ਹਿਮਾਚਲ ਪ੍ਰਦੇਸ਼ ਦੇ ਪੁਲਿਸ ਡਾਇਰੈਕਟਰ ਜਨਰਲ ਅਤੁਲ ਵਰਮਾ ਨੇ ਰਸਮੀ ਤੌਰ ‘ਤੇ ਰਾਜ ਸਰਕਾਰ ਨੂੰ ਸ਼ਿਮਲਾ ਦੇ ਪੁਲਿਸ ਸੁਪਰਿੰਟੈਂਡੈਂਟ (ਐੱਸਪੀ ਸ਼ਿਮਲਾ) ਸੰਜੀਵ ਕੁਮਾਰ ਗਾਂਧੀ ਨੂੰ ਤੁਰੰਤ ਮੁਅੱਤਲ ਕਰਨ ਦੀ ਸਿਫਾਰਸ਼ ਕੀਤੀ ਹੈ। ਉਸਨੇ ਸੰਜੀਵ ਗਾਂਧੀ ਵੱਲੋਂ ਲਗਾਏ ਗਏ ਗੰਭੀਰ ਦੋਸ਼ਾਂ ਦੇ ਜਵਾਬ ਵਿੱਚ “ਦੁਰਵਿਵਹਾਰ ਅਤੇ ਅਵੱਗਿਆ” ਦਾ ਹਵਾਲਾ ਦਿੱਤਾ ਹੈ। ਇਹ ਸਿਫ਼ਾਰਸ਼ ਐੱਸਪੀ ਗਾਂਧੀ ਵੱਲੋਂ ਇੱਕ ਦਿਨ ਪਹਿਲਾਂ ਜਨਤਕ ਤੌਰ ‘ਤੇ ਲਗਾਏ ਗਏ ਦੋਸ਼ਾਂ ਤੋਂ ਬਾਅਦ ਕੀਤੀ ਗਈ ਹੈ।
ਹਿਮਾਚਲ ਪ੍ਰਦੇਸ਼ ਦੇ ਵਧੀਕ ਮੁੱਖ ਸਕੱਤਰ (ਗ੍ਰਹਿ) ਨੂੰ ਲਿਖੇ ਇੱਕ ਪੱਤਰ ਵਿੱਚ ਡੀਜੀਪੀ ਅਤੁਲ ਵਰਮਾ ਨੇ ਕਿਹਾ ਹੈ ਕਿ ਐੱਸਪੀ ਸੰਜੀਵ ਗਾਂਧੀ ਨੇ ਉਨ੍ਹਾਂ, ਸੀਨੀਅਰ ਸਰਕਾਰੀ ਅਧਿਕਾਰੀਆਂ ਅਤੇ ਸੰਵਿਧਾਨਕ ਅਧਿਕਾਰੀਆਂ, ਜਿਨ੍ਹਾਂ ਵਿੱਚ ਇੱਕ ਸਾਬਕਾ ਡੀਜੀਪੀ ਅਤੇ ਰਾਜ ਦੇ ਮੁੱਖ ਸਕੱਤਰ ਸ਼ਾਮਲ ਹਨ, ਵਿਰੁੱਧ ਬੇਬੁਨਿਆਦ ਅਤੇ ਗੈਰ-ਵਾਜਬ ਦੋਸ਼ ਲਗਾਏ ਹਨ। ਇਹ ਪੱਤਰ ਮੁੱਖ ਸਕੱਤਰ ਅਤੇ ਮੁੱਖ ਮੰਤਰੀ ਦਫ਼ਤਰ ਨਾਲ ਵੀ ਸਾਂਝਾ ਕੀਤਾ ਗਿਆ ਹੈ। ਪੱਤਰ ਦੇ ਨਾਲ, ਸ਼ਨੀਵਾਰ ਨੂੰ ਐੱਸਪੀ ਸੰਜੀਵ ਗਾਂਧੀ ਦੀ ਵਿਵਾਦਪੂਰਨ ਮੀਡੀਆ ਗੱਲਬਾਤ ਦੀ ਵੀਡੀਓ ਫੁਟੇਜ ਵੀ ਭੇਜੀ ਗਈ ਹੈ।
ਸ਼ਿਮਲਾ ਦੇ ਐੱਸਪੀ ਸੰਜੀਵ ਗਾਂਧੀ ਨੇ ਸ਼ੁੱਕਰਵਾਰ ਨੂੰ ਇੱਕ ਪ੍ਰੈਸ ਕਾਨਫ੍ਰੰਸ ਵਿੱਚ ਇੱਕ ਵਿਧਾਇਕ ਅਤੇ ਅਧਿਕਾਰੀਆਂ ‘ਤੇ ਜਨਤਕ ਤੌਰ ‘ਤੇ ਦੋਸ਼ ਲਗਾਏ ਸਨ। ਉਸਨੇ ਡੀਜੀਪੀ ਦਫ਼ਤਰ ‘ਤੇ ਹਿਮਾਚਲ ਪ੍ਰਦੇਸ਼ ਪਾਵਰ ਕਾਰਪੋਰੇਸ਼ਨ ਲਿਮਟਿਡ (ਐੱਚਪੀਪੀਸੀਐਲ) ਦੇ ਮੁੱਖ ਇੰਜੀਨੀਅਰ ਵਿਮਲ ਨੇਗੀ ਦੀ ਰਹੱਸਮਈ ਮੌਤ ਦੀ ਜਾਂਚ ਵਿੱਚ ਰੁਕਾਵਟ ਪਾਉਣ ਦਾ ਦੋਸ਼ ਲਗਾਇਆ ਸੀ। ਸੰਜੀਵ ਗਾਂਧੀ ਨੇ ਪੁਲਿਸ ਡਾਇਰੈਕਟਰ ਜਨਰਲ ਅਤੁਲ ਵਰਮਾ ਦੇ ਨਿੱਜੀ ਸਟਾਫ਼ ਦੇ ਇੱਕ ਮੈਂਬਰ ਅਤੇ ਸੰਜੇ ਭੂਰੀਆ ਡਰੱਗ ਤਸਕਰੀ ਗਿਰੋਹ ਵਿਚਾਲੇ ਸਬੰਧਾਂ ਦਾ ਵੀ ਦਾਅਵਾ ਕੀਤਾ।
ਸੰਜੀਵ ਗਾਂਧੀ ਨੇ ਇਹ ਪ੍ਰੈੱਸ ਕਾਨਫ੍ਰੰਸ ਹਾਈ ਕੋਰਟ ਦੇ ਵਿਮਲ ਨੇਗੀ ਦੀ ਮੌਤ ਦੇ ਮਾਮਲੇ ਦੀ ਜਾਂਚ ਕੇਂਦਰੀ ਜਾਂਚ ਬਿਊਰੋ ਤੋਂ ਕਰਵਾਉਣ ਦੇ ਹੁਕਮ ਤੋਂ ਬਾਅਦ ਕੀਤੀ। ਸੰਜੀਵ ਗਾਂਧੀ ਨੇਗੀ ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਦੀ ਅਗਵਾਈ ਕਰ ਰਹੇ ਸਨ। ਉਸਨੇ ਕਿਹਾ ਸੀ ਕਿ ਸੀਆਈਡੀ ਦਫ਼ਤਰ ਤੋਂ ਗੁਪਤ ਦਸਤਾਵੇਜ਼ ਲੀਕ ਹੋ ਗਏ ਹਨ। ਐੱਸਪੀ ਸੰਜੀਵ ਗਾਂਧੀ ਨੇ ਡੀਜੀਪੀ ਦੀ ਹਾਈ ਕੋਰਟ ਵਿੱਚ ਸੌਂਪੀ ਗਈ ਸਟੇਟਸ ਰਿਪੋਰਟ ਦੇ ਪਿੱਛੇ ਦੇ ਇਰਾਦੇ ‘ਤੇ ਵੀ ਸਵਾਲ ਉਠਾਏ ਸਨ।