ਚੰਨੀ ਵੱਲੋਂ ਹਟਾਏ ਗਏ ਪੰਜਾਬ ਪੁਲਿਸ ਮੁਖੀ ਦਿਨਕਰ ਗੁਪਤਾ ਐੱਨਆਈਏ ਦੇ ਡਾਇਰੈਕਟਰ ਜਨਰਲ ਨਿਯੁਕਤ

6
ਦਿਨਕਰ ਗੁਪਤਾ
ਦਿਨਕਰ ਗੁਪਤਾ

ਭਾਰਤੀ ਪੁਲਿਸ ਸੇਵਾ ਦੇ ਸੀਨੀਅਰ ਅਧਿਕਾਰੀ ਦਿਨਕਰ ਗੁਪਤਾ ਨੂੰ ਰਾਸ਼ਟਰੀ ਜਾਂਚ ਏਜੰਸੀ ਦਾ ਡਾਇਰੈਕਟਰ ਜਨਰਲ ਬਣਾਇਆ ਗਿਆ ਹੈ। ਦਿਨਕਰ ਗੁਪਤਾ ਪੰਜਾਬ ਕੇਡਰ ਦੇ 1987 ਬੈਚ ਦੇ ਆਈਪੀਐੱਸ ਅਧਿਕਾਰੀ ਹਨ। ਪੰਜਾਬ ਵਿੱਚ ਕਾਂਗਰਸ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਵੇਲੇ ਦਿਨਕਰ ਗੁਪਤਾ ਨੂੰ ਪੰਜਾਬ ਪੁਲਿਸ ਦਾ ਡਾਇਰੈਕਟਰ ਜਨਰਲ ਬਣਾਇਆ ਗਿਆ ਸੀ, ਪਰ ਜਿਉਂ ਹੀ ਉਹ ਕੈਪਟਨ ਅਮਰਿੰਦਰ ਸਿੰਘ ਦੀ ਥਾਂ ਮੁੱਖ ਮੰਤਰੀ ਬਣੇ ਤਾਂ ਚਰਨਜੀਤ ਸਿੰਘ ਚੰਨੀ ਵੱਲੋਂ ਦਿਨਕਰ ਗੁਪਤਾ ਨੂੰ ਹਟਾ ਦਿੱਤਾ ਗਿਆ ਸੀ। ਦਿਨਕਰ ਗੁਪਤਾ ਨੂੰ ਬਦਲ ਕੇ ਪੰਜਾਬ ਪੁਲਿਸ ਹਾਊਸਿੰਗ ਕਾਰਪੋਰੇਸ਼ਨ (ਪੀ.ਪੀ.ਐੱਚ.ਸੀ.) ਨੂੰ ਚੇਅਰਮੈਨ ਬਣਾਇਆ ਗਿਆ। ਹੁਣ ਦਿਨਕਰ ਗੁਪਤਾ 31 ਮਾਰਚ 2024 ਤੱਕ NIA ਦੇ ਮੁਖੀ ਬਣੇ ਰਹਿਣਗੇ।

ਮੰਤਰੀ ਮੰਡਲ ਦੀ ਨਿਯੁਕਤੀ ਕਮੇਟੀ ਨੇ ਆਈਪੀਐੱਸ ਦਿਨਕਰ ਗੁਪਤਾ ਨੂੰ ਐੱਨਆਈਏ ਦਾ ਮੁਖੀ ਬਣਾਉਣ ਦੇ ਕੇਂਦਰੀ ਗ੍ਰਹਿ ਮੰਤਰਾਲੇ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇੱਕ ਹੋਰ ਹੁਕਮ ਵਿੱਚ ਕੇਂਦਰ ਸਰਕਾਰ ਨੇ ਆਈਪੀਐੱਸ ਸਵਾਗਤ ਦਾਸ ਨੂੰ ਵਿਸ਼ੇਸ਼ ਸਕੱਤਰ (ਅੰਦਰੂਨੀ ਸੁਰੱਖਿਆ) ਵਜੋਂ ਵੀ ਨਿਯੁਕਤ ਕੀਤਾ ਹੈ। ਸਵਾਗਤ ਦਾਸ ਛੱਤੀਸਗੜ੍ਹ ਕੇਡਰ ਦਾ 1987 ਬੈਚ ਦੇ ਅਧਿਕਾਰੀ ਹਨ ਅਤੇ ਇਸ ਸਮੇਂ ਭਾਰਤ ਦੀ ਖੁਫੀਆ ਏਜੰਸੀ ਇੰਟੈਲੀਜੈਂਸ ਬਿਊਰੋ (IB) ਵਿੱਚ ਵਿਸ਼ੇਸ਼ ਡਾਇਰੈਕਟਰ ਵਜੋਂ ਤਾਇਨਾਤ ਸੀ। ਸਵਾਗਤ ਦਾਸ 30 ਨਵੰਬਰ 2024 ਤੱਕ ਇਸ ਅਹੁਦੇ ‘ਤੇ ਬਣੇ ਰਹਿਣਗੇ।

ਕੈਪਟਨ ਅਮਰਿੰਦਰ ਸਿੰਘ ਦੇ ਚਹੇਤੇ ਮੰਨੇ ਜਾਂਦੇ ਦਿਨਕਰ ਗੁਪਤਾ ਨੂੰ 20 ਫਰਵਰੀ 2019 ਨੂੰ ਪੰਜਾਬ ਪੁਲਿਸ ਦਾ ਮੁਖੀ ਬਣਾਇਆ ਗਿਆ ਸੀ। ਉਨ੍ਹਾਂ ਦੀ ਤਾਇਨਾਤੀ ਨੂੰ ਲੈ ਕੇ ਕਾਫੀ ਵਿਵਾਦ ਹੋਇਆ ਸੀ ਕਿਉਂਕਿ ਕਈ ਆਈਪੀਐੱਸ ਅਧਿਕਾਰੀਆਂ ਦਾ ਮੰਨਣਾ ਸੀ ਕਿ ਉਨ੍ਹਾਂ ਦੀ ਸੀਨੀਆਰਤਾ ਨੂੰ ਨਜ਼ਰਅੰਦਾਜ਼ ਕਰਦੇ ਹੋਏ ਦਿਨਕਰ ਗੁਪਤਾ ਨੂੰ ਪੰਜਾਬ ਪੁਲਿਸ ਦੀ ਕਮਾਨ ਸੌਂਪੀ ਗਈ ਸੀ। ਕੈਪਟਨ ਅਮਰਿੰਦਰ ਦੀ ਸਰਕਾਰ ਵਿੱਚ ਮੰਤਰੀ ਰਹਿ ਚੁੱਕੀ ਰਜ਼ੀਆ ਸੁਲਤਾਨਾ ਦਾ ਪਤੀ ਮੁਹੰਮਦ ਮੁਸਤਫਾ ਵੀ ਇਨ੍ਹਾਂ ਅਧਿਕਾਰੀਆਂ ਵਿੱਚੋਂ ਇੱਕ ਸੀ। ਇਹ ਮਾਮਲਾ ਸੁਪਰੀਮ ਕੋਰਟ ਤੱਕ ਵੀ ਗਿਆ। ਦਿਨਕਰ ਗੁਪਤਾ ਦੀ ਪਤਨੀ ਵਿਨੀ ਮਹਾਜਨ ਭਾਰਤੀ ਪ੍ਰਸ਼ਾਸਨਿਕ ਸੇਵਾ ਦੀ ਸੀਨੀਅਰ ਅਧਿਕਾਰੀ ਹੈ। ਉਨ੍ਹਾਂ ਨੂੰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ ਪੰਜਾਬ ਦਾ ਮੁੱਖ ਸਕੱਤਰ ਵੀ ਬਣਾਇਆ ਗਿਆ ਸੀ। ਵਿਨੀ ਮਹਾਜਨ ਰਾਜ ਦੀ ਨੌਕਰਸ਼ਾਹੀ ਦੇ ਇਸ ਉੱਚ ਅਹੁਦੇ ‘ਤੇ ਨਿਯੁਕਤ ਹੋਣ ਵਾਲੀ ਪਹਿਲੀ ਮਹਿਲਾ ਅਧਿਕਾਰੀ ਸੀ। ਵਿਨੀ ਮਹਾਜਨ ਕੇਂਦਰ ਸਰਕਾਰ ਵਿੱਚ ਡੈਪੂਟੇਸ਼ਨ ‘ਤੇ ਹੈ। ਉਨ੍ਹਾਂ ਨੂੰ ਪੀਣ ਵਾਲੇ ਪਾਣੀ ਅਤੇ ਸੈਨੀਟੇਸ਼ਨ ਵਿਭਾਗ ਦਾ ਸਕੱਤਰ ਬਣਾਇਆ ਗਿਆ ਹੈ।

20-21 ਸਤੰਬਰ ਵਿੱਚ ਚੰਨੀ ਦੀ ਸਰਕਾਰ ਦੇ ਪੰਜਾਬ ਵਿੱਚ ਸੱਤਾ ਵਿੱਚ ਆਉਣ ਤੋਂ ਬਾਅਦ ਵਿਨੀ ਮਹਾਜਨ ਨੂੰ ਪੰਜਾਬ ਦੇ ਮੁੱਖ ਸਕੱਤਰ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ। ਇਸ ਤੋਂ ਬਾਅਦ ਹੀ ਉਸ ਦੇ ਨਾਰਾਜ਼ ਪਤੀ ਦਿਨਕਰ ਗੁਪਤਾ ਦੇ ਛੁੱਟੀ ‘ਤੇ ਜਾਣ ਦੀ ਖ਼ਬਰ ਆਈ। ਫਿਰ ਪੰਜਾਬ ਪੁਲਿਸ ਆਰਮਡ ਬਟਾਲੀਅਨ ਦੇ ਵਿਸ਼ੇਸ਼ ਡਾਇਰੈਕਟਰ ਜਨਰਲ ਆਈਪੀਐਸ ਅਧਿਕਾਰੀ ਇਕਬਾਲ ਪ੍ਰੀਤ ਸਿੰਘ ਸਹੋਤਾ ਨੂੰ ਦਿਨਕਰ ਗੁਪਤਾ ਦੀ ਥਾਂ ‘ਤੇ ਪੁਲਿਸ ਡਾਇਰੈਕਟਰ ਜਨਰਲ ਦਾ ਵਾਧੂ ਚਾਰਜ ਲੈਣ ਦੇ ਹੁਕਮ ਦਿੱਤੇ ਗਏ ਸਨ।