ਦੋ ਫੌਜੀ ਵਿਰੋਧੀਆਂ ਵਿੱਚ ਇੰਨੀਆਂ ਸਮਾਨਤਾਵਾਂ ਹੋਣਾ ਇੱਕ ਅਜੀਬ ਇੱਤੇਫ਼ਾਕ ਹੈ। ਦੋਵੇਂ ਪੰਜਾਬੀ ਮੂਲ ਦੇ ਪਰ ਵੱਖੋ-ਵੱਖਰੇ ਧਰਮ। ਜ਼ਿੰਦਗੀ ਦੇ ਸ਼ੁਰੂਆਤੀ ਦਿਨਾਂ ਵਿੱਚ ਦੋਵਾਂ ਨੇ ਸੰਘਰਸ਼ ਕੀਤਾ। ਦੋਵੇਂ ਫੌਜ ਵਿੱਚ ਭਰਤੀ ਹੋਏ ਪਰ ਵੱਖ-ਵੱਖ ਦੇਸ਼ਾਂ ਵਿੱਚ। ਦੋਵੇਂ ਫੌਜ ਵਿੱਚ ਭਰਤੀ ਹੋਣ ਤੋਂ ਬਾਅਦ ਐਥਲੀਟ ਬਣੇ। ਦੋਵੇਂ ਮਸ਼ਹੂਰ ਹੋਏ ਅਤੇ ਉਹ ਵੀ ਇੱਕ ਦੂਜੇ ਕਰਕੇ। ਦੋਨਾਂ ਨੇ ਇੱਕ ਦੂਜੇ ਦੇ ਦੇਸ਼ ਦੇ ਚੋਟੀ ਦੀਆਂ ਹਸਤੀਆਂ ਕੋਲੋਂ ਮਸ਼ਹੂਰ ਨਾਂਅ ਮਿਲੇ। ਇੱਥੇ ਗੱਲ ਕਰ ਰਹੇ ਹਾਂ ਭਾਰਤੀ ਅਥਲੀਟ ਮਿਲਖਾ ਸਿੰਘ ਅਤੇ ਪਾਕਿਸਤਾਨੀ ਅਥਲੀਟ ਅਬਦੁੱਲ ਖਾਲਿਕ ਦੀ।
ਇਹ ਸਭ ਜਾਣਦੇ ਹਨ ਕਿ ਪਾਕਿਸਤਾਨੀ ਰਾਸ਼ਟਰਪਤੀ ਜਨਰਲ ਆਯੂਬ ਖਾਨ ਨੇ ਮਿਲਖਾ ਸਿੰਘ ਦਾ ਨਾਂਅ ਉੱਡਣਾ ਸਿੱਖ (ਫਲਾਇੰਗ ਸਿੱਖ) ਰੱਖਿਆ ਸੀ, ਜਦੋਂ ਮਿਲਖਾ ਸਿੰਘ ਨੇ ਲਾਹੌਰ ਵਿੱਚ 1960 ਦੇ ਮਸ਼ਹੂਰ ਅਥਲੈਟਿਕਸ ਮੈਚ ਦੌਰਾਨ 200 ਮੀਟਰ ਦੌੜ ਵਿੱਚ ਪਾਕਿਸਤਾਨੀ ਅਥਲੀਟ ਅਬਦੁੱਲ ਖਾਲਿਕ ਨੂੰ ਹਰਾਇਆ ਸੀ, ਪਰ ਥੋੜ੍ਹੇ ਲੋਕ ਜਾਣਦੇ ਹਨ ਕਿ ਅਬਦੁੱਲ ਖਾਲਿਕ ਜੋ ਉਸ ਸਮੇਂ ਤੱਕ ਏਸ਼ੀਆ ਦਾ ਸਭ ਤੋਂ ਤੇਜ਼ ਅਥਲੀਟ ਸੀ ਨੂੰ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੇ ਫਲਾਈਂਗ ਬਰਡ ਆਫ ਏਸ਼ੀਆ (ਏਸ਼ੀਆ ਦੀ ਉੱਡਣ ਪਰਿੰਦਾ) ਦਾ ਨਾਮ ਦਿੱਤਾ ਸੀ। ਇਹ ਮਨੀਲਾ ਵਿੱਚ 1954 ਦੀਆਂ ਏਸ਼ੀਅਨ ਖੇਡਾਂ ਦੀ ਗੱਲ ਹੈ ਜਿੱਥੇ ਪੰਡਿਤ ਨਹਿਰੂ ਮੁੱਖ ਮਹਿਮਾਨ ਵਜੋਂ ਮੌਜੂਦ ਸਨ.
ਮਿਲਖਾ ਸਿੰਘ ਦੀ ਮੌਤ ਤੋਂ ਬਾਅਦ ਲਾਹੌਰ ਵਿੱਚ ਅਬਦੁੱਲ ਖਾਲਿਕ ਦੇ ਬੇਟੇ ਨਾਲ ਗੱਲਬਾਤ ਦੇ ਅਧਾਰ ‘ਤੇ ਇੰਡੀਅਨ ਐਕਸਪ੍ਰੈਸ ਵਿੱਚ ਪ੍ਰਕਾਸਿਤ ਇੱਕ ਰਿਪੋਰਟ ਦੇ ਅਨੁਸਾਰ ਮੁਹੰਮਦ ਏਜਾਜ਼ ਨੇ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ। ਮਿਲਖਾ ਸਿੰਘ ਦੀ ਮੌਤ ‘ਤੇ ਗਹਿਰਾ ਅਫਸੋਸ ਜ਼ਾਹਰ ਕਰਦਿਆਂ ਮੁਹੰਮਦ ਏਜਾਜ਼ ਨੇ ਆਪਣੇ ਪਿਤਾ ਅਬਦੁੱਲ ਖਾਲਿਕ ਅਤੇ ਮਿਲਖਾ ਸਿੰਘ ਨਾਲ ਜੁੜੇ ਕੁਝ ਹੋਰ ਦਿਲਚਸਪ ਤੱਥ ਸਾਂਝੇ ਕੀਤੇ। ਮੁਹੰਮਦ ਏਜਾਜ਼ ਦਾ ਕਹਿਣਾ ਹੈ ਕਿ ਮੈਨੂੰ ਉਸ ਦੇ ਸਾਥੀ ਕਰਾਮਤ ਹੁਸੈਨ ਅਤੇ ਅੰਕਲ ਓਲੰਪੀਅਨ ਅਬਦੁੱਲ ਮਲਿਕ ਨੇ ਮੇਰੇ ਪਿਤਾ ਅਤੇ ਉਸ ਦੇ ਖੇਡ ਦਿਨਾਂ ਬਾਰੇ ਬਹੁਤ ਕੁਝ ਦੱਸਿਆ ਸੀ ਕਿਉਂਕਿ ਪਿਤਾ ਨੇ ਉਹ 200 ਮੀਟਰ ਦੀ ਦੌੜ ਹਾਰਨ ਤੋਂ ਬਾਅਦ ਗੱਲ ਕਰਨੀ ਬੰਦ ਕਰ ਦਿੱਤੀ ਸੀ। ਉਦੋਂ ਤੋਂ ਹੀ ਅਬਦੁੱਲ ਖਾਲਿਕ ਦੇ ਕੈਰੀਅਰ ਦਾ ਗ੍ਰਾਫ ਡਿੱਗਣਾ ਸ਼ੁਰੂ ਹੋ ਗਿਆ ਸੀ।
ਪਾਕਿਸਤਾਨੀ ਫੌਜੀ ਹੋਣ ਦੇ ਨਾਤੇ ਅਬਦੁੱਲ ਖਾਲਿਕ ਨੇ ਭਾਰਤ ਦੇ ਖਿਲਾਫ 1965 ਦੇ ਅਲਾਵਾ 1971 ਦੀ ਉਹ ਜੰਗ ਵੀ ਲੜੀ ਜਦੋਂ ਪਾਕਿਸਤਾਨ ਵੰਡਿਆ ਗਿਆ ਸੀ ਅਤੇ ਬੰਗਲਾਦੇਸ਼ ਦਾ ਗਠਨ ਹੋਇਆ ਸੀ। ਉਸ ਸਮੇਂ ਪਾਕਿਸਤਾਨੀ ਸੈਨਿਕਾਂ ਨੂੰ ਜੰਗੀ ਕੈਦੀ ਬਣਾਇਆ ਗਿਆ ਸੀ ਅਤੇ ਇਨ੍ਹਾਂ ਵਿੱਚ ਵੱਡੀ ਗਿਣਤੀ ਵਿੱਚ ਲੜਨ ਵਾਲੇ ਕੈਦੀਆਂ ਨੂੰ ਮੇਰਠ ਜੇਲ੍ਹ ਵਿੱਚ ਰੱਖਿਆ ਗਿਆ ਸੀ। ਮੁਹੰਮਦ ਏਜਾਜ਼ ਦਾ ਕਹਿਣਾ ਹੈ ਕਿ ਉਸ ਦੇ ਪਿਤਾ ਅਬਦੁੱਲ ਖਾਲਿਕ ਵੀ ਉਨ੍ਹਾਂ ਜੰਗੀ ਕੈਦੀਆਂ ਵਿੱਚੋਂ ਇੱਕ ਸਨ। ਜਦੋਂ ਮਿਲਖਾ ਸਿੰਘ ਨੂੰ ਇਸ ਬਾਰੇ ਪਤਾ ਲੱਗਿਆ ਤਾਂ ਉਹ ਅਬਦੁੱਲ ਖਾਲਿਕ ਨੂੰ ਮਿਲਣ ਲਈ ਜੇਲ੍ਹ ਆਏ ਸਨ ਅਤੇ ਇੰਨਾ ਹੀ ਨਹੀਂ ਇਸ ਨਾਲ ਜੇਲ੍ਹ ਦੇ ਇੰਚਾਰਜ ਨੂੰ ਅਬਦੁੱਲ ਖਾਲਿਕ ਦਾ ਵਿਸ਼ੇਸ਼ ਧਿਆਨ ਰੱਖਣ ਦੀ ਬੇਨਤੀ ਕੀਤੀ ਗਈ। ਭਾਵੁਕ ਏਜਾਜ਼ ਦਾ ਕਹਿਣਾ ਹੈ ਕਿ ਸਾਡਾ ਪਰਿਵਾਰ ਹਮੇਸ਼ਾ ਇਸ ਲਈ ਸ਼ੁਕਰਗੁਜ਼ਾਰ ਰਹੇਗਾ।
ਮੁਹੰਮਦ ਏਜਾਜ਼ ਦੇ ਅਨੁਸਾਰ, ਫਿਲਮ ‘ਭਾਗ ਮਿਲਖਾ ਭਾਗ’ ਬਣਨ ਤੋਂ ਪਹਿਲਾਂ, ਉਸਨੂੰ ਮਿਲਖਾ ਸਿੰਘ ਦੇ ਸੈਕਟਰੀ ਦਾ ਇੱਕ ਫੋਨ ਆਇਆ ਸੀ ਕਿ ਉਹ ਫਿਲਮ ਵਿੱਚ ਆਪਣੇ ਪਿਤਾ ਦਾ ਕਿਰਦਾਰ ਨਿਭਾਉਣ ਦੇ ਅਧਿਕਾਰ ਲੈਣ ਦੇ ਬਾਰੇ ਵਿੱਚ ਸੀ। ਮੁਹੰਮਦ ਏਜਾਜ਼ ਦਾ ਕਹਿਣਾ ਹੈ ਕਿ ਤਦ ਮਿਲਖਾ ਸਿੰਘ ਆਪਣੇ ਸੈਕਟਰੀ ਦਾ ਫ਼ੋਨ ਲੈ ਕੇ ਮੇਰੇ ਨਾਲ ਗੱਲ ਕਰਦਾ ਸੀ। ਜਦੋਂ ਮੈਂ ਕਿਹਾ ਕਿ ਉਹ ਇੱਕ ਮਹਾਨ ਅਥਲੀਟ ਸੀ, ਤਾਂ ਮਿਲਖਾ ਸਿੰਘ ਨੇ ਕਿਹਾ, ‘ਪੁੱਤ, ਤੇਰਾ ਬਾਪੂ ਬਹੁਤ ਵੱਡਾ ਐਥਲੀਟ ਸੀ। ਮੈਂ ਉਸਨੂੰ ਹਰਾਉਣ ਤੋਂ ਬਾਅਦ ਹੀ ਫਲਾਇੰਗ ਸਿੱਖ ਬਣਿਆ ਹਾਂ। ਮੇਰੀ ਪ੍ਰਸਿੱਧੀ ਉਸਦੇ ਕਰਕੇ ਹੀ ਹੈ। ਸੱਚਮੁੱਚ, ਅਜਿਹੀ ਗੱਲ ਸਿਰਫ਼ ਵੱਡਾ ਦਿਲ ਵਾਲਾ ਹੀ ਕਹਿ ਸਕਦਾ ਹੈ।
ਏਜਾਜ਼ ਦਾ ਕਹਿਣਾ ਹੈ ਕਿ ਫਿਲਮ ਭਾਗ ਮਿਲਖਾ ਭਾਗ ਦੀ ਰਿਲੀਜ਼ ਤੋਂ ਬਾਅਦ ਲੋਕਾਂ ਨੇ ਉਸ ਨਾਲ ਪਿਤਾ ਅਬਦੁੱਲ ਖਾਲਿਕ ਦੀ ਭੂਮਿਕਾ ਅਤੇ ਉਸ ਦੀਆਂ ਪ੍ਰਾਪਤੀਆਂ ਬਾਰੇ ਗੱਲ ਕਰਨੀ ਸ਼ੁਰੂ ਕੀਤੀ, ਨਹੀਂ ਤਾਂ ਲੋਕ ਉਨ੍ਹਾਂ ਨੂੰ ਭੁੱਲ ਚੁੱਕੇ ਸਨ।
ਮੁਹੰਮਦ ਏਜਾਜ਼ ਯਾਦ ਕਰਦੇ ਹਨ ਕਿ ਮਿਲਖਾ ਸਿੰਘ ਨੇ ਉਨ੍ਹਾਂ ਨੂੰ ਆਪਣੀ ਮਾਂ ਦੀ ਦੇਖਭਾਲ ਰੱਖਣ ਦੀ ਤਾਕੀਦ ਕਰਦੇ ਹੋਏ ਕਿਹਾ ਸੀ, ‘ਮਾਂ ਰੱਬ ਦਾ ਰੂਪ ਹੁੰਦੀ ਹੈ, ਸਾਨੂੰ ਉਸ ਦੀ ਵੱਧ ਤੋਂ ਵੱਧ ਦੇਖਭਾਲ ਕਰਨੀ ਚਾਹੀਦੀ ਹੈ।’ ਇਸ ਦੇ ਨਾਲ ਮਿਲਖਾ ਸਿੰਘ ਆਪਣੀ ਮਾਂ ਵਲਾਇਤ ਬੇਗਮ ਨਾਲ ਗੱਲ ਕਰਨਾ ਨਹੀਂ ਭੁੱਲੇ ਸਨ। ਮੁਹੰਮਦ ਏਜਾਜ਼ ਕਹਿੰਦੇ ਹਨ ਕਿ ਮਿਲਖਾ ਸਿੰਘ ਦਾ ਜਾਣਾ ਉਨ੍ਹਾਂ ਲਈ ਵੀ ਨਿੱਜੀ ਘਾਟਾ ਹੈ। ਉਹ ਕਹਿੰਦੇ ਹਨ ਕਿ ਮਿਲਖਾ ਸਿੰਘ ਨੇ ਉਨ੍ਹਾਂ ਨੂੰ ਭਾਰਤ ਆਉਣ ਦਾ ਸੱਦਾ ਵੀ ਦਿੱਤਾ ਸੀ ਪਰ ਅਫਸੋਸ ਕਿ ਉਨ੍ਹਾਂ ਨਾਲ ਮਿਲਣ ਦੀ ਇੱਛਾ ਅਧੂਰੀ ਰਹੀ। ਬੇਗਮ ਵਲਾਇਤ ਨੇ ਮਿਲਖਾ ਸਿੰਘ ਅਤੇ ਉਨ੍ਹਾਂ ਦੀ ਪਤਨੀ ਨਿਰਮਲ ਕੌਰ ਦੇ ਦੇਹਾਂਤ ‘ਤੇ ਡੂਘਾ ਅਫਸੋਸ ਜ਼ਾਹਰ ਕੀਤਾ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਸੋਗ ਦੀ ਇਸ ਘੜੀ ਵਿੱਚ ਉਨ੍ਹਾਂ ਦਾ ਪਰਿਵਾਰ ਉਨ੍ਹਾਂ ਦੇ ਨਾਲ ਹੈ।
ਏਜਾਜ਼ ਕਹਿੰਦੇ ਹਨ ਕਿ ਇਸੇ ਮਹੀਨੇ ਦੇ ਸ਼ੁਰੂ ਵਿੱਚ, ਪਾਕਿਸਤਾਨ ਨੇ 1960 ਦੇ ਓਲੰਪੀਅਨ ਅਤੇ ਉਸਦੇ ਚਾਚੇ ਅਬਦੁੱਲ ਮਲਿਕ ਨੂੰ ਗੁਆ ਦਿੱਤਾ ਸੀ ਅਤੇ ਹੁਣ ਮਿਲਖਾ ਜੀ ਦਾ ਜਾਣਾ ਅਹਿਜਾ ਲੱਗਦੈ ਜਿਵੇਂ ਉਨ੍ਹਾਂ ਦੇ ਪਰਿਵਾਰ ਅਤੇ ਦੇਸ਼ ਨੂੰ ਇੱਕ ਹੋਰ ਘਾਟਾ ਪਿਆ ਹੋਵੇ।