ਜੰਮੂ ਕਸ਼ਮੀਰ ਵਿੱਚ ਓਪ੍ਰੇਸ਼ਨ ਮਹਾਦੇਵ: ਪਹਿਲਗਾਮ ਹਮਲੇ ਦੇ ਮਾਸਟਰਮਾਈਂਡ ਸੁਲੇਮਾਨ ਸਮੇਤ 3 ਅੱਤਵਾਦੀ ਮਾਰੇ ਗਏ

2
ਮੁਕਾਬਲੇ ਵਾਲੀ ਜਗ੍ਹਾ ਜਿੱਥੇ ਅੱਤਵਾਦੀ ਛਿਪੇ ਹੋਏ ਸਨ।

ਭਾਰਤੀ ਸੁਰੱਖਿਆ ਬਲਾਂ ਨੇ ਇੱਕ ਮੁਕਾਬਲੇ ਦੌਰਾਨ ਜੰਮੂ ਕਸ਼ਮੀਰ ਦੇ ਲਿਡਵਾਸ ਦੇ ਜੰਗਲਾਂ ਵਿੱਚ ਛਿਪੇ ਤਿੰਨ ਅੱਤਵਾਦੀਆਂ ਨੂੰ ਮਾਰ ਮੁਕਾਇਆ ਹੈ। ਇਨ੍ਹਾਂ ਅੱਤਵਾਦੀਆਂ ਵਿੱਚੋਂ ਇੱਕ ਦਾ ਨਾਮ ਸੁਲੇਮਾਨ ਸ਼ਾਹ ਹੈ ਜਿਸਨੂੰ ਪਹਿਲਗਾਮ ਵਿੱਚ ਸੈਲਾਨੀਆਂ ਦੇ ਕਤਲੇਆਮ ਦਾ ਮਾਸਟਰਮਾਈਂਡ ਕਿਹਾ ਜਾਂਦਾ ਹੈ। ਬਾਕੀ ਦੋ ਅੱਤਵਾਦੀਆਂ ਦੇ ਨਾਮ ਅਬੂ ਹਮਜ਼ਾ ਅਤੇ ਯਾਸੀਰ ਹਨ। ਕਿਹਾ ਜਾਂਦਾ ਹੈ ਕਿ ਸੁਲੇਮਾਨ ਪਾਕਿਸਤਾਨੀ ਫੌਜ ਵਿੱਚ ਰਹਿ ਚੁੱਕਾ ਹੈ ਅਤੇ ਉਸਨੂੰ ਹਾਸ਼ਿਮ ਮੂਸਾ ਵਜੋਂ ਵੀ ਜਾਣਿਆ ਜਾਂਦਾ ਸੀ।

 

ਭਾਰਤੀ ਫੌਜ ਦੀ ਚਿਨਾਰ ਕੋਰ ਨੇ ਇਸ ਕਾਰਵਾਈ ਨੂੰ ‘ਓਪ੍ਰੇਸ਼ਨ ਮਹਾਦੇਵ’ ਦਾ ਨਾਮ ਦਿੱਤਾ ਹੈ ਜਿਸ ਵਿੱਚ ਹੋਰ ਸੁਰੱਖਿਆ ਬਲਾਂ ਨੇ ਵੀ ਸਹਿਯੋਗ ਕੀਤਾ। ਚਿਨਾਰ ਕੋਰ ਦੇ ਕਮਾਂਡਰ ਲੈਫਟੀਨੈਂਟ ਜਨਰਲ ਪ੍ਰਤੀਕ ਸ਼ਰਮਾ ਨੇ ਇਸ ਲਈ ਫੌਜ ਅਤੇ ਹੋਰ ਬਲਾਂ ਦੀ ਸ਼ਲਾਘਾ ਕੀਤੀ ਹੈ।

 

ਚਿਨਾਰ ਕੋਰ ਦੇ ਇੱਕ ਬੁਲਾਰੇ ਨੇ ਸੋਮਵਾਰ ਸਵੇਰੇ ਹੋਏ ਇਸ ਮੁਕਾਬਲੇ ਬਾਰੇ ਕਿਹਾ ਕਿ ਲਿਡਵਾਸ ਵਿੱਚ ਕਾਰਵਾਈ ਦੌਰਾਨ ਅੱਤਵਾਦੀਆਂ ਨੇ ਭਾਰੀ ਗੋਲੀਬਾਰੀ ਕੀਤੀ। ਲਿਡਵਾਸ ਦੋ ਪਾਸਿਆਂ ਤੋਂ ਸੰਘਣੇ ਜੰਗਲਾਂ ਨਾਲ ਘਿਰਿਆ ਹੋਇਆ ਹੈ। ਲਿਡਵਾਸ ਦਾਚੀਗਾਮ ਜੰਗਲ ਖੇਤਰ ਦੇ ਉੱਪਰੀ ਖੇਤਰਾਂ ਵਿੱਚ ਹੈ। ਦਾਚੀਗਾਮ ਜੰਗਲ ਖੇਤਰ ਦੇ ਦੋ ਪਾਸੇ ਹਨ, ਇੱਕ ਪਾਸਾ ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਵਿੱਚ ਪਹਿਲਗਾਮ ਵੱਲ ਜਾਂਦਾ ਹੈ ਅਤੇ ਦੂਜਾ ਗੰਦੇਰਬਲ ਜ਼ਿਲ੍ਹੇ ਨਾਲ ਜੁੜਦਾ ਹੈ।

 

ਮੁਕਾਬਲੇ ਵਾਲੀ ਥਾਂ ਤੋਂ ਅੱਤਵਾਦੀਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਸ਼ੁਰੂਆਤੀ ਰਿਪੋਰਟਾਂ ਤੋਂ ਪਤਾ ਲੱਗਾ ਹੈ ਕਿ ਇੱਥੋਂ ਇੱਕ ਅਮਰੀਕੀ ਕਾਰਬਾਈਨ, ਇੱਕ ਏਕੇ-47, 17 ਰਾਈਫਲ ਗ੍ਰੇਨੇਡ ਅਤੇ ਹੋਰ ਸਮਾਨ ਵੀ ਬਰਾਮਦ ਕੀਤਾ ਗਿਆ ਹੈ। ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਜੰਗਲ ਦੇ ਅੰਦਰ ਇੱਕ ਛੁਪਣਗਾਹ ਮਿਲੀ ਹੈ ਜਿੱਥੇ ਅੱਤਵਾਦੀ ਆਪਣੇ ਲਈ ਖਾਣਾ ਬਣਾਉਂਦੇ ਸਨ। ਛੁਪਣਗਾਹ ‘ਤੇ ਖਾਣ-ਪੀਣ ਦੀਆਂ ਚੀਜ਼ਾਂ ਅਤੇ ਖਾਣਾ ਪਕਾਉਣ ਦੇ ਭਾਂਡੇ ਦੇਖੇ ਗਏ ਸਨ।

 

ਜੰਮੂ-ਕਸ਼ਮੀਰ ਪੁਲਿਸ ਨੇ ਅੱਤਵਾਦੀ ਸੁਲੇਮਾਨ ਸ਼ਾਹ ਦੀ ਗ੍ਰਿਫ਼ਤਾਰੀ ‘ਤੇ 20 ਲੱਖ ਰੁਪਏ ਦੇ ਇਨਾਮ ਦਾ ਐਲਾਨ ਵੀ ਕੀਤਾ ਸੀ। ਉਹ ਪਹਿਲਾਂ ਵੀ ਜੰਮੂ-ਕਸ਼ਮੀਰ ਵਿੱਚ ਕੁਝ ਅੱਤਵਾਦੀ ਹਮਲਿਆਂ ਵਿੱਚ ਸ਼ਾਮਲ ਰਿਹਾ ਹੈ। ਸੁਲੇਮਾਨ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਨਾਲ ਸਬੰਧਿਤ ਸੀ। ਕਿਹਾ ਜਾਂਦਾ ਹੈ ਕਿ ਸੁਲੇਮਾਨ ਸ਼ਾਹ ਪਾਕਿਸਤਾਨੀ ਫੌਜ ਦੀ ਇੱਕ ਵਿਸ਼ੇਸ਼ ਇਕਾਈ ਸਪੈਸ਼ਲ ਸਰਵਿਸ ਗਰੁੱਪ (SSG) ਦਾ ਕਮਾਂਡੋ ਸੀ।

 

ਪਹਿਲਗਾਮ ਹਮਲਾ:

 

ਜ਼ਿਕਰਯੋਗ ਹੈ ਕਿ 22 ਅਪ੍ਰੈਲ 2025 ਨੂੰ ਆਧੁਨਿਕ ਹਥਿਆਰਾਂ ਨਾਲ ਲੈਸ ਅੱਤਵਾਦੀਆਂ ਨੇ ਜੰਮੂ-ਕਸ਼ਮੀਰ ਦੀ ਮਕਬੂਲ ਸੈਰਗਾਹ  ਪਹਿਲਗਾਮ ਵਿੱਚ 26 ਸੈਲਾਨੀਆਂ ਨੂੰ ਬੇਰਹਿਮੀ ਨਾਲ ਗੋਲੀ ਮਾਰ ਕੇ ਮਾਰ ਦਿੱਤਾ ਸੀ। ਇਹ ਹਮਲਾ ਧਰਮ ਦੇ ਆਧਾਰ ‘ਤੇ ਸੈਲਾਨੀਆਂ ਦੀ ਚੋਣ ਕਰਕੇ ਕੀਤਾ ਗਿਆ ਸੀ। ਮਹਿਲਾਵਾਂ ਅਤੇ ਬੱਚਿਆਂ ਨੂੰ ਵੱਖ ਕਰ ਦਿੱਤਾ ਗਿਆ ਸੀ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਮਰਦਾਂ ਨੂੰ ਉਨ੍ਹਾਂ ਦੇ ਸਾਹਮਣੇ ਮਾਰ ਦਿੱਤਾ ਗਿਆ ਸੀ। ਇਸ ਕਤਲੇਆਮ ਦੀ ਜ਼ਿੰਮੇਵਾਰੀ TRF (The Resistant Front) ਨੇ ਲਈ ਸੀ, ਜਿਸਦਾ ਨਾਮ ਪਹਿਲੀ ਵਾਰ ਸੁਣਿਆ ਗਿਆ ਸੀ। ਹਾਲਾਂਕਿ, ਇਸ ਵਾਰਦਾਤ ਤੋਂ ਬਾਅਦ ਅਮਰੀਕਾ ਨੇ TRF ਨੂੰ ਇੱਕ ਵਿਦੇਸ਼ੀ ਅੱਤਵਾਦੀ ਸੰਗਠਨ ਵਜੋਂ ਵੀ ਐਲਾਨ ਕੀਤਾ ਸੀ।

 

ਓਪ੍ਰੇਸ਼ਨ ਸਿੰਦੂਰ:

ਪਹਿਲਗਾਮ ਹਮਲੇ ਤੋਂ ਬਾਅਦ ਬਦਲੇ ਵਿੱਚ ਅਤੇ ਭਾਰਤ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਲ ਅੱਤਵਾਦੀਆਂ ਨੂੰ ਸਬਕ ਸਿਖਾਉਣ ਲਈ  ਭਾਰਤ ਨੇ ਮਈ 2025 ਵਿੱਚ ‘ਓਪ੍ਰੇਸ਼ਨ ਸਿੰਦੂਰ’ ਸ਼ੁਰੂ ਕੀਤਾ। ਇਹ ਕਾਰਵਾਈ ਪਾਕਿਸਤਾਨੀ ਖੇਤਰ ਵਿੱਚ ਫੌਜ ਭੇਜੇ ਬਿਨਾਂ ਹਵਾਈ ਹਮਲੇ ਵਜੋਂ ਕੀਤੀ ਗਈ ਸੀ। ਇਸ ‘ਤੇ ਪ੍ਰਤੀਕਿਰਿਆ ਦਿੰਦੇ ਹੋਏ, ਪਾਕਿਸਤਾਨੀ ਫੌਜ ਨੇ ਕੰਟ੍ਰੋਲ ਰੇਖਾ ਦੇ ਪਾਰ ਭਾਰਤੀ ਨਾਗਰਿਕ ਇਲਾਕਿਆਂ ‘ਤੇ ਹਮਲਾ ਕੀਤਾ। ਜਵਾਬ ਵਿੱਚ ਭਾਰਤ ਨੇ ਪਾਕਿਸਤਾਨੀ ਫੌਜੀ ਠਿਕਾਣਿਆਂ ਨੂੰ ਨਿਸ਼ਾਨਾ ਬਣਾਇਆ, ਜਿਸ ਨਾਲ ਪਾਕਿਸਤਾਨੀ ਫੌਜ ਨੂੰ ਭਾਰੀ ਨੁਕਸਾਨ ਪਹੁੰਚਿਆ। ਹਾਲਾਂਕਿ, ਪਾਕਿਸਤਾਨ ਨੇ ਇਹ ਵੀ ਦਾਅਵਾ ਕੀਤਾ ਕਿ ਉਸਨੇ ਜਵਾਬੀ ਹਮਲੇ ਵਿੱਚ ਭਾਰਤੀ ਫੌਜ ਦੇ ਕੁਝ ਜਹਾਜ਼ਾਂ ਨੂੰ ਤਬਾਹ ਕਰ ਦਿੱਤਾ।

 

ਜੰਗਬੰਦੀ:

ਪਾਕਿਸਤਾਨ ਦੇ ਫੌਜੀ ਓਪ੍ਰੇਸ਼ਨਾਂ ਦੇ ਡਾਇਰੈਕਟਰ ਜਨਰਲ (ਡੀਜੀਐੱਮਓ, ਪਾਕਿਸਤਾਨ) ਨੇ ਫਿਰ ਭਾਰਤ ਦੇ ਡੀਜੀਐੱਮਓ ਨੂੰ ਫ਼ੋਨ ਕੀਤਾ ਜਿਸ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗਬੰਦੀ ਦਾ ਐਲਾਨ ਕੀਤਾ ਗਿਆ ਪਰ ਭਾਰਤ ਵੱਲੋਂ ਐਲਾਨ ਕੀਤੇ ਜਾਣ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੁਝ ਘੰਟੇ ਪਹਿਲਾਂ ਇਸਦਾ ਐਲਾਨ ਕੀਤਾ। ਇੰਨਾ ਹੀ ਨਹੀਂ, ਡੋਨਾਲਡ ਟਰੰਪ ਨੇ ਇਹ ਵੀ ਦਾਅਵਾ ਕੀਤਾ ਕਿ ਅਮਰੀਕਾ ਨੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਸਾਲਸੀ ਕਰਕੇ ਜੰਗਬੰਦੀ ਕਰਵਾਈ ਹੈ।

ਚਿਨਾਰ ਕੋਰ ਦੇ ਕਮਾਂਡਰ ਲੈਫਟੀਨੈਂਟ ਜਨਰਲ ਪ੍ਰਤੀਕ ਸ਼ਰਮਾ ਕਸ਼ਮੀਰ ਵਿੱਚ ਉੱਚ ਫੌਜੀ ਅਧਿਕਾਰੀਆਂ ਨਾਲ

ਵਿਵਾਦ ਅਤੇ ਰਾਜਨੀਤੀ:

ਪਾਕਿਸਤਾਨੀ ਕਾਰਵਾਈ ਵਿੱਚ ਭਾਰਤੀ ਫੌਜ ਨੂੰ ਹੋਏ ਨੁਕਸਾਨ ਅਤੇ ਜੰਗਬੰਦੀ ਵਿੱਚ ਅਮਰੀਕਾ ਦੀ ਭੂਮਿਕਾ ਦੇ ਖੁਲਾਸੇ ਨੇ ਭਾਰਤ ਵਿੱਚ ਸਿਆਸੀ ਜੰਗ ਛੇੜ ਦਿੱਤੀ। ਕੇਂਦਰ ਵਿੱਚ ਸੱਤਾਧਾਰੀ ਪਾਰਟੀ ਨੇ ਸਰਕਾਰ ਦਾ ਸਮਰਥਨ ਕਰਦੇ ਹੋਏ ਵਿਰੋਧੀ ਧਿਰ ਦੀ ਆਲੋਚਨਾ ਕੀਤੀ ਪਰ ਕਦੇ ਵੀ ਇਨ੍ਹਾਂ ਦੋਵਾਂ ਬਿੰਦੂਆਂ ‘ਤੇ ਸਥਿਤੀ ਸਪੱਸ਼ਟ ਨਹੀਂ ਕੀਤੀ। ਇੱਕ ਵਾਰ ਨਹੀਂ ਬਲਕਿ ਟਰੰਪ ਨੇ ਇਸ ਤੋਂ ਬਾਅਦ ਵੀ ਆਪਣਾ ਦਾਅਵਾ ਦੁਹਰਾਇਆ। ਟਰੰਪ ਦੇ ਅਜਿਹੇ ਬਿਆਨ ਸੋਸ਼ਲ ਮੀਡੀਆ ‘ਤੇ ਵੀ ਵਾਇਰਲ ਹੋਏ।

ਹੁਣ, ਦੋ ਮਹੀਨੇ ਬਾਅਦ, ਲੋਕ ਸਭਾ ਵਿੱਚ 28 ਜੁਲਾਈ ਨੂੰ ਸ਼ੁਰੂ ਹੋਏ ਮਾਨਸੂਨ ਸੈਸ਼ਨ ਦੇ ਪਹਿਲੇ ਦਿਨ ਇਸ ‘ਓਪ੍ਰੇਸ਼ਨ ਸਿੰਦੂਰ’ ‘ਤੇ ਚਰਚਾ ਦੌਰਾਨ, ਭਾਰਤ ਸਰਕਾਰ ਨੇ ਸਥਿਤੀ ਸਪੱਸ਼ਟ ਕੀਤੀ। ਸੰਸਦ ਵਿੱਚ ਆਪਣੇ ਬਿਆਨ ਵਿੱਚ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਸਪੱਸ਼ਟ ਤੌਰ ‘ਤੇ ਕਿਹਾ ਕਿ ਅਮਰੀਕਾ ਨੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗਬੰਦੀ ਲਿਆਉਣ ਵਿੱਚ ਕੋਈ ਵਿਚੋਲਗੀ ਦੀ ਭੂਮਿਕਾ ਨਹੀਂ ਨਿਭਾਈ।

ਇਸ ਦੇ ਨਾਲ ਹੀ, ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਆਪਣੇ ਬਿਆਨ ਵਿੱਚ ਕਿਹਾ ਕਿ 10 ਮਈ ਦੀ ਸਵੇਰ ਨੂੰ ਜਦੋਂ ਭਾਰਤੀ ਹਵਾਈ ਫੌਜ ਨੇ ਕਈ ਪਾਕਿਸਤਾਨੀ ਹਵਾਈ ਅੱਡਿਆਂ ‘ਤੇ ਭਾਰੀ ਹਮਲੇ ਕੀਤੇ, ਤਾਂ ਪਾਕਿਸਤਾਨ ਨੇ ਹਾਰ ਮੰਨ ਲਈ ਅਤੇ ਜੰਗਬੰਦੀ ਦੀ ਪੇਸ਼ਕਸ਼ ਕਰਨੀ ਸ਼ੁਰੂ ਕਰ ਦਿੱਤੀ।