ਬਹੁਤ ਸਾਰੀਆਂ ਸਮਾਜਿਕ ਰੁਕਾਵਟਾਂ ਨੂੰ ਤੋੜਨ ਦੀ ਪ੍ਰੇਰਨਾ ਫੌਜੀ ਪਿਤਾ ਦੀ ਫੌਜੀ ਧੀ ਨਿਗਾਰ ਜੋਹਰ ਪਾਕਿਸਤਾਨੀ ਫੌਜ ਵਿੱਚ ਲੈਫਟੀਨੈਂਟ ਜਨਰਲ ਦਾ ਅਹੁਦਾ ਸੰਭਾਲਣ ਵਾਲੀ ਪਹਿਲੀ ਔਰਤ ਹੈ। ਇੰਨਾ ਹੀ ਨਹੀਂ, ਮੇਜਰ ਜਨਰਲ ਦੇ ਅਹੁਦੇ ਲਈ ਤਰੱਕੀ ਦੇ ਨਾਲ ਨਿਗਾਰ ਜੋਹਰ ਨੂੰ ਪਾਕਿਸਤਾਨ ਦੀ ਫੌਜ ਦਾ ਸਰਜਨ ਜਨਰਲ ਵੀ ਨਿਯੁਕਤ ਕੀਤਾ ਗਿਆ ਹੈ। ਇੱਕ ਡਾਕਟਰ ਦੇ ਤੌਰ ‘ਤੇ ਮਸ਼ਹੂਰ ਪਾਕਿਸਤਾਨ ਦੀ ਇਹ ਧੀ, ਫੌਜੀ ਜੀਵਨ ਵਿੱਚ ਆਪਣੀਆਂ ਬਹੁਤ ਸਾਰੀਆਂ ਪ੍ਰਾਪਤੀਆਂ ਲਈ ਪ੍ਰਸਿੱਧ ਸਰਜਨ ਜਨਰਲ ਬਣਨ ਵਾਲੀ ਪਹਿਲੀ ਮਹਿਲਾ ਅਧਿਕਾਰੀ ਵੀ ਹੈ। ਲੈਫਟੀਨੈਂਟ ਜਨਰਲ ਨਿਗਾਰ ਜੋਹਰ ਇਸ ਪ੍ਰਾਪਤੀ ਸਦਕਾ ਹੁਣ ਇੱਕ ਮਸ਼ਹੂਰ ਹਸਤੀ ਬਣ ਗਏ ਹਨ, ਜਿਨ੍ਹਾਂ ਨੇ ਸਦਾ ਲਈ ਪਾਕਿਸਤਾਨ ਦੇ ਫੌਜੀ ਇਤਿਹਾਸ ਵਿੱਚ ਆਪਣਾ ਸਥਾਨ ਬਣਾ ਲਿਆ ਹੈ। ਇਸ ਅਹੁਦੇ ‘ਤੇ ਪਹੁੰਚਣ ਉਪਰੰਤ ਉਨ੍ਹਾਂ ਦੀਆਂ ਖਬਰਾਂ ਅਤੇ ਫੋਟੋਆਂ ਵਾਇਰਲ ਹੋ ਰਹੀਆਂ ਹਨ। ਉੱਥੇ ਹੀ ਸੋਸ਼ਲ ਮੀਡੀਆ ‘ਤੇ ਉਨ੍ਹਾਂ ਨੂੰ ਵਧਾਈਆਂ ਦੇਣ ਵਾਲਿਆਂ ਦਾ ਹੜ੍ਹ ਆਇਆ ਹੋਇਆ ਹੈ। ਲੋਕ ਇਸ ਨੂੰ ਪਾਕਿਸਤਾਨ ਫੌਜ ਅਤੇ ਪਾਕਿਸਤਾਨ ਦੀਆਂ ਸਾਰੀਆਂ ਔਰਤਾਂ ਲਈ ਸੁਨਹਿਰੀ ਪਲ ਵਜੋਂ ਵੇਖ ਰਹੇ ਹਨ ਅਤੇ ਇਸ ਦਾ ਪ੍ਰਚਾਰ ਕਰ ਰਹੇ ਹਨ।

ਪ੍ਰਾਪਤੀਆਂ, ਸਨਮਾਨ ਅਤੇ ਮਾਣ:
ਨਿਗਾਰ ਜੋਹਰ 1985 ਵਿੱਚ ਆਰਮੀ ਮੈਡੀਕਲ ਕਾਲਜ, ਰਾਵਲਪਿੰਡੀ ਤੋਂ ਗ੍ਰੈਜੂਏਟ ਹੋਣ ਤੋਂ ਬਾਅਦ ਫੌਜ ਦੇ ਮੈਡੀਕਲ ਕੋਰ ਵਿੱਚ ਸ਼ਾਮਲ ਹੋਏ ਸਨ ਅਤੇ ਦੱਖਣੀ ਏਸ਼ੀਆ ਦੇ ਸਭ ਤੋਂ ਵੱਡੇ ਫੌਜੀ ਹਸਪਤਾਲ ਪਾਕਿਸਤਾਨ ਅਮੀਰਾਤ ਮਿਲਟਰੀ ਹਸਪਤਾਲ (ਪੀਈਐੱਮਐੱਚ) ਦੇ ਸਫਲ ਪ੍ਰਬੰਧਨ ਦਾ ਸਿਹਰਾ ਵੀ ਉਨ੍ਹਾਂ ਸਿਰ ਹੀ ਬੱਝਦਾ ਹੈ। ਜਿੱਥੇ ਹਰ ਰੋਜ਼ 7000 ਤੋਂ ਵੱਧ ਮਰੀਜ਼ ਓਪੀਡੀ ਵਿੱਚ ਆਉਂਦੇ ਹਨ। ਮਰਦਾਂ ਦੇ ਪ੍ਰਭਾਵਸ਼ਾਲੀ ਸਮਾਜਿਕ ਪ੍ਰਬੰਧ ਵਿੱਚ ਆਪਣਾ ਵੱਖਰਾ ਰੁਤਬਾ ਅਤੇ ਮੁਕਾਮ ਪ੍ਰਾਪਤ ਕਰਨ ਵਾਲੀ ਨਿਗਾਰ ਜੋਹਰ ਦੀ ਕਾਬਲੀਅਤ ਦਾ ਅੰਦਾਜਾ ਇਸ ਗੱਲ ਤੋਂ ਵੀ ਲਗਾਇਆ ਜਾ ਸਕਦਾ ਹੈ ਕਿ ਕਰਨਲ ਰੈਂਕ ਦੇ ਬਹੁਤ ਸਾਰੇ ਮਰਦ ਅਧਿਕਾਰੀ ਵੀ ਉਸ ਨੂੰ ਹਰ ਸਤਿਕਾਰ ਨਾਲ ਆਪਣਾ ਗੁਰੂ ਕਹਿਣ ਵਿੱਚ ਮਾਣ ਮਹਿਸੂਸ ਕਰਦੇ ਹਨ। ਜੋ ਲੋਕ ਉਨ੍ਹਾਂ ਨੂੰ ਨੇੜਿਓਂ ਜਾਣਦੇ ਹਨ ਉਹ ਦੱਸਦੇ ਹਨ ਕਿ ਆਪਣਾ ਟੀਚਾ ਪ੍ਰਾਪਤ ਕਰਨ ਤੋਂ ਪਹਿਲਾਂ ਹੀ ਡਾਕਟਰ ਨਿਗਾਰ ਜੋਹਰ ਆਪਣੇ ਲਈ ਇੱਕ ਵੱਡੀ ਚੁਣੌਤੀ ਤੈਅ ਕਰ ਲੈਂਦੇ ਹਨ।

ਸੈਨਿਕ ਪਰਿਵਾਰ:
ਖੈਬਰ ਪਖਤੂਨਖਵਾ ਦੇ ਸਵਾਬੀ ਜ਼ਿਲ੍ਹੇ ਦੇ ਪੰਜਪੀਰ ਪਿੰਡ ਦੇ ਪਖਤੂਨ ਪਰਿਵਾਰ ਵਿੱਚ ਜੰਮੀ ਨਿਗਾਰ ਜੋਹਰ ਦੇ ਪਿਤਾ ਕਰਨਲ ਕਾਦੀਰ ਵੀ ਪਾਕਿਸਤਾਨ ਦੀ ਫੌਜ ਵਿੱਚ ਸਨ ਅਤੇ ਗੁਪਤ ਏਜੰਸੀ ਇੰਟਰ ਸਰਵਿਸਿਜ਼ ਇੰਟੈਲੀਜੈਂਸ (ਆਈਐੱਸਆਈ) ਵਿੱਚ ਤਾਇਨਾਤ ਸਨ ਪਰ 1990 ਵਿੱਚ ਇੱਕ ਕਾਰ ਹਾਦਸੇ ਵਿੱਚ ਉਹ ਅਤੇ ਉਸ ਦੀ ਪਤਨੀ, ਦੋਨਾਂ ਦੀ ਹੀ ਮੌਤ ਹੋ ਗਈ। ਨਿਗਾਰ ਜੋਹਰ ਦੇ ਚਾਚਾ ਮੁਹੰਮਦ ਆਮਿਰ ਵੀ ਰਿਟਾਇਰਡ ਮੇਜਰ ਹਨ, ਉਹ ਆਈਐੱਸਆਈ ਵਿੱਚ ਵੀ ਤਾਇਨਾਤ ਸਨ। ਨਿਗਾਰ ਜੋਹਰ ਦਾ ਛੋਟਾ ਭਰਾ ਸ਼ਾਹਿਦ ਵੀ ਪਾਕਿਸਤਾਨ ਏਅਰ ਫੋਰਸ ਵਿੱਚ ਸੇਵਾ ਨਿਭਾ ਰਿਹਾ ਹੈ। ਨਿਗਾਰ ਜੋਹਰ ਦੇ ਪਿਤਾ ਉਸ ਲਈ ਫੌਜ ਵਿੱਚ ਭਰਤੀ ਹੋਣ ਲਈ ਪ੍ਰੇਰਣਾ ਸਨ, ਜਦਕਿ ਭਰਾ ਸ਼ਾਹਿਦ ਵੀ ਉਸ ਦਾ ਇੱਕ ਚੰਗਾ ਦੋਸਤ ਹੈ। ਨਿਗਾਰ ਦਾ ਕਹਿਣਾ ਹੈ ਕਿ ਉਸ ਦੇ ਪਿਤਾ ਤੋਂ ਬਾਅਦ ਉਸ ਨੂੰ ਪਤੀ ਜੌਹਰ ਅਲੀ ਖਾਨ ਤੋਂ ਵੀ ਕਾਫ਼ੀ ਉਤਸ਼ਾਹ ਮਿਲਿਆ।

ਅਧਿਐਨ ਜਾਰੀ ਹੈ:
ਨਿਗਾਰ ਜੋਹਰ ਨੇ 1978 ਵਿੱਚ ਰਾਵਲਪਿੰਡੀ ਦੇ ਪ੍ਰੇਜੇਂਟੇਸ਼ਨ ਕਾਨਵੈਂਟ ਗਰਲਜ਼ ਹਾਈ ਸਕੂਲ ਤੋਂ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ 1981 ਵਿੱਚ ਆਰਮੀ ਮੈਡੀਕਲ ਕਾਲਜ ਵਿੱਚ ਦਾਖਲਾ ਲਿਆ ਅਤੇ ਇੱਥੇ 1985 ਵਿੱਚ ਆਪਣੀ ਐੱਮਬੀਬੀਐੱਸ ਪੂਰੀ ਕੀਤੀ। ਇਹ ਇਸ ਕਾਲਜ ਦਾ ਪੰਜਵਾਂ ਐੱਮਬੀਬੀਐੱਸ ਕੋਰਸ ਸੀ। ਇਸੇ ਦੀ ਆਇਸ਼ਾ ਕੰਪਨੀ ਦੀ ਮਹਿਲਾ ਕੰਪਨੀ ਕਮਾਂਡਰ ਵੀ ਸੀ। ਫੌਜ ਵਿੱਚ ਭਰਤੀ ਹੋਣ ਤੋਂ ਬਾਅਦ ਵੀ, ਉਨ੍ਹਾਂ ਦੀ ਪੜ੍ਹਾਈ ਜਾਰੀ ਰਹੀ। ਨਿਗਾਰ ਜੋਹਰ ਨੇ 2010 ਵਿੱਚ ਪਾਕਿਸਤਾਨ ਦੇ ਡਾਕਟਰਾਂ ਅਤੇ ਸਰਜਨਾਂ ਦੇ ਕਾਲਜ ਦੀ ਮੈਂਬਰੀ ਪ੍ਰੀਖਿਆ ਪਾਸ ਕੀਤੀ ਸੀ ਅਤੇ ਦੋ ਸਾਲ ਬਾਅਦ, 2012 ਵਿੱਚ ਆਰਮਡ ਫੋਰਸਿਜ਼ ਪੋਸਟ ਗ੍ਰੈਜੂਏਟ ਇੰਸਟੀਚਿਊਟ ਤੋਂ ਤਕਨੀਕੀ ਡਾਕਟਰੀ ਪ੍ਰਸ਼ਾਸਨ ਵਿੱਚ ਡਿਪਲੋਮਾ ਕੀਤਾ ਸੀ। ਇੰਨਾ ਹੀ ਨਹੀਂ, ਨਿਗਾਰ ਜੋਹਰ ਨੇ ਸਾਲ 2015 ਵਿੱਚ ਇਸ ਸੰਸਥਾ ਤੋਂ ਜਨ ਸਿਹਤ ਵਿੱਚ ਪੋਸਟ ਗ੍ਰੈਜੂਏਟ ਡਿਗਰੀ ਵੀ ਲਈ ਸੀ।

ਫੌਜ ਵਿਚ ਕੈਰੀਅਰ:
ਪਾਕਿਸਤਾਨੀ ਫੌਜ ਦੇ ਬੁਲਾਰੇ ਮਹਿਕਮੇ ਇੰਟਰ ਸਰਵਿਸਿਜ਼ ਪਬਲਿਕ ਰਿਲੇਸ਼ਨਜ਼ ਵਿਭਾਗ (ਆਈਐੱਸਪੀਆਰ) ਵੱਲੋਂ ਜਾਰੀ ਕੀਤੀ ਗਈ ਜਾਣਕਾਰੀ ਦੇ ਅਨੁਸਾਰ 30 ਜੂਨ 2020 ਨੂੰ ਮੇਜਰ ਜਨਰਲ ਦੇ ਅਹੁਦੇ ਤੋਂ ਤਰੱਕੀ ਦੇ ਕੇ ਨਿਗਾਰ ਜੋਹਰ ਨੂੰ ਲੈਫਟੀਨੈਂਟ ਜਨਰਲ ਅਤੇ ਸਰਜਨ ਜਨਰਲ ਬਣਾਇਆ ਗਿਆ ਸੀ। ਇਸ ਤੋਂ ਪਹਿਲਾਂ 9 ਫਰਵਰੀ, 2017 ਨੂੰ ਉਨ੍ਹਾੰ ਨੂੰ ਬ੍ਰਿਗੇਡੀਅਰ ਤੋਂ ਮੇਜਰ ਜਨਰਲ ਬਣਾਇਆ ਗਿਆ ਸੀ ਜਦੋਂ ਫੌਜ ਦੇ ਮੁਖੀ ਕਮਰ ਅਹਿਮਦ ਬਾਜਵਾ ਦੀ ਪ੍ਰਧਾਨਗੀ ਵਿੱਚ ਫੌਜ ਦੇ ਚੋਣ ਬੋਰਡ ਦੀ ਬੈਠਕ ਵਿੱਚ 37 ਬ੍ਰਿਗੇਡੀਅਰਾਂ ਨੂੰ ਇੱਕੋ ਸਮੇਂ ਤਰੱਕੀ ਦਿੱਤੀ ਗਈ ਸੀ। ਨਿਗਾਰ ਜੋਹਰ ਦੇ ਭਰਾ ਉਸ ਸਮੇਂ ਪਾਕਿਸਤਾਨ ਏਅਰ ਫੋਰਸ ਵਿੱਚ ਏਅਰ ਕਮੋਡੋਰ ਸਨ। ਲੈਫਟੀਨੈਂਟ ਜਨਰਲ ਨਿਗਾਰ ਜੋਹਰ ਨੂੰ ਵੀ ਉਸੇ ਕਾਲਜ ਦਾ ਪ੍ਰਿੰਸੀਪਲ ਬਣਨ ਦਾ ਮਾਣ ਪ੍ਰਾਪਤ ਹੋਇਆ ਹੈ ਜਿੱਥੋਂ ਉਨ੍ਹਾਂ ਨੇ ਆਪਣਾ ਡਾਕਟਰੀ ਕਰੀਅਰ ਸ਼ੁਰੂ ਕੀਤਾ ਸੀ।
