ਦਿੱਲੀ ਦੰਗੇ: ਵਾਇਰਲ ਫੋਟੋ ਦਾ ਵਿਲੇਨ ਸ਼ਾਹਰੁਖ ਸ਼ਾਮਲੀ ਤੋਂ ਗ੍ਰਿਫਤਾਰ ਕਰਕੇ ਲਿਆਂਦਾ ਗਿਆ

290
ਦਿੱਲੀ ਦੰਗਿਆਂ ਦੌਰਾਨ ਗੋਲੀਆਂ ਚਲਾਉਣ ਵਾਲੇ ਸ਼ਾਹਰੁਖ ਪਠਾਨ ਦੇ ਸਾਹਮਣੇ ਹੈੱਡ ਕਾਂਸਟੇਬਲ ਦੀਪਕ ਦਹੀਆ।

ਦਿੱਲੀ ਵਿੱਚ ਹੋਏ ਦੰਗਿਆਂ ਦੌਰਾਨ ਸ਼ਾਹਰੁਖ ਪਠਾਨ ਨਾਮ ਦੇ ਇੱਕ ਵਿਅਕਤੀ ਨੂੰ, ਜਿਸਨੇ ਪੁਲਿਸ ਦੀ ਹਾਜ਼ਰੀ ਵਿੱਚ ਗੋਲੀਆਂ ਚਲਾਈਆਂ ਸਨ, ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਿਸਦੇ ਸਾਹਮਣੇ ਹਿੰਮਤ ਵਾਲਾ ਹਵਲਦਾਰ (ਹੈੱਡ ਕਾਂਸਟੇਬਲ) ਦੀਪਕ ਦਹੀਆ ਕੰਧ ਬਣ ਕੇ ਖੜ੍ਹਾ ਸੀ। ਜ਼ਫ਼ਰਾਬਾਦ ਵਿੱਚ ਸ਼ਾਹਰੁਖ ਦੀ ਮੈਰੂਨ ਰੰਗ ਦੀ ਟੀ-ਸ਼ਰਟ ਪਹਿਨੀ ਪੁਲਿਸ ਮੁਲਾਜ਼ਮ ‘ਤੇ ਪਿਸਤੌਲ ਤਾਣਨ ਵਾਲੀ ਤਸਵੀਰ ਬਹੁਤ ਵਾਇਰਲ ਹੋਈ ਸੀ।

ਸਿਪਾਹੀ ਦੀਪਕ ਦਹੀਆ ਨੇ ਪਿਸਤੌਲ ਰਾਹੀਂ ਗੋਲੀ ਚਲਾਉਂਦੇ ਸ਼ਾਹਰੁਖ਼ ਨੂੰ ਡੰਡੇ ਨਾਲ ਰੋਕਿਆ। ਸ਼ਾਹਰੁਖ ਘੁੰਮ-ਘੁੰਮ ਕੇ ਗੋਲੀ ਚਲਾ ਰਿਹਾ ਸੀ (ਸੱਜੀ ਫੋਟੋ ਵਿੱਚ)।

ਦਿੱਲੀ ਪੁਲਿਸ ਦੇ ਅਨੁਸਾਰ ਸ਼ਾਹਰੁਖ ਨੂੰ ਪੱਛਮੀ ਉੱਤਰ ਪ੍ਰਦੇਸ਼ ਦੇ ਸ਼ਾਮਲੀ ਤੋਂ ਗ੍ਰਿਫਤਾਰ ਕਰਕੇ ਦਿੱਲੀ ਲਿਆਂਦਾ ਗਿਆ ਹੈ। ਉਹ ਜਾਫ਼ਰਾਬਾਦ ਨੇੜੇ ਬ੍ਰਹਮਾਪੁਰੀ ਦਾ ਵਸਨੀਕ ਹੈ। ਇਸ ਤੋਂ ਪਹਿਲਾਂ ਸ਼ਾਹਰੁਖ ਖਿਲਾਫ ਕੋਈ ਅਪਰਾਧਿਕ ਕੇਸ ਨਹੀਂ ਹੈ ਪਰ ਪੁਲਿਸ ਨੇ ਕਿਹਾ ਕਿ ਉਸਦਾ ਅਪਰਾਧਿਕ ਇਤਿਹਾਸ ਹੈ। ਸ਼ਾਹਰੁਖ ਦੇ ਪਿਤਾ ‘ਤੇ ਨਾਰਕੋਟਿਕਸ ਰੋਕਥਾਮ ਐਕਟ ਸਣੇ ਕਈ ਹੋਰ ਅਪਰਾਧਾਂ ਨਾਲ ਸਬੰਧਤ ਕੇਸ ਹਨ। ਸ਼ਾਹਰੁਖ ਪੁਲਿਸ ‘ਤੇ ਗੋਲੀਆਂ ਚਲਾਉਣ ਅਤੇ ਪਿਸਤੌਲ ਸੁੱਟਣ ਤੋਂ ਬਾਅਦ ਇੱਕ ਹਫਤੇ ਲਈ ਪੁਲਿਸ ਤੋਂ ਬਚ ਨਿਕਲਿਆ, ਪਰ ਆਖਰਕਾਰ ਉਹ ਕਾਨੂੰਨ ਦੇ ਹੱਥੇ ਚੜ੍ਹ ਹੀ ਗਿਆ। ਫੋਟੋਆਂ ਅਤੇ ਸਾਰੀ ਜਾਣਕਾਰੀ ਦੇ ਬਾਵਜੂਦ, ਪੁਲਿਸ ਨੂੰ ਸ਼ਾਹਰੁਖ ਨੂੰ ਗ੍ਰਿਫਤਾਰ ਕਰਨ ਅਤੇ ਉਸਨੂੰ ਦਿੱਲੀ ਲਿਆਉਣ ਵਿੱਚ ਇੱਕ ਹਫਤਾ ਲੱਗ ਗਿਆ ਹੈ। ਉਸਨੂੰ ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਗ੍ਰਿਫਤਾਰ ਕੀਤਾ ਹੈ।

ਉੱਤਰ ਪ੍ਰਦੇਸ਼ ਦੇ ਸ਼ਾਮਲੀ ਤੋਂ ਗ੍ਰਿਫਤਾਰ ਕਰਕੇ ਦਿੱਲੀ ਲਿਆਂਦਾ ਗਿਆ ਸ਼ਾਹਰੁਖ।

ਧਿਆਨ ਯੋਗ ਹੈ ਕਿ ਇਹ ਘਟਨਾ ਦੰਗਿਆਂ ਦੇ ਅਗਲੇ ਦਿਨ, ਭਾਵ 24 ਫਰਵਰੀ ਨੂੰ ਹੋਈ ਸੀ। ਦੀਪਕ ਦਹੀਆ, ਜੋ ਸਾਲ 2012 ਵਿੱਚ ਦਿੱਲੀ ਪੁਲਿਸ ਵਿੱਚ ਭਰਤੀ ਹੋਇਆ ਸੀ, ਦੀ ਵਜ਼ੀਰਾਬਾਦ ਪੁਲਿਸ ਸੈਂਟਰ ਵਿੱਚ ਟ੍ਰੇਨਿੰਗ ਚੱਲ ਰਹੀ ਸੀ। ਹੈੱਡ ਕਾਂਸਟੇਬਲ ਦੀਪਕ ਦਹੀਆ ਨੇ ਦੱਸਿਆ ਕਿ ਉਸ ਨੂੰ ਇੱਥੇ ਐਮਰਜੈਂਸੀ ਡਿਊਟੀ ਲਈ ਸੱਦਿਆ ਗਿਆ ਸੀ। ਜਦੋਂ ਦੀਪਕ ਨੇ ਸ਼ਾਹਰੁਖ ਨੂੰ ਗੋਲੀਆਂ ਚਲਾਉਂਦੇ ਵੇਖਿਆ ਤਾਂ ਉਹ ਸ਼ਾਹਰੁਖ਼ ਦੇ ਸਾਹਮਣੇ ਜਾ ਖੜ੍ਹਾ ਹੋਇਆ। ਇਸ ਵਿੱਚ ਬਹੁਤ ਖਤਰਾ ਸੀ ਕਿਉਂਕਿ ਸ਼ਾਹਰੁਖ ਦੀਪਕ ਨੂੰ ਵੀ ਨਿਸ਼ਾਨਾ ਬਣਾ ਸਕਦਾ ਸੀ। ਹਾਲਾਂਕਿ, ਇਹ ਤਸਵੀਰ ਵੀ ਦਿੱਲੀ ਪੁਲਿਸ ਲਈ ਮਜਾਕ ਦਾ ਸਬਬ ਬਣ ਗਈ ਕਿਉਂਕਿ ਸ਼ਾਹਰੁਖ ਭੱਜਣ ਵਿੱਚ ਸਫਲ ਹੋ ਗਿਆ ਪਰ ਹਰ ਕੋਈ ਦੀਪਕ ਦੀ ਬਹਾਦਰੀ ਦੀ ਸ਼ਲਾਘਾ ਕਰ ਰਿਹਾ ਸੀ।

ਦਿੱਲੀ ਪੁਲਿਸ ਦੇ ਵਧੀਕ ਕਮਿਸ਼ਨਰ ਡਾ. ਏ ਕੇ ਸਿੰਗਲਾ ਨੇ ਦੱਸਿਆ ਕਿ ਸ਼ਾਹਰੁਖ ਨੇ ਆਪਣੀ ਕਾਲਜ ਦੀ ਪੜ੍ਹਾਈ ਅਧੂਰੀ ਛੱਡ ਦਿੱਤੀ ਸੀ। ਉਹ ਜੁਰਾਬਾਂ ਬਣਾਉਣ ਦੀ ਫੈਕਟਰੀ ਚਲਾਉਂਦਾ ਹੈ।

ਹੁਣ ਤੱਕ ਕੀਤੀ ਪੁੱਛਗਿੱਛ ਵਿੱਚ ਸ਼ਾਹਰੁਖ ਨੇ ਪੁਲਿਸ ਨੂੰ ਦੱਸਿਆ ਕਿ ਉਸਨੇ ਆਪਣੀ ਫੈਕਟਰੀ ਦੇ ਇੱਕ ਮੁਲਾਜ਼ਮ ਵੱਲੋਂ ਦੋ ਸਾਲ ਪਹਿਲਾਂ ਇਹ 7.65 ਬੋਰ ਪਿਸਤੌਲ ਖਰੀਦੀ ਸੀ। ਸ਼ਾਹਰੁਖ ਦਾ ਕਹਿਣਾ ਹੈ ਕਿ ਜਿਸ ਦਿਨ ਉਸਨੇ ਗੋਲੀਬਾਰੀ ਕੀਤੀ ਸੀ ਉਸ ਦਿਨ ਕੋਈ ਹੋਰ ਉਸ ਦੇ ਨਾਲ ਨਹੀਂ ਸੀ। ਹਲਾਤ ਨੂੰ ਵੇਖਦਿਆਂ ਉਹ ਪਰੇਸ਼ਾਨ ਹੋ ਗਿਆ ਅਤੇ ਉਸਨੇ ਭੀੜ ਤੋਂ ਨਿਕਲ ਕੇ ਇਹ ਸਭ ਕੀਤਾ। ਹਾਲਾਂਕਿ ਸ਼ਾਹਰੁਖ ਦੰਗਾਕਾਰੀਆਂ ਦੀ ਭੀੜ ਦਾ ਹਿੱਸਾ ਸੀ। ਪੁਲਿਸ ਨੇ ਦੱਸਿਆ ਕਿ ਮੌਕੇ ਤੋਂ ਸ਼ਾਹਰੁਖ ਦੀ ਪਿਸਤੌਲ ਦੀਆਂ ਗੋਲੀਆਂ ਦੇ ਖੋਲ ਵੀ ਮਿਲੇ ਹਨ ਅਤੇ ਉਸ ਤੋਂ ਬਾਕੀ ਗੋਲੀਆਂ ਵੀ ਬਰਾਮਦ ਹੋਈਆਂ ਹਨ। ਉਸ ਦੀਆਂ ਚਲਾਈਆਂ ਗੋਲੀਆਂ ਕਿਸੇ ਨੂੰ ਨਹੀਂ ਸਨ ਲੱਗੀਆਂ। ਇਸਤੋਂ ਪਹਿਲਾਂ ਕਿ ਸ਼ਾਹਰੁਖ਼ ਹੋਰ ਗੋਲੀਆਂ ਚਲਾਉਂਦਾ ਹੈੱਡ ਕਾਂਸਟੇਬਲ ਦੀਪਕ ਦਹੀਆ ਉਸਦੇ ਦੇ ਸਾਹਮਣੇ ਸਾਹਮਣੇ ਆਇਆ ਜਦਕਿ ਦੀਪਕ ਕੋਲ ਸਿਰਫ ਇੱਕ ਡੰਡਾ ਹੀ ਸੀ।

ਪੁੱਛਗਿੱਛ ਦੌਰਾਨ ਸ਼ਾਹਰੁਖ ਨੇ ਦੱਸਿਆ ਕਿ ਉਹ ਵਾਰਦਾਤ ਤੋਂ ਬਾਅਦ ਆਪਣੀ ਕਾਰ ਵਿੱਚ ਬੈਠ ਕੇ ਫਰਾਰ ਹੋ ਗਿਆ ਸੀ। ਪਹਿਲਾਂ ਉਹ ਰੁਕਿਆ ਅਤੇ ਕੁਝ ਦੇਰ ਸੌਂ ਗਿਆ ਅਤੇ ਫਿਰ ਜਲੰਧਰ ਚਲਾ ਗਿਆ। ਉਥੇ ਰਹਿਣ ਤੋਂ ਬਾਅਦ ਉਹ ਬਰੇਲੀ ਅਤੇ ਫਿਰ ਸ਼ਾਮਲੀ ਆ ਗਿਆ। ਪੁਲਿਸ ਦਾ ਕਹਿਣਾ ਹੈ ਕਿ ਸ਼ਾਹਰੁਖ ਨੂੰ ਮਾਡਲ ਬਣਨ ਦਾ ਸ਼ੌਕ ਹੈ ਅਤੇ ਉਹ ਟਿੱਕ-ਟੌਕ ‘ਤੇ ਵੀ ਆਪਣੀਆਂ ਵੀਡੀਓ ਬਣਾਉਂਦਾ ਰਹਿੰਦਾ ਹੈ।