘ਤੇ ਸਮਾਜਿਕ ਦੂਰੀ ਬਣਾਈ ਰੱਖਣ ਵਿੱਚ ਪੁਲਿਸ ਵੱਲੋਂ ਕੀਤੇ ਪ੍ਰਬੰਧਾਂ ਵਿੱਚ ਮਦਦ ਕਰਨਗੇ। ਇਨ੍ਹਾਂ ਵਲੰਟੀਅਰਾਂ ਨੂੰ ਇਸ ਲਈ ਸਿਖਲਾਈ ਦਿੱਤੀ ਗਈ ਹੈ ਅਤੇ ਉਨ੍ਹਾਂ ਨੂੰ ਸਾਵਧਾਨੀ ਲਈ ਮਾਸਕ, ਦਸਤਾਨੇ, ਸੈਨੀਟਾਈਜ਼ਰ ਆਦਿ ਸਾਧਨ ਮੁਹੱਈਆ ਕਰਵਾਏ ਗਏ ਹਨ। ਉਨ੍ਹਾਂ ਨੂੰ ਪਛਾਣ ਲਈ ਵੱਖਰੇ ਚਿੰਨ੍ਹ ਵੀ ਦਿੱਤੇ ਗਏ ਹਨ, ਜੋ ਇਹ ਪਹਿਨੀ ਰੱਖਣਗੇ।

ਸਮਾਜਿਕ ਦੂਰੀ

ਕੋਵਿਡ-19 ਵਲੰਟੀਅਰਜ਼ ਸਕੀਮ ਦੇ ਵਲੰਟੀਅਰ ਉਨ੍ਹਾਂ ਘਰਾਂ ‘ਤੇ ਨਜ਼ਰ ਰੱਖਣਗੇ ਜਿਨ੍ਹਾਂ ਵਿੱਚ ਵਸਨੀਕਾਂ ਨੂੰ ਕੁਆਰੰਟਾਈਨ ਕੀਤਾ ਗਿਆ ਹੈ। ਇਸਦੇ ਨਾਲ ਜੇਕਰ ਅਜਿਹੇ ਪਰਿਵਾਰ ਨੇਮਾਂ ਦੀ ਉਲੰਘਣਾ ਕਰਦੇ ਹਨ, ਤਾਂ ਪੁਲਿਸ ਨੂੰ ਤੁਰੰਤ ਇਸ ਦੀ ਖ਼ਬਰ ਮਿਲ ਜਾਵੇਗੀ ਅਤੇ ਅਜਿਹੇ ਲੋਕਾਂ ਖਿਲਾਫ ਫੌਰੀ ਕਾਨੂੰਨੀ ਕਾਰਵਾਈ ਕੀਤੀ ਜਾ ਸਕੇਗੀ। ਵਲੰਟੀਅਰਾਂ ਨੂੰ ਕਿਹਾ ਗਿਆ ਹੈ ਕਿ ਉਹ ਜ਼ਰੂਰੀ ਖਪਤਕਾਰਾਂ ਦੀਆਂ ਵਸਤਾਂ ਦੀ ਕਾਲਾਬਜਾਰੀ ਅਤੇ ਮੁਨਾਫਾਖੋਰੀ ‘ਤੇ ਨਜ਼ਰ ਰੱਖਣ ਤਾਂ ਜੋ ਲੋਕਾਂ ਨੂੰ ਜ਼ਰੂਰੀ ਚੀਜ਼ਾਂ ਦੀ ਘਾਟ ਨਾ ਹੋਵੇ। ਇਹ ਵਲੰਟੀਅਰ ਘਰ ਘਰ ਜਾ ਕੇ ਅਰੋਗਿਆ ਸੇਤੂ ਮੋਬਾਈਲ ਐਪ ਨੂੰ ਡਾਊਨਲੋਡ ਕਰਨ ਵਿੱਚ ਵੀ ਸਹਾਇਤਾ ਕਰਨਗੇ ਅਤੇ ਲੋਕਾਂ ਨੂੰ ਇਸ ਐਪ ਦੀ ਅਹਿਮੀਅਤ ਨੂੰ ਸਮਝਾਉਣਗੇ।

ਡੀਸੀਪੀ ਸੰਜੇ ਭਾਟੀਆ ਨੇ ਕਿਹਾ, “ਇਹ ਵਲੰਟੀਅਰ ਪੁਲਿਸ ਦੀਆਂ ਅੱਖਾਂ, ਨੱਕ ਅਤੇ ਕੰਨ ਦਾ ਕੰਮ ਕਰਨਗੇ।” ਦਿੱਲੀ ਪੁਲਿਸ ਨੂੰ ਅਸਲ ਵਿੱਚ ਕੋਵਿਡ 19 ਸੰਕਟ ਨਾਲ ਨਜਿੱਠਣ ਲਈ ਉਨ੍ਹਾਂ ਵਲੰਟੀਅਰਾਂ ਵੱਲੋਂ ਮੁਹੱਈਆ ਕਰਵਾਈ ਜਾ ਰਹੀ ਸਾਰੀ ਸਹਾਇਤਾ ਪ੍ਰਾਪਤ ਕਰੇਗੀ। ਇਹ ਲੋਕ ਸਾਰੀ ਸਥਿਤੀ ਨੂੰ ਟ੍ਰੈਕ ਕਰਨ ਦੇ ਨਾਲ-ਨਾਲ ਜ਼ਮੀਨੀ ਸਥਿਤੀ ਅਤੇ ਇਸ ਨਾਲ ਜੁੜੀ ਜਾਣਕਾਰੀ ਇਕੱਤਰ ਕਰਨ ਲਈ ਇੱਕ ਵਿਧੀ ਦੇ ਤੌਰ ‘ਤੇ ਪ੍ਰਭਾਵਸ਼ਾਲੀ ਢੰਗ ਨਾਲ ਕੰਮ ਕਰਨ ਦੇ ਯੋਗ ਹੋਣਗੇ- ਅਜਿਹਾ ਅਧਿਕਾਰੀਆਂ ਦਾ ਮੰਨਣਾ ਹੈ।

ਦਰਅਸਲ ਇਹ ਸਕੀਮ ‘ਕਮਿਊਨਿਟੀ ਪੁਲਿਸਿੰਗ’ ਦੇ ਉਸ ਵਿਚਾਰ ਦਾ ਹਿੱਸਾ ਹੈ, ਜਿਸ ਤਹਿਤ ਮੰਨਿਆ ਜਾਂਦਾ ਹੈ ਕਿ ਪੁਲਿਸ ਨੂੰ ਆਪਣੇ ਕਾਰਜ ਵਿੱਚ ਸਥਾਨਕ ਲੋਕਾਂ ਸ਼ਾਮਲ ਕਰਕੇ ਉਨ੍ਹਾਂ ਦੀ ਮਦਦ ਲੈਣੀ ਚਾਹੀਦੀ ਹੈ ਅਤੇ ਉਨ੍ਹਾਂ ਨਾਲ ਤਾਲਮੇਲ ਰਾਹੀਂ ਉਨ੍ਹਾਂ ਦੀਆਂ ਜ਼ਰੂਰਤਾਂ ਨੂੰ ਜਾਣਨਾ ਅਤੇ ਪੂਰਾ ਕਰਨਾ ਚਾਹੀਦਾ ਹੈ। ਇਹ ਨਾ ਸਿਰਫ ਪੁਲਿਸ ਦੇ ਰੋਜ਼ਾਨਾ ਕੰਮ ਨੂੰ ਸੌਖਾ ਬਣਾਉਂਦਾ ਹੈ ਅਤੇ ਇਹ ਕਾਨੂੰਨ ਵਿਵਸਥਾ ਬਣਾਈ ਰੱਖਣ ਅਤੇ ਖੇਤਰ ਦੀ ਸੁਰੱਖਿਆ ਵਿੱਚ ਸਹਾਇਤਾ ਹੀ ਨਹੀਂ ਮਿਲਦੀ ਬਲਕਿ ਪੁਲਿਸ ਦੇ ਅਕਸ ਨੂੰ ਹੋਰ ਵੀ ਬਿਹਤਰ ਬਣਾਉਂਦਾ ਹੈ। ਇਹ ਲੋਕਾਂ ਅਤੇ ਪੁਲਿਸ ਵਿਚਾਲੇ ਸੇਵਾ-ਭਾਵ ਅਤੇ ਵਿਸ਼ਵਾਸ ਨੂੰ ਵੀ ਵਧਾਉਂਦਾ ਹੈ।