ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਆਪਣੇ ਚਾਰ ਦਿਨਾਂ ਅਮਰੀਕਾ ਦੌਰੇ ‘ਤੇ ਕੱਲ੍ਹ ਸ਼ਾਮ ਰਾਜਧਾਨੀ ਵਾਸ਼ਿੰਗਟਨ ਪਹੁੰਚੇ। ਰਾਜਨਾਥ ਸਿੰਘ ਅਮਰੀਕੀ ਰੱਖਿਆ ਮੰਤਰੀ ਲੋਇਡ ਆਸਟਿਨ ਦੇ ਸੱਦੇ ‘ਤੇ 23 ਤੋਂ 26 ਅਗਸਤ, 2024 ਤੱਕ ਅਮਰੀਕਾ ਦੇ ਅਧਿਕਾਰਤ ਦੌਰੇ ‘ਤੇ ਹੋਣਗੇ।
ਇਸ ਦੌਰੇ ਦੌਰਾਨ ਰੱਖਿਆ ਮੰਤਰੀ ਰਾਜਨਾਥ ਸਿੰਘ ਆਪਣੇ ਅਮਰੀਕੀ ਹਮਰੁਤਬਾ ਲੋਇਡ ਆਸਟਿਨ ਨਾਲ ਦੁਵੱਲੀ ਮੀਟਿੰਗ ਕਰਨਗੇ। ਉਹ ਰਾਸ਼ਟਰੀ ਸੁਰੱਖਿਆ ਮਾਮਲਿਆਂ ਲਈ ਅਮਰੀਕੀ ਰਾਸ਼ਟਰਪਤੀ ਦੇ ਸਹਾਇਕ ਜੇਕ ਸੁਲੀਵਾਨ (Jake Sullivan) ਨਾਲ ਵੀ ਮੁਲਾਕਾਤ ਕਰਨਗੇ।
ਰਾਜਨਾਥ ਸਿੰਘ ਨੇ ਵਾਸ਼ਿੰਗਟਨ ਡੀਸੀ ਵਿੱਚ ਭਾਰਤੀ ਦੂਤਾਵਾਸ (Indian Embassy) ਵੱਲੋਂ ਕਰਵਾਏ ਗਏ ਇੱਕ ਪ੍ਰੋਗਰਾਮ ਵਿੱਚ ਉੱਥੇ ਰਹਿ ਰਹੇ ਭਾਰਤੀਆਂ ਨਾਲ ਮੁਲਾਕਾਤ ਕੀਤੀ। ਰੱਖਿਆ ਮੰਤਰੀ ਨੇ ਆਪਣੀ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ, “ਭਾਰਤੀ ਭਾਈਚਾਰੇ ਨਾਲ ਇੱਕ ਜੀਵੰਤ ਗੱਲਬਾਤ ਹੋਈ। ਇਹ ਦੇਖ ਕੇ ਖੁਸ਼ੀ ਹੋਈ ਕਿ ਕਿਵੇਂ ਭਾਰਤੀ ਭਾਈਚਾਰਾ ਆਪਣੀਆਂ ਸੱਭਿਆਚਾਰਕ ਕਦਰਾਂ-ਕੀਮਤਾਂ ਨੂੰ ਸੰਭਾਲਦਾ ਅਤੇ ਕਾਇਮ ਰੱਖਦਾ ਹੈ ਅਤੇ ਆਪਣੀਆਂ ਜੜ੍ਹਾਂ ਨਾਲ ਜੁੜਿਆ ਰਹਿੰਦਾ ਹੈ।”
ਰੱਖਿਆ ਮੰਤਰਾਲੇ ਵੱਲੋਂ ਜਾਰੀ ਪ੍ਰੈੱਸ ਬਿਆਨ ਵਿੱਚ ਕਿਹਾ ਗਿਆ ਹੈ ਕਿ ਰੱਖਿਆ ਮੰਤਰੀ ਰਾਜਨਾਥ ਸਿੰਘ ਦਾ ਇਹ ਦੌਰਾ ਭਾਰਤ-ਅਮਰੀਕਾ ਸਬੰਧਾਂ ਅਤੇ ਵੱਖ-ਵੱਖ ਪੱਧਰਾਂ ‘ਤੇ ਰੱਖਿਆ ਸਬੰਧਾਂ ਵਿੱਚ ਲਗਾਤਾਰ ਹੋ ਰਹੀ ਤਰੱਕੀ ਦੇ ਪਿਛੋਕੜ ਵਿੱਚ ਹੋ ਰਿਹਾ ਹੈ। ਇਹ ਦੌਰਾ ਉਮੀਦ ਪ੍ਰਗਟ ਕਰਦਾ ਹੈ ਕਿ ਭਾਰਤ-ਅਮਰੀਕਾ ਵਿਆਪਕ ਆਲਮੀ ਰਣਨੀਤਕ ਭਾਈਵਾਲੀ ਹੋਰ ਮਜਬੂਤ ਅਤੇ ਵਿਆਪਕ ਹੋਵੇਗੀ।”
ਰੀਲੀਜ਼ ਦੇ ਅਨੁਸਾਰ, ਰਾਜਨਾਥ ਸਿੰਘ ਮੌਜੂਦਾ ਅਤੇ ਭਵਿੱਖ ਦੇ ਰੱਖਿਆ ਸਹਿਯੋਗ ‘ਤੇ ਰੱਖਿਆ ਉਦਯੋਗ ਦੇ ਨਾਲ ਇੱਕ ਉੱਚ-ਪੱਧਰੀ ਗੋਲਮੇਜ ਬੈਠਕ ਦੀ ਪ੍ਰਧਾਨਗੀ ਵੀ ਕਰਨਗੇ।