ਵਿੰਗ ਕਮਾਂਡਰ ਅਭਿਨੰਦਨ ਦੀ ਮਿਗ-21 ਦੀ ਪਰਵਾਜ਼ ਸਰਹੱਦੀ ਪਠਾਨਕੋਟ ਏਅਰ ਬੇਸ ‘ਤੇ ਹੋਵੇਗੀ

79
ਵਿੰਗ ਕਮਾਂਡਰ ਅਭਿਨੰਦਨ ਵਰਤਮਾਨ

ਪਾਕਿਸਤਾਨੀ ਲੜਾਕੂ ਜਹਾਜ਼ਾਂ ਦੇ ਨਾਲ ਆਹਮੋ ਸਾਹਮਣੇ ਦੀ ਜੰਗ ਵਿੱਚ ਹੀਰੋ ਬਣਕੇ ਉਭਰੇ ਭਾਰਤੀ ਹਵਾਈ ਫੌਜ ਦੇ ਵਿੰਗ ਕਮਾਂਡਰ ਅਭਿਨੰਦਨ ਵਰਤਮਾਨ ਤਿੰਨ ਸਤੰਬਰ ਨੂੰ ਪਠਾਨਕੋਟ ਏਅਰ ਬੇਸ ‘ਤੇ ਹੋਣ ਵਾਲੇ ਪ੍ਰੋਗਰਾਮ ਦੌਰਾਨ ਮਿਗ 21 ਵਿੱਚ ਉਡਾਰੀ ਭਰਨਗੇ । ਖਬਰ ਇਹ ਵੀ ਹੈ ਕਿ ਭਾਰਤੀ ਹਵਾਈ ਫੌਜ ਦੇ ਮੁਕੀ ਏਅਰ ਚੀਫ ਮਾਰਸ਼ਲ ਬਿਰੇਂਦਰ ਸਿੰਘ ਧਨੋਆ ਵੀ ਉਨ੍ਹਾਂ ਦੇ ਨਾਲ ਉਡਾਰੀ ਭਰਨਗੇ। ਇਹ ਪ੍ਰੋਗਰਾਮ ਏਐੱਚ–64 ਈ ਅਪਾਚੇ ਗਾਰਡੀਅਨ ਅਟੈਕ ਹੈਲੀਕਾਪਟਰ (AH 64E Apache Guardian Attack Helicopter) ਨੂੰ ਭਾਰਤੀ ਹਵਾਈ ਫੌਜ ਵਿੱਚ ਸ਼ਾਮਿਲ ਕੀਤੇ ਜਾਣ ਲਈ ਹੋਣ ਵਾਲਾ ਰਸਮੀ ਪ੍ਰੋਗਰਾਮ ਹੈ।

ਜ਼ਿਕਰਯੋਗ ਹੈ ਕਿ ਕਸ਼ਮੀਰ ਵਿੱਚ ਪੁਲਵਾਮਾ ਹਮਲੇ ਦੀ ਪ੍ਰਕ੍ਰਿਆ ਵਿੱਚ ਭਾਰਤ ਵੱਲੋਂ ਪਾਕਿਸਤਾਨੀ ਕਬਜ਼ੇ ਵਾਲੇ ਬਾਲਾਕੋਟ ਵਿੱਚ ਦਹਿਸ਼ਤਗਰਦਾਂ ਦੇ ਅੱਡੇ ਉੱਤੇ ਕੀਤੇ ਗਏ ਹਮਲੇ ਦੇ ਬਾਅਦ ਪੈਦਾ ਹੋਏ ਤਣਾਅ ਦੇ ਵਿਚਕਾਰ 27 ਫਰਵਰੀ ਨੂੰ ਭਾਰਤ ਅਤੇ ਪਾਕਿਸਤਾਨ ਦੀ ਅਸਮਾਨੀ ਸਰਹਦ ‘ਤੇ ਦੋਵੇਂ ਮੁਲਕਾਂ ਦੇ ਜਹਾਜ਼ ਆਹਮੋ ਸਾਹਮਣੇ ਹੋਏ ਸਨ।

ਭਾਰਤ ਦਾ ਦਾਅਵਾ ਹੈ ਕਿ ਇਸ ਦੌਰਾਨ ਪਾਕਿਸਤਾਨੀ ਜੰਗੀ ਜਹਾਜ਼ ਨੂੰ ਜਵਾਬ ਦਿੰਦੇ ਹੋਏ ਵਿੰਗ ਕਮਾਂਡਰ ਅਭਿਨੰਦਨ ਨੇ ਆਪਣੇ ਮਿਗ-21 ਨਾਲ ਪਾਕਿਸਤਾਨ ਦੇ ਐੱਫ 16 ਨੂੰ ਤਬਾਹ ਕਰ ਦਿੱਤਾ ਸੀ। ਪਰ ਇਸ ਦੌਰਾਨ ਪਾਕਿਸਤਾਨੀ ਜਹਾਜ਼ ਦੇ ਹਮਲੇ ਵਿੱਚ ਉਨ੍ਹਾਂ ਦਾ ਮਿਗ ਵੀ ਨਿਸ਼ਾਨਾ ਬਣਿਆ ਅਤੇ ਵਿੰਗ ਕਮਾਂਡਰ ਅਭਿਨੰਦਨ ਨੇ ਆਪਣੇ ਆਪ ਨੂੰ ਜਹਾਜ਼ ਤੋਂ ਇਜੈਕਟ ਕਰ ਲਿਆ ਸੀ।

ਪੈਰਾਸ਼ੂਟ ਦੇ ਸਹਾਰੇ ਉਹ ਸੁਰੱਖਿਅਤ ਜ਼ਮੀਨ ਉੱਤੇ ਤਾਂ ਉਤਰੇ ਪਰ ਪਾਕਿਸਤਾਨ ਦੀ ਸਰਹੱਦ ਵਿੱਚ। ਪਾਕਿਸਤਾਨ ਦੀ ਫੌਜ ਨੇ ਉਨ੍ਹਾਂ ਨੂੰ ਬੰਦੀ ਬਣਾਇਆ ਪਰ ਇਸ ਦੇ ਬਾਅਦ ਉਨ੍ਹਾਂ ਨੂੰ ਦਬਾਅ ਵਿੱਚ ਆਕੇ ਇਸ ਜਾਂਬਾਜ਼ ਪਾਇਲਟ ਨੂੰ ਰਿਹਾ ਕਰਨਾ ਪਿਆ। ਵਿੰਗ ਕਮਾਂਡਰ ਅਭਿਨੰਦਨ ਨੂੰ ਉਨ੍ਹਾਂ ਦੀ ਜਾਂਬਾਜ਼ੀ ਲਈ ਹਾਲ ਹੀ ਵਿੱਚ ਭਾਰਤੀ ਅਜ਼ਾਦੀ ਦਿਹਾੜੇ (15 ਅਗਸਤ) ਮੌਕੇ ਕੀਰਤੀ ਚੱਕਰ ਦੇਣ ਦਾ ਐਲਾਨ ਕੀਤਾ ਗਿਆ।

ਬੋਇੰਗ ਕੰਪਨੀ ਦਾ ਏ ਐੱਚ–64 ਈ ਅਪਾਚੇ ਗਾਰਡੀਅਨ ਅਟੈਕ ਹੈਲੀਕਾਪਟਰ (AH 64E Apache Guardian Attack Helicopter) ਦੁਨੀਆ ਦੇ ਸਭ ਤੋਂ ਤੇਜ਼ ਅਤੇ ਖਤਰਨਾਕ ਹਮਲਾਵਰ ਹੈਲੀਕਾਪਟਰਾਂ ਦੀ ਲੜੀ ਵਿੱਚ ਆਉਂਦਾ ਹੈ। ਇਸ ਨੂੰ ਪਿਛਲੇ ਮਹੀਨੇ ਯਾਨੀ ਜੁਲਾਈ 2019 ਵਿੱਚ ਭਾਰਤ ਵਿੱਚ ਹਿੰਡਨ ਏਅਰ ਬੇਸ ਉੱਤੇ ਲਿਆਇਆ ਗਿਆ ਸੀ ਪਰ ਇਸ ਨੂੰ ਸੇਵਾ ਵਿੱਚ ਸ਼ਾਮਿਲ ਕਰਨ ਲਈ ਅੰਤਮ ਪੜਾਅ ਪਠਾਨਕੋਟ ਏਅਰ ਬੇਸ ਉੱਤੇ ਹੋਣਾ ਹੈ।