ਜ਼ਿੰਦਗੀ ਦੀ ਲੜਾਈ ਹਾਰ ਗਿਆ ‘ਲੌਂਗੋਵਾਲਾ ਲੜਾਈ’ ਦਾ ਨਾਇਕ ਭੈਰੋਂ ਸਿੰਘ ਰਾਠੌਰ

15
ਭੈਰੋਂ ਸਿੰਘ ਰਾਠੌਰ
'ਲੌਂਗੋਵਾਲਾ ਜੰਗ' ਦੇ ਨਾਇਕ ਭੈਰੋਂ ਸਿੰਘ ਰਾਠੌਰ ਨੂੰ ਪੂਰੇ ਸਤਿਕਾਰ ਨਾਲ ਅੰਤਿਮ ਵਿਦਾਈ।

ਪਾਕਿਸਤਾਨੀ ਫੌਜੀਆਂ ਦੇ ਦੰਦ ਖੱਟੇ ਕਰਨ ਵਾਲੇ 1971 ਦੀ ਜੰਗ ਦੇ ਨਾਇਕ ਭੈਰੋਂ ਸਿੰਘ ਰਾਠੌਰ ਜ਼ਿੰਦਗੀ ਦੀ ਜੰਗ ਹਾਰ ਗਏ। ਉਨ੍ਹਾਂ ਨੇ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼, ਜੋਧਪੁਰ, ਰਾਜਸਥਾਨ ਵਿੱਚ ਆਖਰੀ ਸਾਹ ਲਏ। ਉਨ੍ਹਾਂ ਦਾ ਇੱਥੇ ਕੁਝ ਦਿਨਾਂ ਤੋਂ ਇਲਾਜ ਚੱਲ ਰਿਹਾ ਸੀ। ਛਾਤੀ ‘ਚ ਦਰਦ ਅਤੇ ਬੁਖਾਰ ਕਰਕੇ ਉਨ੍ਹਾਂ ਨੂੰ ਏਮਜ਼ ‘ਚ ਭਰਤੀ ਕਰਵਾਇਆ ਗਿਆ ਸੀ।
ਭੈਰੋਂ ਸਿੰਘ ਸਾਲ 1987 ਵਿੱਚ ਸੀਮਾ ਸੁਰੱਖਿਆ ਬਲ (ਬੀਐੱਸਐੱਫ) ਤੋਂ ਸੇਵਾਮੁਕਤ ਹੋਏ ਸਨ। ਭੈਰੋਂ ਸਿੰਘ ਨੇ ਭਾਰਤ ਅਤੇ ਪਾਕਿਸਤਾਨ ਦੀ ਜੰਗ ਵਿੱਚ ਹਿੱਸਾ ਲਿਆ ਸੀ। ਫਿਰ ਉਹ ਲੌਂਗੇਵਾਲਾ ਵਿੱਚ ਤਾਇਨਾਤ ਸਨ। ਜੰਗ ਵਿੱਚ ਦਿਖਾਈ ਬਹਾਦੁਰੀ ਕਰਕੇ ਭੈਰੋਂ ਸਿੰਘ ਨੂੰ ਸੈਨਾ ਮੈਡਲ ਨਾਲ ਨਿਵਾਜਿਆ ਗਿਆ। ਭੈਰੋਂ ਸਿੰਘ ਦਾ ਪਰਿਵਾਰ ਜੋਧਪੁਰ ਤੋਂ ਕਰੀਬ 120 ਕਿੱਲੋਮੀਟਰ ਦੂਰ ਪਿੰਡ ਸੋਲੰਕਿਆਤਲਾ ਵਿੱਚ ਰਹਿੰਦਾ ਹੈ।

ਭੈਰੋਂ ਸਿੰਘ ਰਾਠੌਰ
‘ਲੌਂਗੋਵਾਲਾ ਲੜਾਈ’ ਦਾ ਹੀਰੋ ਭੈਰੋਂ ਸਿੰਘ ਰਾਠੌਰ

ਦੱਸ ਦਈਏ ਕਿ ਰਾਜਸਥਾਨ ਦੇ ਲੌਂਗੇਵਾਲਾ ਚੌਕੀ ‘ਤੇ ਉਨ੍ਹਾਂ ਵੱਲੋਂ ਦਿਖਾਈ ਗਈ ਬਹਾਦੁਰੀ ਨੂੰ ਫਿਲਮ ਬਾਰਡਰ ‘ਚ ਦਿਖਾਇਆ ਗਿਆ ਸੀ। ਰਾਠੌਰ ਦੇ ਪੁੱਤਰ ਸਵਾਈ ਸਿੰਘ ਨੇ ਪੀਟੀਆਈ ਨੂੰ ਦੱਸਿਆ ਸੀ ਕਿ ਉਨ੍ਹਾਂ ਦੇ ਪਿਤਾ ਨੂੰ ਜੰਗ ਦੀ 51ਵੀਂ ਵਰ੍ਹੇਗੰਢ ਤੋਂ ਦੋ ਦਿਨ ਪਹਿਲਾਂ 14 ਦਸੰਬਰ ਨੂੰ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (ਏਮਜ਼) ਜੋਧਪੁਰ ਵਿੱਚ ਦਾਖ਼ਲ ਕਰਵਾਇਆ ਗਿਆ ਸੀ, ਜਦੋਂ ਉਨ੍ਹਾਂ ਦੀ ਸਿਹਤ ਵਿਗੜ ਗਈ ਸੀ ਅਤੇ ਉਨ੍ਹਾਂ ਦੇ ਅੰਗਾਂ ਨੂੰ ਅਧਰੰਗ ਜਿਹਾ ਹੋ ਗਿਆ ਸੀ। ਡਾਕਟਰਾਂ ਨੇ ਪਰਿਵਾਰ ਨੂੰ ਦੱਸਿਆ ਕਿ ਭੈਰੋਂ ਸਿੰਘ ਨੂੰ ਸ਼ਾਇਦ ਬ੍ਰੇਨ ਹੈਮਰੇਜ ਹੋਇਆ ਹੈ। ਉਨ੍ਹਾਂ ਦਾ ਪਿਛਲੇ ਕੁਝ ਦਿਨਾਂ ਤੋਂ ਆਈਸੀਯੂ ਵਿੱਚ ਇਲਾਜ ਵੀ ਚੱਲ ਰਿਹਾ ਸੀ।

ਭੈਰੋਂ ਸਿੰਘ ਰਾਠੌਰ
‘ਲੌਂਗੋਵਾਲਾ ਜੰਗ’ ਦੇ ਨਾਇਕ ਭੈਰੋਂ ਸਿੰਘ ਰਾਠੌਰ ਨੂੰ ਪੂਰੇ ਸਤਿਕਾਰ ਨਾਲ ਅੰਤਿਮ ਵਿਦਾਈ।

ਸੀਮਾ ਸੁਰੱਖਿਆ ਬਲ (ਬੀ.ਐੱਸ.ਐੱਫ.) ਨੇ ਇਕ ਟਵੀਟ ਰਾਹੀਂ ਨਾਇਕ ਭੈਰੋਂ ਸਿੰਘ ਦੀ ਮੌਤ ਦੀ ਖ਼ਬਰ ਦਿੱਤੀ ਹੈ, ਜਿਸ ‘ਚ ਕਿਹਾ ਗਿਆ ਹੈ ਕਿ ਇਸ ਦੁੱਖ ਦੀ ਘੜੀ ‘ਚ ਸਮੁੱਚੀ ਸੈਨਿਕ ਫੋਰਸ ਇੱਕ ਪਰਿਵਾਰ ਵਾਂਗ ਉਨ੍ਹਾਂ ਦੇ ਪਰਿਵਾਰ ਨਾਲ ਖੜ੍ਹੀ ਹੈ। ਬੀਐੱਸਐੱਫ ਦੇ ਜਵਾਨ ਤੋਂ ਲੈ ਕੇ ਅਫਸਰ ਤੱਕ ਸਾਰੇ ਰੈਂਕ ਨੇ ਉਸਦੀ ਬਹਾਦੁਰੀ, ਹਿੰਮਤ ਅਤੇ ਡਿਊਟੀ ਪ੍ਰਤੀ ਲਗਨ ਨੂੰ ਸਲਾਮ ਕੀਤਾ। ਟਵੀਟ ਵਿੱਚ ਕਿਹਾ ਗਿਆ ਕਿ ਭੈਰੋਂ ਸਿੰਘ ਲੌਂਗੋਵਾਲਾ ਦੀ ਲੜਾਈ ਦਾ ਹੀਰੋ ਸੀ।

ਲੌਂਗੋਵਾਲਾ ਦੀ ਲੜਾਈ ਨੂੰ 1971 ਦੀ ਭਾਰਤ-ਪਾਕਿਸਤਾਨ ਜੰਗ ‘ਤੇ ਆਧਾਰਿਤ ਮਸ਼ਹੂਰ ਹਿੰਦੀ ਫਿਲਮ ‘ਬਾਰਡਰ’ ‘ਚ ਫਿਲਮਾਇਆ ਗਿਆ ਹੈ। ਇਸ ਵਿੱਚ ਅਦਾਕਾਰ ਸੁਨੀਲ ਸ਼ੈੱਟੀ ਨੇ ਭੈਰੋਂ ਸਿੰਘ ਦਾ ਕਿਰਦਾਰ ਨਿਭਾਇਆ ਹੈ। ਸੀਮਾ ਸੁਰੱਖਿਆ ਬਲ ਨੇ ਭੈਰੋਂ ਸਿੰਘ ਦੀ ਇੱਕ ਪੁਰਾਣੀ ਰਿਕਾਰਡ ਕੀਤੀ ਵੀਡੀਓ ਵੀ ਟਵੀਟ ਕੀਤੀ ਹੈ ਜਿਸ ਵਿੱਚ ਉਸ ਜੰਗ ਦੀ ਕਹਾਣੀ ਬਿਆਨ ਕੀਤੀ ਗਈ ਹੈ।