ਲੱਦਾਖ ਵਿੱਚ ਅੰਦਰੂਨੀ ਸਥਿਤੀ, ਜਿਸਨੂੰ ਆਮ ਤੌਰ ‘ਤੇ ਸ਼ਾਂਤਮਈ ਅਤੇ ਸੈਲਾਨੀਆਂ ਲਈ ਸਵਰਗ ਮੰਨਿਆ ਜਾਂਦਾ ਹੈ, ਕਾਫ਼ੀ ਵਿਗੜ ਗਈ ਹੈ। ਇਹ ਭਾਰਤ ਦਾ ਇੱਕ ਕੇਂਦਰ ਸ਼ਾਸਿਤ ਪ੍ਰਦੇਸ਼ ਹੈ, ਜਿਸਦੀ ਸਰਹੱਦ ਇੱਕ ਪਾਸੇ ਚੀਨ ਅਤੇ ਦੂਜੇ ਪਾਸੇ ਪਾਕਿਸਤਾਨ ਨਾਲ ਲੱਗਦੀ ਹੈ। ਲੇਹ ਵਿੱਚ ਭੁੱਖ ਹੜਤਾਲ ਅਤੇ ਛੇਵੇਂ ਸ਼ਡਿਊਲ ਵਿੱਚ ਸ਼ਾਮਲ ਕਰਨ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ‘ਤੇ ਫੈਸਲੇ ਵਿੱਚ ਦੇਰੀ ਵਿਰੁੱਧ ਵਿਰੋਧ ਪ੍ਰਦਰਸ਼ਨਾਂ ਦੌਰਾਨ ਹਿੰਸਾ ਭੜਕ ਗਈ। ਅੱਗ ਲਾਉਣ ਦੇ ਨਾਲ ਪੱਥਰਬਾਜ਼ੀ ਹੋਈ। ਸੁਰੱਖਿਆ ਦਸਤਿਆਂ ਨੂੰ ਸਥਿਤੀ ਨੂੰ ਕਾਬੂ ਕਰਨ ਲਈ ਗੋਲੀਬਾਰੀ ਕਰਨੀ ਪਈ। ਇਨ੍ਹਾਂ ਘਟਨਾਵਾਂ ਵਿੱਚ ਚਾਰ ਲੋਕ ਮਾਰੇ ਗਏ ਅਤੇ ਲਗਭਗ 50 ਜ਼ਖ਼ਮੀ ਹੋ ਗਏ। ਲੇਹ ਵਿੱਚ ਰੋਕਾਂ ਲਾਉਂਦਿਆਂ ਕੁਝ ਖੇਤਰਾਂ ਵਿੱਚ ਕਰਫਿਊ ਲਗਾ ਦਿੱਤਾ ਗਿਆ ਹੈ।
ਲੇਹ ਐਪੈਕਸ ਬਾਡੀ ਵੱਲੋਂ ਬੁਲਾਏ ਗਏ ਸ਼ਾਂਤਮਈ ਵਿਰੋਧ ਪ੍ਰਦਰਸ਼ਨ ਨੇ ਹਿੰਸਕ ਰੂਪ ਲੈ ਲਿਆ ਜਦੋਂ ਵਰਤ ਰੱਖਣ ਵਾਲੇ ਦੋ ਭਾਗੀਦਾਰਾਂ ਦੀ ਹਾਲਤ ਵਿਗੜ ਗਈ ਅਤੇ ਉਨ੍ਹਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਜਿਨ੍ਹਾਂ ਵਿੱਚੋਂ ਇੱਕ 70 ਸਾਲਾ ਆਦਮੀ ਅਤੇ ਇੱਕ 60 ਸਾਲਾ ਮਹਿਲਾ ਸ਼ਾਮਿਲ ਹਨ। 10 ਸਤੰਬਰ ਨੂੰ ਸ਼ੁਰੂ ਹੋਏ ਇਸ ਵਰਤ ਦੌਰਾਨ ਪੰਦਰਾਂ ਹੋਰ ਲੋਕਾਂ ਨੂੰ ਵੀ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ, ਜੋ ਬਾਅਦ ਵਿੱਚ ਅਣਮਿੱਥੇ ਸਮੇਂ ਲਈ ਵਰਤ ਵਿੱਚ ਬਦਲ ਗਿਆ। ਹਿੰਸਾ ਦੇ ਮੱਦੇਨਜ਼ਰ ਕੌਮਾਂਤਰੀ ਪੱਧਰ ‘ਤੇ ਪ੍ਰਸਿੱਧ ਵਾਤਾਵਰਣ ਪ੍ਰੇਮੀ ਸੋਨਮ ਵਾਂਗਚੁਕ ਨੇ ਬੁੱਧਵਾਰ ਨੂੰ ਵਿਰੋਧ ਪ੍ਰਦਰਸ਼ਨ ਦੇ 16ਵੇਂ ਦਿਨ ਆਪਣਾ ਵਰਤ ਖਤਮ ਕਰ ਦਿੱਤਾ।
LAP ਦੇ ਯੁਵਾ ਵਿੰਗ ਵੱਲੋਂ ਕੀਤੇ ਗਏ ਇੱਕ ਵਿਰੋਧ ਪ੍ਰਦਰਸ਼ਨ ਦੌਰਾ ਕੁਝ ਲੋਕਾਂ ਨੇ ਪੱਥਰਬਾਜ਼ੀ ਕੀਤੀ। ਉਨ੍ਹਾਂ ਨੇ ਕੇਂਦਰੀ ਰਿਜ਼ਰਵ ਪੁਲਿਸ ਫੋਰਸ (CRPF) ਦੀ ਇੱਕ ਗੱਡੀ ਸਮੇਤ ਹੋਰ ਵਾਹਨਾਂ ਨੂੰ ਅੱਗ ਲਾ ਦਿੱਤੀ। ਉਨ੍ਹਾਂ ਨੇ ਉਸ ਇਮਾਰਤ ਨੂੰ ਵੀ ਨਿਸ਼ਾਨਾ ਬਣਾਇਆ ਜਿੱਥੇ ਕੇਂਦਰ ਵਿੱਚ ਸੱਤਾਧਾਰੀ ਪਾਰਟੀ ਭਾਰਤੀ ਜਨਤਾ ਪਾਰਟੀ (BJP) ਦਾ ਸਥਾਨਕ ਦਫ਼ਤਰ ਹੈ।
ਹਿੰਸਾ ਅਤੇ ਸੁਰੱਖਿਆ ਦਸਤਿਆਂ ਵੱਲੋਂ ਕੀਤੀ ਗਈ ਜਵਾਬੀ ਕਾਰਵਾਈ ਦੌਰਾਨ ਕਈ ਤਰ੍ਹਾਂ ਦੀਆਂ ਕਿਆਸ ਅਰਾਈਆਂ ਫੈਲ ਗਈਆਂ। ਇਸਨੂੰ ਨੇਪਾਲ ਵਿੱਚ ਹਾਲ ਹੀ ਵਿੱਚ ਹੋਏ ਜੇਨ ਜੀ ਅੰਦੋਲਨ ਨਾਲ ਜੋੜ ਕੇ ਪ੍ਰਚਾਰਿਆ ਗਿਆ, ਜਿਸਨੇ ਇੱਕ ਭਿਆਨਕ ਰੂਪ ਧਾਰਨ ਕਰ ਲਿਆ ਅਤੇ ਇੱਕ ਝਟਕੇ ਵਿੱਚ ਸਰਕਾਰ ਨੂੰ ਡੇਗ ਦਿੱਤਾ। ਭਾਜਪਾ ਨੇਤਾਵਾਂ ਨੇ ਇਸ ਲਈ ਇੱਕ ਕਾਂਗਰਸ ਵਾਰਡ ਕੌਂਸਲਰ ਨੂੰ ਜ਼ਿੰਮੇਵਾਰ ਠਹਿਰਾਇਆ, ਜਿਸਦਾ ਜਵਾਬ ਸੋਨਮ ਵਾਂਗਚੁਕ ਨੇ ਇਹ ਕਹਿ ਕੇ ਦਿੱਤਾ ਕਿ ਕਾਂਗਰਸ ਪਾਰਟੀ ਕੋਲ 5,000 ਨੌਜਵਾਨਾਂ ਨੂੰ ਇਕੱਠਾ ਕਰਨ ਲਈ ਉੱਥੇ ਲੋੜੀਂਦਾ ਪ੍ਰਭਾਵ ਨਹੀਂ ਹੈ।
ਲੱਦਾਖ ਵਿੱਚ ਛੇਵੀਂ ਅਨੁਸੂਚੀ ਲਾਗੂ ਕਰਨ ਦੀ ਲਹਿਰ ਕੁਝ ਸਮੇਂ ਤੋਂ ਤੇਜ਼ੀ ਫੜ ਰਹੀ ਹੈ। ਇਹ ਸੰਵਿਧਾਨ ਦੀ ਛੇਵੀਂ ਅਨੁਸੂਚੀ ਹੈ, ਜੋ ਚਾਰ ਉੱਤਰ-ਪੂਰਬੀ ਰਾਜਾਂ ਤ੍ਰਿਪੁਰਾ, ਮੇਘਾਲਿਆ, ਮਿਜ਼ੋਰਮ ਅਤੇ ਅਸਾਮ ਦੀ ਕਬਾਇਲੀ ਆਬਾਦੀ ਨੂੰ ਸੰਬੋਧਿਤ ਕਰਦੀ ਹੈ। ਸ਼ਾਸਨ ਦੇ ਦ੍ਰਿਸ਼ਟੀਕੋਣ ਤੋਂ ਇਹ ਰਾਸ਼ਟਰਪਤੀ ਅਤੇ ਰਾਜਪਾਲ ਦੀਆਂ ਸ਼ਕਤੀਆਂ, ਸਥਾਨਕ ਸੰਸਥਾਵਾਂ ਦੀਆਂ ਕਿਸਮਾਂ, ਇੱਕ ਵਿਕਲਪਿਕ ਨਿਆਂਇਕ ਪ੍ਰਣਾਲੀ, ਅਤੇ ਖੁਦਮੁਖਤਿਆਰ ਕੌਂਸਲਾਂ ਵੱਲੋਂ ਵਰਤੀਆਂ ਜਾਂਦੀਆਂ ਵਿੱਤੀ ਸ਼ਕਤੀਆਂ ਬਾਰੇ ਵਿਸ਼ੇਸ਼ ਪ੍ਰਬੰਧ ਕਰਦੀ ਹੈ।
ਕੇਂਦਰੀ ਗ੍ਰਹਿ ਮੰਤਰਾਲੇ ਅਤੇ ਲੇਹ ਐਪੈਕਸ ਬਾਡੀ (LAB) ਅਤੇ ਕਾਰਗਿਲ ਡੈਮੋਕ੍ਰੇਟਿਕ ਅਲਾਇੰਸ (KDA) ਦੇ ਮੈਂਬਰਾਂ ਵਿਚਾਲੇ 6 ਅਕਤੂਬਰ ਨੂੰ ਗੱਲਬਾਤ ਦਾ ਇੱਕ ਨਵਾਂ ਦੌਰ ਤੈਅ ਕੀਤਾ ਗਿਆ ਹੈ, ਪਰ ਜਲਦੀ ਸ਼ੁਰੂ ਕਰਨ ਦੀਆਂ ਮੰਗਾਂ ਹਨ।
LAP ਅਤੇ KDA ਚਾਰ ਸਾਲਾਂ ਤੋਂ ਆਪਣੀਆਂ ਮੰਗਾਂ ਦੇ ਸਮਰਥਨ ਵਿੱਚ ਸਾਂਝੇ ਤੌਰ ‘ਤੇ ਇੱਕ ਅੰਦੋਲਨ ਦੀ ਅਗਵਾਈ ਕਰ ਰਹੇ ਹਨ। ਇਸ ਤੋਂ ਇਲਾਵਾ, ਉਨ੍ਹਾਂ ਨੇ ਪਿਛਲੇ ਸਮੇਂ ਵਿੱਚ ਸਰਕਾਰ ਨਾਲ ਕਈ ਦੌਰ ਦੀ ਗੱਲਬਾਤ ਕੀਤੀ ਹੈ।
ਵਿਰੋਧ ਦੇ ਸੱਦੇ ਦੇ ਜਵਾਬ ਵਿੱਚ ਬੁੱਧਵਾਰ ਨੂੰ ਲੇਹ ਸ਼ਹਿਰ ਬੰਦ ਰਿਹਾ ਅਤੇ ਵੱਡੀ ਗਿਣਤੀ ਵਿੱਚ ਲੋਕ NDS ਮੈਮੋਰੀਅਲ ਗ੍ਰਾਊਂਡ ਵਿੱਚ ਇਕੱਠੇ ਹੋਏ ਅਤੇ ਫਿਰ ਸੜਕਾਂ ‘ਤੇ ਮਾਰਚ ਕੀਤਾ। ਪ੍ਰਦਰਸ਼ਨਕਾਰੀਆਂ ਨੇ ਛੇਵੀਂ ਅਨੁਸੂਚੀ ਅਤੇ ਰਾਜ ਦੇ ਦਰਜੇ ਦੇ ਸਮਰਥਨ ਵਿੱਚ ਨਾਅਰੇਬਾਜ਼ੀ ਕੀਤੀ। ਸਥਿਤੀ ਉਦੋਂ ਵਿਗੜ ਗਈ ਜਦੋਂ ਕੁਝ ਨੌਜਵਾਨਾਂ ਨੇ ਭਾਜਪਾ ਅਤੇ ਹਿੱਲ ਕੌਂਸਲ ਹੈੱਡਕੁਆਰਟਰ ‘ਤੇ ਪੱਥਰਬਾਜ਼ੀ ਕੀਤੀ।
ਕੇਂਦਰੀ ਗ੍ਰਹਿ ਮੰਤਰਾਲੇ ਨੇ ਦੇਰ ਸ਼ਾਮ ਲੱਦਾਖ ਦੀ ਸਥਿਤੀ ‘ਤੇ ਇੱਕ ਬਿਆਨ ਜਾਰੀ ਕੀਤਾ, ਜਿਸ ਵਿੱਚ ਦੋਸ਼ ਲਾਇਆ ਗਿਆ ਕਿ ਅੰਦੋਲਨਕਾਰੀ ਨੌਜਵਾਨਾਂ ਨੂੰ ਸੋਨਮ ਵਾਂਗਚੁਕ ਦੇ ਭੜਕਾਊ ਭਾਸ਼ਣ ਨੇ ਭੜਕਾਇਆ ਸੀ। ਸਰਕਾਰ ਇਹ ਵੀ ਦਾਅਵਾ ਕਰਦੀ ਹੈ ਕਿ ਸਥਿਤੀ ਨੂੰ ਵਿਗੜਦੀ ਦੇਖ ਕੇ, ਸੋਨਮ ਨੇ ਆਪਣੀ ਭੁੱਖ ਹੜਤਾਲ ਖਤਮ ਕਰ ਦਿੱਤੀ ਅਤੇ ਐਂਬੂਲੈਂਸ ਵਿੱਚ ਚਲੀ ਗਈ, ਜਦੋਂ ਕਿ ਉਸਨੂੰ ਸਥਿਤੀ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਸੀ। ਸਰਕਾਰੀ ਬਿਆਨ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਸਰਕਾਰ ਗੰਭੀਰ ਹੈ ਅਤੇ ਲੱਦਾਖ ਨਾਲ ਸਬੰਧਿਤ ਮੰਗਾਂ ‘ਤੇ ਕੰਮ ਕਰ ਰਹੀ ਹੈ।
ਗ੍ਰਹਿ ਮੰਤਰਾਲੇ ਦਾ ਬਿੰਦੂ–ਦਰ–ਬਿੰਦੂ ਬਿਆਨ:
ਸੋਨਮ ਵਾਂਗਚੁਕ ਨੇ 10-09-2025 ਨੂੰ ਆਪਣੀ ਭੁੱਖ ਹੜਤਾਲ ਸ਼ੁਰੂ ਕੀਤੀ ਸੀ। ਜਦੋਂ ਕਿ ਇਹ ਸਭ ਜਾਣਦੇ ਹਨ ਕਿ ਭਾਰਤ ਸਰਕਾਰ ਇਨ੍ਹਾਂ ਮੁੱਦਿਆਂ ‘ਤੇ ਸਿਖਰ ਸੰਸਥਾ ਅਤੇ ਕੇਡੀਏ ਨਾਲ ਸਰਗਰਮੀ ਨਾਲ ਜੁੜ ਰਹੀ ਹੈ। ਉੱਚ ਅਧਿਕਾਰ ਪ੍ਰਾਪਤ ਕਮੇਟੀ ਅਤੇ ਉਪ-ਕਮੇਟੀਆਂ ਦੇ ਰਸਮੀ ਚੈਨਲਾਂ ਰਾਹੀਂ ਉਨ੍ਹਾਂ ਨਾਲ ਕਈ ਮੀਟਿੰਗਾਂ ਕੀਤੀਆਂ ਗਈਆਂ, ਨਾਲ ਹੀ ਨੇਤਾਵਾਂ ਨਾਲ ਕਈ ਗੈਰ-ਰਸਮੀ ਮੀਟਿੰਗਾਂ ਵੀ ਕੀਤੀਆਂ ਗਈਆਂ।
ਇਸ ਵਿਧੀ ਰਾਹੀਂ ਗੱਲਬਾਤ ਪ੍ਰਕਿਰਿਆ ਨੇ ਬੇਮਿਸਾਲ ਨਤੀਜੇ ਪ੍ਰਾਪਤ ਕੀਤੇ ਹਨ, ਜਿਸ ਵਿੱਚ ਲੱਦਾਖ ਵਿੱਚ ਅਨੁਸੂਚਿਤ ਜਨਜਾਤੀਆਂ ਲਈ ਰਾਖਵਾਂਕਰਨ 45% ਤੋਂ ਵਧਾ ਕੇ 84% ਕਰਨਾ, ਕੌਂਸਲਾਂ ਵਿੱਚ ਮਹਿਲਾਵਾਂ ਲਈ ਇੱਕ ਤਿਹਾਈ ਰਾਖਵਾਂਕਰਨ ਪ੍ਰਦਾਨ ਕਰਨਾ, ਅਤੇ ਭੋਤੀ ਅਤੇ ਪੁਰਗੀ ਨੂੰ ਸਰਕਾਰੀ ਭਾਸ਼ਾਵਾਂ ਵਜੋਂ ਐਲਾਨਨਾ ਸ਼ਾਮਲ ਹੈ। ਇਸ ਤੋਂ ਇਲਾਵਾ, 1,800 ਅਸਾਮੀਆਂ ਲਈ ਭਰਤੀ ਸ਼ੁਰੂ ਕੀਤੀ ਗਈ ਸੀ। ਹਾਲਾਂਕਿ, ਕੁਝ ਰਾਜਨੀਤਿਕ ਤੌਰ ‘ਤੇ ਪ੍ਰੇਰਿਤ ਵਿਅਕਤੀ ਉੱਚ ਅਧਿਕਾਰ ਪ੍ਰਾਪਤ ਕਮੇਟੀ ਦੇ ਅਧੀਨ ਹੋਈ ਪ੍ਰਗਤੀ ਤੋਂ ਨਾਖੁਸ਼ ਸਨ ਅਤੇ ਗੱਲਬਾਤ ਪ੍ਰਕਿਰਿਆ ਨੂੰ ਸਬੋਤਾਟ ਕਰਨ ਦੀ ਕੋਸ਼ਿਸ਼ ਕਰ ਰਹੇ ਸਨ।
ਉੱਚ ਅਧਿਕਾਰ ਪ੍ਰਾਪਤ ਕਮੇਟੀ ਦੀ ਅਗਲੀ ਮੀਟਿੰਗ 6 ਅਕਤੂਬਰ ਨੂੰ ਹੋਣ ਵਾਲੀ ਹੈ, ਜਦੋਂ ਕਿ ਲੱਦਾਖੀ ਨੇਤਾਵਾਂ ਨਾਲ ਮੀਟਿੰਗਾਂ ਵੀ 25 ਅਤੇ 26 ਸਤੰਬਰ ਨੂੰ ਹੋਣ ਦੀ ਯੋਜਨਾ ਹੈ। ਜਿਨ੍ਹਾਂ ਮੰਗਾਂ ਲਈ ਸ਼੍ਰੀ ਵਾਂਗਚੁਕ ਭੁੱਖ ਹੜਤਾਲ ‘ਤੇ ਸਨ, ਉਹ ਐੱਚਪੀਸੀ ਵਿਖੇ ਵਿਚਾਰ-ਵਟਾਂਦਰੇ ਦਾ ਅਨਿੱਖੜਵਾਂ ਅੰਗ ਹਨ। ਕਈ ਨੇਤਾਵਾਂ ਵੱਲੋਂ ਉਨ੍ਹਾਂ ਨੂੰ ਭੁੱਖ ਹੜਤਾਲ ਖਤਮ ਕਰਨ ਦੀ ਅਪੀਲ ਕਰਨ ਦੇ ਬਾਵਜੂਦ ਉਨ੍ਹਾਂ ਨੇ ਆਪਣੀ ਭੁੱਖ ਹੜਤਾਲ ਜਾਰੀ ਰੱਖੀ ਅਤੇ ਨੇਪਾਲ ਵਿੱਚ ਅਰਬ ਸਪਰਿੰਗ-ਸ਼ੈਲੀ ਦੇ ਵਿਰੋਧ ਪ੍ਰਦਰਸ਼ਨਾਂ ਅਤੇ ਜਨਰਲ ਜ਼ੈੱਡ ਵਿਰੋਧ ਪ੍ਰਦਰਸ਼ਨਾਂ ਦਾ ਭੜਕਾਊ ਹਵਾਲਾ ਦੇ ਕੇ ਜਨਤਾ ਨੂੰ ਗੁੰਮਰਾਹ ਕੀਤਾ।
24 ਸਤੰਬਰ ਨੂ ਸਵੇਰੇ 11:30 ਵਜੇ ਦੇ ਕਰੀਬ ਉਸਦੇ ਭੜਕਾਊ ਭਾਸ਼ਣਾਂ ਤੋਂ ਭੜਕ ਕੇ ਇੱਕ ਭੀੜ ਭੁੱਖ ਹੜਤਾਲ ਵਾਲੀ ਥਾਂ ਤੋਂ ਚਲੀ ਗਈ ਅਤੇ ਇੱਕ ਰਾਜਨੀਤਿਕ ਪਾਰਟੀ ਦੇ ਦਫ਼ਤਰ ਦੇ ਨਾਲ-ਨਾਲ ਲੇਹ ਦੇ ਸੀਈਸੀ ਦੇ ਸਰਕਾਰੀ ਦਫ਼ਤਰ ‘ਤੇ ਹਮਲਾ ਕਰ ਦਿੱਤਾ।