ਭਾਰਤੀ ਪੁਲਿਸ ਸੇਵਾ ਦੇ ਪੱਛਮੀ ਬੰਗਾਲ ਕੈਡਰ ਦੇ ਅਧਿਕਾਰੀ ਕੁਲਦੀਪ ਸਿੰਘ ਨੂੰ ਕੇਂਦਰੀ ਰਿਜ਼ਰਵ ਪੁਲਿਸ ਫੋਰਸ (ਸੀਆਰਪੀਐੱਫ) ਦੇ ਡਾਇਰੈਕਟਰ ਜਨਰਲ ਦੇ ਅਹੁਦੇ ‘ਤੇ ਨਿਯੁਕਤ ਕੀਤਾ ਗਿਆ ਹੈ। ਕੁਲਦੀਪ ਸਿੰਘ 1986 ਬੈਚ ਦੇ ਆਈਪੀਐੱਸ ਅਧਿਕਾਰੀ ਹਨ ਅਤੇ ਹਾਲ ਹੀ ਵਿੱਚ ਸੀਆਰਪੀਐੱਫ ਵਿੱਚ ਸਪੈਸ਼ਲ ਡਾਇਰੈਕਟਰ ਦੇ ਅਹੁਦੇ ‘ਤੇ ਸਨ। ਦੂਜੇ ਪਾਸੇ, ਐੱਮ.ਏ ਗਣਪਤੀ, ਉਸੇ ਬੈਚ ਦੇ ਉੱਤਰਾਖੰਡ ਕੈਡਰ ਦੇ ਆਈਪੀਐੱਸ ਅਧਿਕਾਰੀ ਨੂੰ ਰਾਸ਼ਟਰੀ ਸੁਰੱਖਿਆ ਗਾਰਡਜ਼ (ਐੱਨਐੱਸਜੀ) ਦਾ ਡਾਇਰੈਕਟਰ ਜਨਰਲ ਬਣਾਇਆ ਗਿਆ ਹੈ।



ਦੋਵੇਂ ਅਧਿਕਾਰੀਆਂ ਦੇ ਇਨ੍ਹਾਂ ਬਲਾਂ ਦੇ ਮੁਖੀ ਬਣਾਏ ਜਾਣ ਨੂੰ ਭਾਰਤ ਸਰਕਾਰ ਦੀ ਨਿਯੁਕਤੀ ਮਾਮਲਿਆਂ ਦੀ ਕੈਬਨਿਟ ਦੀ ਕਮੇਟੀ ਨੇ 11 ਮਾਰਚ ਨੂੰ ਹੋਈ ਮੀਟਿੰਗ ਵਿੱਚ ਮਨਜ਼ੂਰੀ ਦਿੱਤੀ ਸੀ। ਕੇਂਦਰੀ ਗ੍ਰਹਿ ਮੰਤਰਾਲੇ ਨੇ ਮੰਗਲਵਾਰ 16 ਮਾਰਚ 2021 ਨੂੰ ਨਿਯੁਕਤੀ ਨਾਲ ਸਬੰਧਿਤ ਹੁਕਮ ਜਾਰੀ ਕੀਤੇ ਹਨ। ਆਈਪੀਐੱਸ ਅਧਿਕਾਰੀ ਕੁਲਦੀਪ ਸਿੰਘ 30 ਸਤੰਬਰ 2022 ਤੱਕ ਸੀਆਰਪੀਐੱਫ ਦੇ ਡਾਇਰੈਕਟਰ ਜਨਰਲ ਬਣੇ ਰਹਿਣਗੇ। ਉਨ੍ਹਾਂ ਨੂੰ ਡਾ. ਏਪੀ ਮਹੇਸ਼ਵਰੀ ਦੀ ਥਾਂ ਸੀਆਰਪੀਐੱਫ ਦਾ ਮੁਖੀ ਬਣਾਇਆ ਗਿਆ ਹੈ। ਡਾ: ਮਹੇਸ਼ਵਰੀ ਦੀ ਰਿਟਾਇਰਮੈਂਟ 28 ਫਰਵਰੀ ਨੂੰ ਸੀ।


ਉਸੇ ਹੀ ਬੈਠਕ ਵਿੱਚ ਕਮੇਟੀ ਨੇ ਨਾਗਰਿਕ ਹਵਾਬਾਜ਼ੀ ਸੁਰੱਖਿਆ ਬਿਓਰੋ ਦੇ ਡਾਇਰੈਕਟਰ ਜਨਰਲ ਐੱਮ.ਏ. ਗਣਪਤੀ ਨੂੰ ਕੌਮੀ ਸੁਰੱਖਿਆ ਗਾਰਡ (ਐੱਨਐੱਸਜੀ) ਦਾ ਮੁਖੀ ਨਿਯੁਕਤ ਕਰਨ ਨੂੰ ਮਨਜ਼ੂਰੀ ਦਿੱਤੀ। ਉਨ੍ਹਾਂ ਦਾ ਕਾਰਜਕਾਲ ਆਪਣੀ ਸੇਵਾਮੁਕਤੀ ਦੀ ਤਰੀਕ 29 ਫਰਵਰੀ 2024 ਤੱਕ ਰਹੇਗਾ।