ਵਿੰਗ ਕਮਾਂਡਰ ਦੀਪਿਕਾ ਬਹਾਦੁਰੀ ਪੁਰਸਕਾਰ ਪ੍ਰਾਪਤ ਕਰਨ ਵਾਲੀ ਭਾਰਤੀ ਹਵਾਈ ਫੌਜ ਦੀ ਪਹਿਲੀ ਮਹਿਲਾ ਅਧਿਕਾਰੀ ਬਣੀ

12
ਵਿੰਗ ਕਮਾਂਡਰ ਦੀਪਿਕਾ ਮਿਸ਼ਰਾ
ਵਿੰਗ ਕਮਾਂਡਰ ਦੀਪਿਕਾ ਮਿਸ਼ਰਾ ਨੂੰ ਏਅਰ ਚੀਫ਼ ਵੀਆਰ ਚੌਧਰੀ ਨੇ ਬਹਾਦਰੀ ਲਈ ਵਾਯੂ ਸੈਨਾ ਮੈਡਲ ਨਾਲ ਸਨਮਾਨਿਤ ਕੀਤਾ।

ਭਾਰਤੀ ਹਵਾਈ ਫੌਜ ਦੀ ਵਿੰਗ ਕਮਾਂਡਰ ਦੀਪਿਕਾ ਮਿਸ਼ਰਾ ਨੇ ਹਵਾਈ ਫੌਜ ਵਿੱਚ ਬਹਾਦੁਰੀ ਪੁਰਸਕਾਰ ਪ੍ਰਾਪਤ ਕਰਨ ਵਾਲੀ ਪਹਿਲੀ ਮਹਿਲਾ ਅਧਿਕਾਰੀ ਬਣ ਕੇ ਇਤਿਹਾਸ ਰਚ ਦਿੱਤਾ ਹੈ। ਵਿੰਗ ਕਮਾਂਡਰ ਦੀਪਿਕਾ ਮਿਸ਼ਰਾ ਨੂੰ ਪਿਛਲੇ ਸਾਲ ਭਾਰਤ ਦੇ ਰਾਸ਼ਟਰਪਤੀ ਵੱਲੋਂ ਪੁਰਸਕਾਰ ਦੇਣ ਦਾ ਐਲਾਨ ਕੀਤਾ ਗਿਆ ਸੀ, ਆਈਏਐੱਫ ਚੀਫ ਏਅਰ ਮਾਰਸ਼ਲ ਵੀਆਰ ਚੌਧਰੀ ਵੱਲੋਂ ਬਹਾਦੁਰੀ ਲਈ ਹਵਾਈ ਫੌਜ ਮੈਡਲ ਨਾਲ ਦੀਪਿਕਾ ਮਿਸ਼ਰਾ ਨੂੰ ਸਨਮਾਨਿਤ ਕੀਤਾ ਗਿਆ। ਸ਼ੁੱਕਰਵਾਰ ਸ਼ਾਮ ਨੂੰ ਨਵੀਂ ਦਿੱਲੀ ਦੇ ਸੁਬਰਤੋ ਪਾਰਕ ਵਿੱਚ ਹੋਏ ਸਮਾਗਮ ਦੌਰਾਨ ਕਈ ਹੋਰ ਅਧਿਕਾਰੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ। ਇਨ੍ਹਾਂ ਅਧਿਕਾਰੀਆਂ ਵਿੱਚੋਂ 56 ਹਵਾਈ ਫੌਜ ਅਤੇ ਇੱਕ ਅਧਿਰਾਕੀ ਜ਼ਮੀਨੀ ਫੌਜ ਦਾ ਹੈ।

ਰਾਜਸਥਾਨ ਦੀ ਰਹਿਣ ਵਾਲੀ ਵਿੰਗ ਕਮਾਂਡਰ ਦੀਪਿਕਾ ਮਿਸ਼ਰਾ ਹੈਲੀਕਾਪਟਰ ਪਾਇਲਟ ਹਨ ਅਤੇ ਉਨ੍ਹਾਂ ਨੂੰ ਹਵਾਈ ਫੌਜ ਮੈਡਲ (ਬਹਾਦੁਰੀ ) ਨਾਲ ਸਨਮਾਨਿਤ ਕੀਤਾ ਗਿਆ ਹੈ। ਉਨ੍ਹਾਂ ਦਾ ਕਾਰਨਾਮਾ ਮੱਧ ਪ੍ਰਦੇਸ਼ ਵਿੱਚ ਹੜ੍ਹ ਰਾਹਤ ਕਾਰਜਾਂ ਦੌਰਾਨ ਦੇਖਣ ਨੂੰ ਮਿਲਿਆ। ਵਿੰਗ ਕਮਾਂਡਰ ਦੀਪਿਕਾ ਮਿਸ਼ਰਾ ਨੇ ਮਨ ਅਤੇ ਹਿੰਮਤ ਦਾ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਹੜ੍ਹ ਪ੍ਰਭਾਵਿਤ ਇਲਾਕਿਆਂ ‘ਚ ਫਸੇ ਲੋਕਾਂ ਨੂੰ ਕੱਢਣ ਲਈ ਹੈਲੀਕਾਪਟਰ ਨੂੰ ਬਹੁਤ ਘੱਟ ਉਚਾਈ ‘ਤੇ ਲਗਾਤਾਰ ਉਡਾਇਆ। ਇਹ ਘਟਨਾ ਅਗਸਤ 2021 ਵਿੱਚ ਮੱਧ ਪ੍ਰਦੇਸ਼ ਵਿੱਚ ਆਏ ਹੜ੍ਹਾਂ ਦੇ ਦਿਨਾਂ ਦੀ ਹੈ। ਇਸ ਦੌਰਾਨ ਵਿੰਗ ਕਮਾਂਡਰ ਦੀਪਿਕਾ ਮਿਸ਼ਰਾ ਨੇ ਹਿੰਮਤ ਦਿਖਾਉਂਦੇ ਹੋਏ 47 ਲੋਕਾਂ ਦੀ ਜਾਨ ਬਚਾਈ। ਇਸ ਦੇ ਲਈ ਉਨ੍ਹਾਂ ਨੇ ਕਈ ਉਡਾਨਾਂ ਭਰੀਆਂ। ਬਚਾਏ ਗਏ ਲੋਕਾਂ ਵਿੱਚ ਔਰਤਾਂ ਅਤੇ ਬੱਚੇ ਵੀ ਸ਼ਾਮਲ ਹਨ।

ਹਾਲਾਂਕਿ ਇਸ ਤੋਂ ਪਹਿਲਾਂ ਵੀ ਹਵਾਈ ਫੌਜ (IAF) ‘ਚ ਤਾਇਨਾਤ ਮਹਿਲਾ ਅਧਿਕਾਰੀਆਂ ਨੂੰ ਮੈਡਲ ਦਿੱਤੇ ਜਾ ਚੁੱਕੇ ਹਨ ਪਰ ਇਹ ਪਹਿਲਾ ਮੌਕਾ ਹੈ ਜਦੋਂ ਹਵਾਈ ਫੌਜ ਦੀ ਕਿਸੇ ਮਹਿਲਾ ਅਧਿਕਾਰੀ ਨੂੰ ਬਹਾਦੁਰੀ ਦਾ ਮੈਡਲ ਦਿੱਤਾ ਗਿਆ ਹੈ।