ਭਾਰਤੀ ਹਵਾਈ ਸੈਨਾ ਦਾ ਲੜਾਕੂ ਜਹਾਜ਼ ਮਿਗ 29 ਕ੍ਰੈਸ਼ ਹੋ ਗਿਆ

13
ਭਾਰਤੀ ਹਵਾਈ ਸੈਨਾ ਦਾ ਮਿਗ-29 ਜਹਾਜ਼ ਰਾਜਸਥਾਨ ਦੇ ਬਾੜਮੇਰ ਵਿੱਚ ਹਾਦਸੇ ਦਾ ਸ਼ਿਕਾਰ ਹੋ ਗਿਆ।

ਭਾਰਤੀ ਹਵਾਈ ਸੈਨਾ ਦਾ ਲੜਾਕੂ ਜਹਾਜ਼ MIG 29 ਸੋਮਵਾਰ ਰਾਤ ਹਾਦਸੇ ਦਾ ਸ਼ਿਕਾਰ ਹੋ ਗਿਆ। ਪਰ ਜਹਾਜ਼ ਦਾ ਪਾਇਲਟ ਸੁਰੱਖਿਅਤ ਹੈ। ਇਹ ਹਾਦਸਾ ਰਾਜਸਥਾਨ ਦੇ ਬਾੜਮੇਰ ਵਿੱਚ ਵਾਪਰਿਆ। ਇਹ ਮਿਗ ਰੂਟੀਨ ਟ੍ਰੇਨਿੰਗ ਫਲਾਈਟ ‘ਤੇ ਸੀ।

 

ਹਵਾਈ ਸੈਨਾ ਦੇ ਅਧਿਕਾਰੀਆਂ ਨੇ ਦੱਸਿਆ ਕਿ ਭਾਰਤੀ ਹਵਾਈ ਸੈਨਾ ਦਾ ਇੱਕ ਮਿਗ-29 ਜਹਾਜ਼ ਸੋਮਵਾਰ ਦੇਰ ਰਾਤ ਬਾੜਮੇਰ ਵਿੱਚ ਹਾਦਸਾਗ੍ਰਸਤ ਹੋ ਗਿਆ। ਹਾਲਾਂਕਿ, ਪਾਇਲਟ ਸਮੇਂ ਸਿਰ ਸੁਰੱਖਿਅਤ ਬਚ ਗਿਆ ਅਤੇ ਇਸ ਹਾਦਸੇ ਵਿੱਚ ਕਿਸੇ ਹੋਰ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।

 

ਭਾਰਤੀ ਹਵਾਈ ਸੈਨਾ ਨੇ ਆਪਣੇ ਇੱਕ ਪੋਸਟ ਵਿੱਚ ਕਿਹਾ, “ਬਾੜਮੇਰ ਸੈਕਟਰ ਵਿੱਚ ਇੱਕ ਰੁਟੀਨ ਨਾਈਟ ਟ੍ਰੇਨਿੰਗ ਮਿਸ਼ਨ ਦੌਰਾਨ, ਭਾਰਤੀ ਹਵਾਈ ਸੈਨਾ ਦੇ ਇੱਕ ਮਿਗ-29 ਵਿੱਚ ਇੱਕ ਗੰਭੀਰ ਤਕਨੀਕੀ ਨੁਕਸ ਪੈਦਾ ਹੋ ਗਿਆ, ਜਿਸ ਕਾਰਨ ਪਾਇਲਟ ਨੂੰ ਜਹਾਜ਼ ਤੋਂ ਬਾਹਰ ਨਿਕਲਣਾ ਪਿਆ,” ਭਾਰਤੀ ਹਵਾਈ ਸੈਨਾ ਨੇ ਸੋਸ਼ਲ ਮੀਡੀਆ ਐਕਸ ‘ਤੇ ਹੈਂਡਲ ਵਿੱਚ ਆਪਣੇ ਇੱਕ ਪੋਸਟ ਵਿੱਚ ਕਿਹਾ ਕਿ, “ਪਾਇਲਟ ਸੁਰੱਖਿਅਤ ਹੈ ਅਤੇ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਪੋਸਟ ਵਿੱਚ ਅੱਗੇ ਕਿਹਾ ਗਿਆ ਹੈ ਕਿ “ਕੋਰਟ ਆਫ ਇਨਕੁਆਰੀ ਦਾ ਹੁਕਮ ਦਿੱਤਾ ਗਿਆ ਹੈ।”

 

ਮਿਗ 29 ਦੇ ਕ੍ਰੈਸ਼ ਹੋਣ ਦੀ ਸੂਚਨਾ ਮਿਲਣ ‘ਤੇ ਬਾੜਮੇਰ ਦੇ ਜ਼ਿਲ੍ਹਾ ਕੁਲੈਕਟਰ ਨਿਸ਼ਾਂਤ ਜੈਨ ਅਤੇ ਐੱਸਪੀ ਨਰਿੰਦਰ ਸਿੰਘ ਮੀਨਾ ਜ਼ਿਲ੍ਹੇ ਦੇ ਹੋਰ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮੌਕੇ ‘ਤੇ ਪਹੁੰਚੇ। ਸ੍ਰੀ ਮੀਨਾ ਨੇ ਦੱਸਿਆ ਕਿ ਇਹ ਹਾਦਸਾ ਬਾੜਮੇਰ ਦੇ ਉਤਰਲਾਈ ਏਅਰਬੇਸ ਨੇੜੇ ਵਾਪਰਿਆ।

 

ਬਾੜਮੇਰ ‘ਚ ਮਿਗ 29 ਦੇ ਕ੍ਰੈਸ਼ ਨੂੰ ਦੇਖਣ ਵਾਲੇ ਸਥਾਨਕ ਲੋਕਾਂ ਨੇ ਦੱਸਿਆ ਕਿ ਜ਼ਬਰਦਸਤ ਧਮਾਕੇ ਤੋਂ ਬਾਅਦ ਜਹਾਜ਼ ‘ਚ ਅੱਗ ਲੱਗ ਗਈ। ਹਾਲਾਂਕਿ ਚੰਗੀ ਗੱਲ ਇਹ ਰਹੀ ਕਿ ਪਾਇਲਟ ਹਾਦਸੇ ਤੋਂ ਪਹਿਲਾਂ ਹੀ ਜਹਾਜ਼ ਨੂੰ ਸੁੰਨਸਾਨ ਜਗ੍ਹਾ ‘ਤੇ ਲੈ ਜਾਣ ‘ਚ ਕਾਮਯਾਬ ਹੋ ਗਿਆ ਸੀ।