ਫਿਰੋਜ਼ਪੁਰ ਜ਼ੋਨ ਦੇ ਨਵੇਂ ਆਈਜੀ ਮੁਖਵਿੰਦਰ ਸਿੰਘ ਛੀਨਾ ਲਈ ਪਟਵਾਰੀ ਕੇਸ ਵਿਵਾਦ ਹੋਵੇਗਾ ਵੱਡੀ ਚੁਣੌਤੀ

1024
IG Mukhwinder Singh Chhina
ਫਿਰੋਜ਼ਪੁਰ ਜ਼ੋਨ ਦੇ ਨਵੇਂ ਆਈਜੀ ਮੁਖਵਿੰਦਰ ਸਿੰਘ ਛੀਨਾ ਪੰਜਾਬ ਪੁਲਿਸ ਦੇ ਡੀਜੀਪੀ ਸੁਰੇਸ਼ ਅਰੋੜਾ ਦੇ ਨਾਲ

ਪੰਜਾਬ ਪੁਲਿਸ ਦੇ ਫਿਰੋਜ਼ਪੁਰ ਜ਼ੋਨ ਦੇ ਨਵੇਂ ਆਈਜੀ ਮੁਖਵਿੰਦਰ ਸਿੰਘ ਛੀਨਾ ਲਈ ਹੁਣ ਪਟਵਾਰੀ ਕੇਸ ਨਵੀਂ ਚੁਣੌਤੀ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਉਹ ਇਸ ਮਸਲੇ ਨੂੰ ਵੀ ਆਪਣੀ ਸੂਝ-ਬੂਝ ਨਾਲ ਉਸੇ ਤਰੀਕੇ ਨਾਲ ਸੁਲਝਾ ਸਕਣਗੇ ਜਿਵੇਂ ਉਨ੍ਹਾਂ ਨੇ ਬਠਿੰਡਾ ਜ਼ੋਨ ਵਿੱਚ ਰਹਿੰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਅਤੇ ਭਾਈ ਰੂਪਚੰਦ ਲੰਗਰ ਕਮੇਟੀ ਵਿਚਾਲੇ 161 ਏਕੜ ਜਮੀਨ ਦੇ ਹਿੰਸਕ ਵਿਵਾਦ ਨੂੰ ਸੁਲਝਿਆ ਸੀ। ਉਨ੍ਹਾਂ ਨੂੰ ਆਪਣ ਹੀ ਬੈਚਮੇਟ (1997 IPS) ਗੁਰਿੰਦਰ ਸਿੰਘ ਢਿੱਲੋਂ ਦੀ ਥਾਂ ਇਸ ਸਰਹੱਦੀ ਜ਼ੋਨ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।

ਦੂਜੇ ਪਾਸੇ ਆਈਪੀਐੱਸ ਗੁਰਿੰਦਰ ਸਿੰਘ ਢਿੱਲੋਂ ਨੂੰ ਮਨੁੱਖੀ ਹੱਕਾਂ ਦੇ ਮਾਮਲਿਆਂ (IG, Human Rights) ਦਾ ਆਈਜੀ ਬਣਾਇਆ ਗਿਆ ਹੈ ਜਿੱਥੇ ਹੁਣ ਤੱਕ ਮੁਖਵਿੰਦਰ ਸਿੰਘ ਛੀਨਾ ਦੀ ਤਾਇਨਾਤੀ ਸੀ। ਢਿੱਲੋਂ ਨੂੰ 9 ਅਪ੍ਰੈਲ 2018 ਨੂੰ ਹੀ ਫਿਰੋਜ਼ਪੁਰ ਜ਼ੋਨ ਦੀ ਜ਼ਿੰਮੇਵਾਰੀ ਸੌਂਪ ਦਿੱਤੀ ਗਈ ਸੀ।

ਪੰਜਾਬ ਪੁਲਿਸ ਵਿੱਚ ਆਈਪੀਐੱਸ ਮੁਖਵਿੰਦਰ ਸਿੰਘ ਛੀਨਾ ਭਾਰਤੀ ਪੁਲਿਸ ਸੇਵਾ ਦੇ 1997 ਬੈਚ ਦੇ ਅਫਸਰ ਹਨ। ਪੰਜਾਬ ਵਿੱਚ ਪੁਲਿਸ ਵਿੱਚ ਕਈ ਅਹਿਮ ਅਹੁਦਿਆਂ ‘ਤੇ ਤਾਇਨਾਤ ਰਹੇ ਆਈਪੀਐੱਸ ਛੀਨਾ ਕੋਲ ਕੁਝ ਮਹੀਨਿਆਂ ਪਹਿਲਾਂ ਤੱਕ ਬਠਿੰਡਾ ਜ਼ੋਨ ਦੀ ਜ਼ਿੰਮੇਵਾਰੀ ਸੀ।

20 ਅਪ੍ਰੈਲ, 2018 ਨੂੰ ਉਨ੍ਹਾਂ ਨੂੰ ਉੱਥੋਂ ਹਟਾ ਕੇ ਮਨੁੱਖੀ ਹੱਕਾਂ ਦੇ ਮਾਮਲਿਆਂ ਦਾ ਆਈਜੀ ਬਣਾਇਆ ਗਿਆ ਸੀ ਪਰ ਇਸ ਤੋਂ ਕੁਝ ਮਹੀਨਿਆਂ ਪਹਿਲਾਂ ਹੀ ਉਨ੍ਹਾਂ ਨੇ ਮਈ 2014 ਨੂੰ ਲਟਕਿਆ ਉਹ ਮਸਲਾ ਵੀ ਨਿਪਟਾਇਆ ਸੀ ਜਿਸ ਨੂੰ ਲੈ ਕੇ ਐੱਸਜੀਪੀਸੀ ਦੇ ਕਾਰਕੁਨਾਂ ਅਤੇ ਭਾਈ ਰੂਪਚੰਦ ਲੰਗਰ ਕਮੇਟੀ ਦੇ ਕਾਰਕੁਨਾਂ ਵਿਚਾਲੇ ਤਣਾਅ ਰਹਿੰਦਾ ਸੀ। ਬਠਿੰਡਾ ਦੀ ਰਾਮਪੁਰ ਤਹਿਸੀਲ ਦੇ ਭਾਈ ਰੂਪਾ ਪਿੰਡ ਦੀ ਇਹ 161 ਏਕੜ ਜ਼ਮੀਨ ਸੀ ਜਿਸ ਦੇ ਮਾਲਿਕਾਨਾ ਹੱਕ ਅਤੇ ਇਸਤੇਮਾਲ ਨੂੰ ਲੈ ਕੇ ਦੋਵੇਂ ਧਿਰਾਂ ਵਿਚਾਲੇ ਵਿਵਾਦ ਹਿੰਸਕ ਰੂਪ ਧਾਰਨ ਕਰ ਚੁੱਕਾ ਸੀ।

ਕਾਨੂੰਨ ਵਿਵਸਥਾ ਦੇ ਹਿਸਾਬ ਨਾਲ ਸਿਰਦਰਦ ਬਣੇ ਰਹੇ ਉਸ ਮਸਲੇ ਨੂੰ ਸੁਲਝਾਉਣ ਵਿੱਚ ਆਈਪੀਐੱਸ ਮੁਖਵਿੰਦਰ ਸਿੰਘ ਛੀਨਾ ਦੀ ਭੂਮਿਕਾ ਦੀ ਵੀ ਤਾਰੀਫ਼ ਹੋਈ ਸੀ। ਹੁਣ ਫਿਰੋਜ਼ਪੁਰ ਵਿੱਚ ਉਨ੍ਹਾਂ ਨੂੰ ਪਟਵਾਰੀ ਕੇਸ” ਦੇ ਨਾਂ ਨਾਲ ਸੁਰਖ਼ੀਆਂ ਵਿੱਚ ਰਹਿਣ ਵਾਲੇ ਇਸ ਕੇਸ ਦਾ ਸਾਹਮਣਾ ਕਰਨਾ ਹੈ ਜਿਸ ਦੀ ਜਾਂਚ ਲਈ ਗੁਰਿੰਦਰ ਸਿੰਘ ਢਿੱਲੋਂ ਨੇ ਵਿਸ਼ੇਸ਼ ਜਾਂਚ ਦਲ (SIT) ਦਾ ਗਠਨ ਕੀਤਾ ਸੀ ਅਤੇ ਇਸਦੀ ਜਾਂਚ ਨਾਲ ਖੜ੍ਹੇ ਹੋਏ ਨਵੇਂ ਵਿਵਾਦ ਦੀ ਚਪੇਟ ਵਿੱਚ ਉਹ ਖੁਦ ਵੀ ਆ ਗਏ।

ਆਈਪੀਐੱਸ ਗੁਰਿੰਦਰ ਸਿੰਘ ਢਿੱਲੋਂ ਦਾ ਤਬਾਦਲਾ ਉਸੇ ਵੇਲੇ ਕੀਤਾ ਗਿਆ ਜਦੋਂ ਪਟਵਾਰੀ ਕੇਸ ਵਿੱਚ ਮੁਲਜ਼ਮ ਬਣਾਏ ਗਏ ਪੰਜਾਬ ਵਿਜੀਲੈਂਸ ਬਿਓਰੋ ਦੇ ਸਾਬਕਾ ਐੱਸਐੱਸਪੀ ਸ਼ਿਵ ਕੁਮਾਰ ਸ਼ਰਮਾ ਨੇ ਸੀਬੀਆਈ ਨੂੰ ਸ਼ਿਕਾਇਤ ਕਰਕੇ ਲੁਧਿਆਣਾ ਵਿੱਚ ਅਸ਼ੋਕ ਕੁਮਾਰ ਗੋਇਲ ਨਾਂ ਦੇ ਸ਼ਖਸ ਨੂੰ ਰਿਸ਼ਵਤ ਦੇ 10 ਲੱਖ ਰੁਪਏ ਲੈਂਦਿਆਂ ਫੜਵਾਇਆ।

ਸ਼ਰਮਾ ਨੇ ਸੀਬੀਆਈ ਨੂੰ ਸ਼ਿਕਾਇਤ ਵਿੱਚ ਕਿਹਾ ਕਿ SIT ਦੀ ਜਾਂਚ ਵਿੱਚ ਉਨ੍ਹਾਂ ਦੇ ਖਿਲਾਫ ਮਾਮਲੇ ਨੂੰ ਕਮਜ਼ੋਰ ਕਰਨ ਲਈ ਰਕਮ ਮੰਗੀ ਜਾ ਰਹੀ ਹੈ। ਸੀਬੀਆਈ ਦਾ ਕਹਿਣਾ ਸੀ ਕਿ ਅਸ਼ੋਕ ਗੋਇਲ ਨੇ ਆਈਜੀ ਢਿੱਲੋਂ ਦੇ ਨਾਂ ‘ਤੇ ਰਿਸ਼ਵਤ ਲਈ ਸੀ।
ਇਸ ਤੋਂ ਬਾਅਦ ਸੀਬੀਆਈ ਨੇ ਢਿੱਲੋਂ ਦੇ ਘਰ ਅਤੇ ਦਫ਼ਤਰ ‘ਤੇ ਛਾਪਾ ਮਾਰਿਆ ਸੀ ਅਤੇ ਉਨ੍ਹਾਂ ਤੋਂ ਪੁੱਛਗਿੱਛ ਵੀ ਕੀਤੀ ਗਈ ਸੀ।