ਕੈਂਸਰ, ਕੋਵਿਡ ਤੋਂ ਜਿੱਤੀ ਪਰ ਜ਼ਿੰਦਗੀ ਦੀ ਜੰਗ ਹਾਰ ਗਿਆ ਇੱਕ ਚੈਂਪੀਅਨ ਮੁੱਕੇਬਾਜ਼ ਫੌਜੀ

252
ਮੁੱਕੇਬਾਜ਼ ਡਿੰਗਕੋ ਸਿੰਘ
ਬੈਂਕਾਕ ਵਿੱਚ 1998 ਦੀਆਂ ਏਸ਼ੀਆਈ ਖੇਡਾਂ ਦੌਰਾਨ ਬਾਕਸਿੰਗ ਵਿੱਚ ਸੋਨ ਤਗਮਾ ਜਿੱਤਣ ਵਾਲੇ ਮੁੱਕੇਬਾਜ਼ ਡਿੰਗਕੋ ਸਿੰਘ।

ਮੁੱਕੇਬਾਜ਼ੀ ਦੀ ਦੁਨੀਆ ਦਾ ਸਿਤਾਰਾ ਰਹੇ ਸਾਬਕਾ ਫੌਜੀ ਡਿੰਗਕੋ ਸਿੰਘ ਨੇ ਵੀ ਆਖਰਕਾਰ ਇਸ ਸੰਸਾਰ ਨੂੰ ਅਲਵਿਦਾ ਕਹਿ ਦਿੱਤਾ। ਭਾਰਤੀ ਨੇਵੀ ਵਿੱਚ ਮੁੱਕੇਬਾਜ਼ੀ ਕੋਚ ਰਹੇ ਡਿੰਗਕੋ ਸਿੰਘ ਮਾਸਟਰ ਚੀਫ ਪੇਟੀ ਅਫਸਰ ਵਜੋਂ ਸੇਵਾਮੁਕਤ ਹੋਏ ਸਨ। ਏਸ਼ੀਅਨ ਖੇਡਾਂ ਵਿੱਚ ਭਾਰਤ ਲਈ ਸੋਨ ਤਗਮਾ ਜਿੱਤਣ ਵਾਲੇ ਅਰਜੁਨ ਅਵਾਰਡ ਤੋਂ ਲੈ ਕੇ ਪਦਮਸ਼੍ਰੀ ਨਾਲ ਸਨਮਾਨਿਤ ਬਾਕਸਿੰਗ ਸੁਪਰਸਟਾਰ ਡਿੰਗਕੋ ਸਿੰਘ ਕੈਂਸਰ ਨਾਲ ਲੜਦੇ ਹੋਏ ਜ਼ਿੰਦਗੀ ਦੀ ਜੰਗ ਹਾਰ ਗਏ। ਮਣੀਪੁਰ ਦੇ ਵਸਨੀਕ ਡਿੰਗਕੋ ਸਿੰਘ ਨੇ ਅੱਜ (ਵੀਰਵਾਰ) ਸਵੇਰੇ ਆਖ਼ਰੀ ਸਾਹ ਲਏ। ਉਨ੍ਹਾਂ ਦੀ ਉਮਰ 41 ਸਾਲ ਸੀ। ਬੌਕਸਰ ਡਿੰਗਕੋ ਸਿੰਘ ਦਾ ਅੱਜ ਪੂਰਬੀ ਇੰਫਾਲ ਜ਼ਿਲ੍ਹੇ ਦੇ ਉਨ੍ਹਾਂ ਦੇ ਜੱਦੀ ਪਿੰਡ ਸੇਕਤਾ ਵਿੱਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ।

ਮੁੱਕੇਬਾਜ਼ ਡਿੰਗਕੋ ਸਿੰਘ
ਮੁੱਕੇਬਾਜ਼ ਡਿੰਗਕੋ ਸਿੰਘ

ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ, ਭਾਰਤੀ ਜਲ ਸੈਨਾ ਦੇ ਮੁਖੀ ਐਡਮਿਰਲ ਕਰਮਬੀਰ ਸਿੰਘ, ਖੇਡ ਜਗਤ ਅਤੇ ਵੱਖ ਵੱਖ ਖੇਤਰਾਂ ਦੀਆਂ ਉੱਘੀਆਂ ਸ਼ਖਸੀਅਤਾਂ ਨੇ ਮੁੱਕੇਬਾਜ਼ ਡਿੰਗਕੋ ਸਿੰਘ ਦੀ ਮੌਤ ‘ਤੇ ਦੁੱਖ ਪ੍ਰਗਟ ਕੀਤਾ ਹੈ। ਉਹ ਪਿਛਲੇ ਕੁੱਝ ਸਾਲਾਂ ਤੋਂ ਕੈਂਸਰ ਨਾਲ ਜੂਝ ਰਹੇ ਸਨ। ਭਾਰਤ ਸਰਕਾਰ ਨੇ ਬੌਕਸਰ ਡਿੰਗਕੋ ਸਿੰਘ ਨੂੰ 2013 ਵਿੱਚ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਸੀ। ਮਣੀਪੁਰ ਸਰਕਾਰ ਨੇ ਰਾਜਧਾਨੀ ਇੰਫਾਲ ਦੀ ਇੱਕ ਵੱਡੀ ਸੜਕ ਦਾ ਨਾਮ ਡਿੰਗਕੋ ਸਿੰਘ ਦੇ ਨਾਮ ‘ਤੇ ਰੱਖਿਆ ਸੀ।

ਮੁੱਕੇਬਾਜ਼ ਡਿੰਗਕੋ ਸਿੰਘ
ਡਿੰਗਕੋ ਸਿੰਘ

ਡਿੰਗਕੋ ਸਿੰਘ ਦੀ ਮੌਤ ‘ਤੇ ਅਫਸੋਸ ਜ਼ਾਹਰ ਕਰਦਿਆਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਆਪਣੇ ਟਵੀਟ ਸੰਦੇਸ਼ ਵਿੱਚ ਕਿਹਾ ਹੈ ਕਿ ਉਹ ਖੇਡ ਜਗਤ ਦੇ ਅਜਿਹੇ ਸੁਪਰਸਟਾਰ ਅਤੇ ਸਰਬੋਤਮ ਮੁੱਕੇਬਾਜ਼ ਸਨ ਜਿਨ੍ਹਾਂ ਨੇ ਨਾ ਸਿਰਫ ਨਾਮ ਕਮਾਇਆ ਬਲਕਿ ਬੌਕਸਿੰਗ ਦੀ ਪ੍ਰਸਿੱਧੀ ਵਿੱਚ ਵੀ ਯੋਗਦਾਨ ਪਾਇਆ। ਮੁੱਕੇਬਾਜ਼ ਡਿੰਗਕੋ ਸਿੰਘ ਦੀ ਮੌਤ ‘ਤੇ ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕਰਦਿਆਂ ਕਿਹਾ ਕਿ “ਉਨ੍ਹਾਂ ਦੇ ਦਿਹਾਂਤ ‘ਤੇ ਦੁਖ ਹੋਇਆ। ਪਰਿਵਾਰ ਅਤੇ ਉਨ੍ਹਾਂ ਦੇ ਚਾਹੁਣ ਵਾਲਿਆਂ ਪ੍ਰਤੀ ਹਮਦਰਦੀ, ਓਮ ਸ਼ਾਂਤੀ”।

ਸਨਮਾਨ ਅਤੇ ਅਵਾਰਡ:

ਮੁੱਕੇਬਾਜ਼ ਡਿੰਗਕੋ ਸਿੰਘ
ਡਿੰਗਕੋ ਤਤਕਾਲੀ ਰਾਸ਼ਟਰਪਤੀ ਪ੍ਰਣਬ ਮੁਖਰਜੀ ਤੋਂ ਪਦਮ ਸ਼੍ਰੀ ਪ੍ਰਾਪਤ ਕਰਦੇ ਹੋਏ. (ਫਾਈਲ)

ਮੁੱਕੇਬਾਜ਼ ਡਿੰਗਕੋ ਸਿੰਘ ਨੇ ਬੈਂਕਾਕ ਵਿੱਚ 1998 ਦੀਆਂ ਏਸ਼ੀਆਈ ਖੇਡਾਂ ਦੌਰਾਨ ਬੌਕਸਿੰਗ ਵਿੱਚ ਸੋਨ ਤਗਮਾ ਜਿੱਤਿਆ। ਸਰਕਾਰ ਨੇ 1998 ਵਿੱਚ ਡਿੰਗਕੋ ਸਿੰਘ ਨੂੰ ਅਰਜੁਨ ਪੁਰਸਕਾਰ ਦਿੱਤਾ ਸੀ। 2013 ਵਿੱਚ ਡਿੰਗਕੋ ਸਿੰਘ ਨੂੰ ਪਦਮਸ਼੍ਰੀ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ।

ਬਿਮਾਰੀਆਂ ਖਿਲਾਫ ਜੰਗ:

ਡਿੰਗਕੋ ਸਿੰਘ ਲੰਬੇ ਸਮੇਂ ਤੋਂ ਬਿਮਾਰ ਸਨ। ਪਹਿਲਾਂ ਉਨ੍ਹਾਂ ਨੂੰ ਜਿਗਰ ਦਾ ਕੈਂਸਰ ਸੀ, ਜਿਸਦਾ ਇਲਾਜ 2017 ਤੋਂ ਚੱਲ ਰਿਹਾ ਸੀ। ਮੁੱਕੇਬਾਜ਼ ਡਿੰਗਕੋ ਸਿੰਘ ਨੂੰ ਪਿਛਲੇ ਸਾਲ ਵਿਸ਼ਵ-ਵਿਆਪੀ ਮਹਾਂਮਾਰੀ ਕੋਵਿਡ-19 ਦੀ ਵੀ ਲਾਗ ਲੱਗੀ ਸੀ, ਜੋ ਉਨ੍ਹਾਂ ਦੀ ਸਿਹਤ ਲਈ ਇਕ ਨਵੀਂ ਚੁਣੌਤੀ ਲੈ ਕੇ ਆਈ ਸੀ। ਮੁੱਕੇਬਾਜ਼ ਡਿੰਗਕੋ ਸਿੰਘ ਇਸ ਖ਼ਤਰਨਾਕ ਕੋਰੋਨਾ ਵਾਇਰਸ ਨੂੰ ਹਰਾ ਕੇ ਇੱਕ ਯੋਧਾ ਵਾਂਗ ਬਿਮਾਰੀ ਤੋਂ ਬਾਹਰ ਆ ਗਏ ਸਨ।

ਡਿੰਗਕੋ ਸਿੰਘ ਇਸ ਸਾਲ ਜਨਵਰੀ ਵਿਚ ਦਿੱਲੀ ਦੇ ਇੰਸਟੀਚਿਊਟ ਆਫ਼ ਲਿਵਰ ਐਂਡ ਬਿਲੀਅਰੀ ਸਾਇੰਸਜ਼ (ਆਈ.ਐੱਲ.ਬੀ.ਐੱਸ.) ਵਿੱਚ ਰੇਡੀਓਥੈਰੇਪੀ ਕਰਾਉਣ ਤੋਂ ਬਾਅਦ ਇੰਫਾਲ ਵਾਪਸ ਪਰਤੇ। ਅਪ੍ਰੈਲ ਵਿੱਚ ਜਦੋਂ ਉਨ੍ਹਾਂ ਦੀ ਸਿਹਤ ਖ਼ਰਾਬ ਹੋ ਗਈ, ਤਾਂ ਉਨ੍ਹਾਂ ਨੂੰ ਹਸਪਤਾਲ ਲੈ ਜਾਇਆ ਗਿਆ ਜਿੱਥੋਂ ਉਨ੍ਹਾਂ ਨੂੰ ਛੁੱਟੀ ਵੀ ਦੇ ਦਿੱਤੀ ਗਈ। ਇਸ ਦੇ ਨਾਲ ਹੀ ਉਨ੍ਹਾਂ ਨੂੰ ਪੀਲੀਆ ਵੀ ਹੋ ਗਿਆ ਸੀ।