ਐੱਸਪੀ ਨੇ ਏਐੱਸਪੀ ਨੂੰ ਥੱਪੜ ਮਾਰਿਆ, ਮੁੱਖ ਮੰਤਰੀ ਦੇ ਸੁਰੱਖਿਆ ਅਧਿਕਾਰੀ ਨੇ ਐੱਸਪੀ ਨੂੰ ਮਾਰੇ ਠੁੱਡੇ

122
ਹਿਮਾਚਲ ਪੁਲਿਸ
ਖੱਬੇ ਥੱਪੜ ਅਤੇ ਸੱਜੇ ਠੁੱਡੇ

ਭਾਰਤ ਵਿੱਚ ਦੇਵ ਭੂਮੀ ਕਹੇ ਜਾਣ ਵਾਲੇ ਹਿਮਾਚਲ ਪ੍ਰਦੇਸ਼ ਵਿੱਚ ਅਜੀਬੋ-ਗਰੀਬ ਅਤੇ ਸ਼ਰਮਨਾਕ ਵਾਰਦਾਤ ਵਾਪਰੀ, ਜਦੋਂ ਵੀਆਈਪੀ ਸੁਰੱਖਿਆ ਨੂੰ ਲੈ ਕੇ ਪੁਲਿਸ ਅਧਿਕਾਰੀਆਂ ਵਿਚਾਲੇ ਵਿਵਾਦ ਇੰਨਾ ਵੱਧ ਗਿਆ ਕਿ ਤੂ ਤੂ ਮੈਂ ਮੈਂ ਤੋਂ ਲੈ ਕੇ ਗੱਲ ਹੱਥਾਪਾਈ ਤੱਕ ਪਹੁੰਚ ਗਈ। ਮੰਦਭਾਗੀ ਗੱਲ ਹੈ ਕਿ ਇਹ ਸਭ ਸੀਨੀਅਰ ਅਧਿਕਾਰੀਆਂ ਵਿਚਾਲੇ ਹੋਇਆ ਅਤੇ ਉਹ ਵੀ ਉਦੋਂ ਜਦੋਂ ਕੇਂਦਰੀ ਮੰਤਰੀ ਨਿਤਿਨ ਗਡਕਰੀ ਤੋਂ ਇਲਾਵਾ ਮੁੱਖ ਮੰਤਰੀ ਜੈ ਰਾਮ ਠਾਕੁਰ ਵੀ ਲਾਗੇ ਹੀ ਮੌਜੂਦ ਸਨ। ਮਾਮਲਾ ਸੱਚਮੁੱਚ ਉਦੋਂ ਵਧਿਆ ਜਦੋਂ ਭਾਰਤੀ ਪੁਲਿਸ ਸੇਵਾ ਅਧਿਕਾਰੀ ਕੁੱਲੂ ਦੇ ਸੁਪਰਿੰਟੈਂਡੈਂਟ ਆਫ ਪੁਲਿਸ (ਐੱਸਪੀ) ਗੌਰਵ ਸਿੰਘ ਨੇ ਇੱਕ ਬਹਿਸ ਦੌਰਾਨ ਮੁੱਖ ਮੰਤਰੀ ਜੈ ਰਾਮ ਠਾਕੁਰ ਦੇ ਸੁਰੱਖਿਆ ਅਧਿਕਾਰੀ ਅਤੇ ਹਿਮਾਚਲ ਪੁਲਿਸ ਸੇਵਾ ਦੇ ਏਐੱਸਪੀ ਬ੍ਰਜੇਸ਼ ਸੂਦ ਨੂੰ ਥੱਪੜ ਮਾਰਿਆ ਅਤੇ ਜਵਾਬ ਵਿੱਚ ਸੀਐਮ ਸੁਰੱਖਿਆ ਵਿੱਚ ਤਾਇਨਾਤ ਦੂਜੇ ਅਧਿਕਾਰੀ ਨੇ ਐੱਸਪੀ ਗੌਰਵ ਸਿੰਘ ਨੂੰ ਠੁੱਡੇ ਮਾਰੇ।

ਇਹ ਸਭ ਲੋਕਾਂ ਸਾਹਮਣੇ ਹੋਇਆ ਅਤੇ ਉਥੇ ਹੰਗਾਮਾ ਹੋ ਗਿਆ। ਲੋਕਾਂ ਨੇ ਇਸ ਦੀ ਵੀਡੀਓ ਬਣਾਈ ਜੋ ਵਾਇਰਲ ਵੀ ਹੋ ਗਈ। ਫਿਲਹਾਲ ਤਿੰਨਾਂ ਅਧਿਕਾਰੀਆਂ ਨੂੰ ਮੌਜੂਦਾ ਡਿਊਟੀ ਤੋਂ ਹਟਾ ਦਿੱਤਾ ਗਿਆ ਹੈ ਅਤੇ ਪੂਰੇ ਮਾਮਲੇ ਦੀ ਜਾਂਚ ਪੁਲਿਸ ਦੇ ਡਿਪਟੀ ਇੰਸਪੈਕਟਰ ਜਨਰਲ ਦੇ ਅਹੁਦੇ ਦੇ ਅਧਿਕਾਰੀ ਨੂੰ ਦਿੱਤੀ ਗਈ ਹੈ। ਮੁੱਖ ਮੰਤਰੀ ਨੇ ਇਸ ਜਾਂਚ ਨੂੰ ਤਿੰਨ ਦਿਨਾਂ ਵਿੱਚ ਪੂਰਾ ਕਰਨ ਅਤੇ ਰਿਪੋਰਟ ਸੌਂਪਣ ਲਈ ਕਿਹਾ ਹੈ। ਜਿਸ ਨੇ ਐਸਪੀ ਗੌਰਵ ਨੂੰ ਕੁੱਟਿਆ, ਉਹ ਸਹਾਇਕ ਸਬ ਇੰਸਪੈਕਟਰ (ਏਐੱਸਆਈ) ਬਲਵੰਤ ਸਿੰਘ ਹੈ।

ਹਿਮਾਚਲ ਪੁਲਿਸ
ਇੰਡੀਅਨ ਪੁਲਿਸ ਸਰਵਿਸ ਅਧਿਕਾਰੀ ਕੁੱਲੂ ਸੁਪਰਡੈਂਟ ਆਫ ਪੁਲਿਸ (ਐਸਪੀ) ਗੌਰਵ ਸਿੰਘ

ਦਰਅਸਲ, ਇਸ ਦਾ ਕਾਰਨ ਕੇਂਦਰੀ ਜ਼ਮੀਨੀ ਅਤੇ ਆਵਾਜਾਈ ਮੰਤਰੀ ਨਿਤਿਨ ਗਡਕਰੀ ਦਾ ਅਚਾਨਕ ਆਪਣੀ ਕਾਰ ਬਿਨਾਂ ਕਿਸੇ ਪ੍ਰੋਗਰਾਮ ਦੇ ਰੁਕਵਾਉਣਾ ਅਤੇ ਹੇਠਾਂ ਉਤਰਨਾ ਅਤੇ ਫਿਰ ਰਸਤੇ ਵਿੱਚ ਖੜੇ ਲੋਕਾਂ ਨਾਲ ਗੱਲਬਾਤ ਕਰਨਾ ਹੈ। ਮੁੱਖ ਮੰਤਰੀ ਜੈ ਰਾਮ ਠਾਕੁਰ ਦਾ ਕਾਫਲਾ ਨਿਤਿਨ ਗਡਕਰੀ ਦੇ ਕਾਫਲੇ ਦੇ ਪਿੱਛੇ ਆ ਰਿਹਾ ਸੀ, ਜੋ ਭੂੰਤਰ ਹਵਾਈ ਪੱਟੀ ‘ਤੇ ਉਨ੍ਹਾਂ ਦਾ ਸਵਾਗਤ ਕਰਨ ਅਤੇ ਉਨ੍ਹਾਂ ਨੂੰ ਨਾਲ ਲੈਣ ਗਏ ਹੋਏ ਸਨ। ਜੈ ਰਾਮ ਠਾਕੁਰ ਲੋਕਾਂ ਨਾਲ ਗੱਲਬਾਤ ਕਰ ਰਹੇ ਸਨ ਇਨੇ ਵਿੱਚ ਨਿਤਿਨ ਗਡਕਰੀ ਗਡਕਰੀ ਕਾਰ ਸਵਾਰ ਹੋ ਕੇ ਚੱਲ ਪਏ। ਮੁੱਖ ਮੰਤਰੀ ਨੂੰ ਉਨ੍ਹਾਂ ਤੱਕ ਪਹੁੰਚਣ ਵਿੱਚ ਦੇਰ ਹੋਈ ਕਿਉਂਕਿ ਦੋਵਾਂ ਕਾਫਲਿਆਂ ਵਿਚਾਲੇ ਲੋਕ ਸਨ। ਇਹ ਉਹ ਲੋਕ ਸਨ ਜੋ ਹਿਮਾਚਲ ਪ੍ਰਦੇਸ਼ ਵਿੱਚ ਨੈਸ਼ਨਲ ਹਾਈਵੇ ਦੇ ਚੌੜਾ ਕਰਨ (ਇਸ ਨੂੰ ਚਾਰ ਮਾਰਗੀ ਕਰਨ) ਤੋਂ ਪ੍ਰਭਾਵਿਤ ਹੋਏ ਸਨ ਅਤੇ ਨਿਤਿਨ ਗਡਕਰੀ ਨੂੰ ਉਨ੍ਹਾਂ ਦੀ ਮੰਗ ਨੂੰ ਪੂਰਾ ਕਰਨ ਲਈ ਕਹਿਣ ਲਈ ਇਕੱਠੇ ਹੋਏ ਸਨ। ਇਹ ਕਿਸਾਨ ਯੂਨੀਅਨ ਦੇ ਵਰਕਰ ਵੀ ਦੱਸੇ ਜਾਂਦੇ ਹਨ।

ਨਿਤਿਨ ਗਡਕਰੀ ਇੱਥੇ ਕੁੱਲੂ ਮਨਾਲੀ ਵਿਚ ਠੰਢ ਦਾ ਆਨੰਦ ਲੈਣ ਅਤੇ ਨਾਲ ਹੀ ਕੁੱਝ ਕੰਮ ਕਰਨ ਲਈ ਆਏ ਹਨ। ਕੁਝ ਪ੍ਰੋਜੈਕਟਾਂ ਦੀ ਸ਼ੁਰੂਆਤ ਦੇ ਨਾਲ ਹੀ ਮੀਟਿੰਗਾਂ ਹੋਣੀਆਂ ਹਨ।

ਪੁਲਿਸ ਅਧਿਕਾਰੀਆਂ ਦਰਮਿਆਨ ਵਿਵਾਦ ਦੀ ਖ਼ਬਰ ਫੈਲੀ ਤਾਂ ਹਿਮਾਚਲ ਪ੍ਰਦੇਸ਼ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ ਸੰਜੇ ਕੁੰਡੂ ਖ਼ੁਦ ਕੁੱਲੂ ਲਈ ਰਵਾਨਾ ਹੋਏ। ਉਂਝ, ਕੇਂਦਰੀ ਰੇਂਜ ਦੇ ਡਿਪਟੀ ਇੰਸਪੈਕਟਰ ਜਨਰਲ ਮਧੂਸੂਦਨ ਨੂੰ ਪੂਰੇ ਮਾਮਲੇ ਦੀ ਜਾਂਚ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।

ਵਾਇਰਲ ਹੋਈ ਇਸ ਘਟਨਾ ਦੀ ਵੀਡੀਓ ਵਿੱਚ ਇਕ ਸੁਰੱਖਿਆ ਅਧਿਕਾਰੀ ਐੱਸਪੀ ਗੌਰਵ ਸਿੰਘ ਨੂੰ ਠੁੱਡੇ ਮਾਰਦਾ ਹੋਇਆ ਦਿਖਾਈ ਦੇ ਰਿਹਾ ਹੈ ਅਤੇ ਇਸ ਦੇ ਨਾਲ ਲੋਕਾਂ ਵਿੱਚ ਖੱਪ ਮੱਚਦੀ ਹੈ ਕਿ ਉਸਨੇ ਐੱਸਪੀ ਸਹਿਬ ਨੂੰ ਠੁੱਡਾ ਮਾਰਿਆ। ਇਸ ਗੱਲ ਦੇ ਫੈਲਣ ਨਾਲ ਹੰਗਾਮਾ ਹੋ ਗਿਆ ਕਿਉਂਕਿ ਆਈ ਪੀ ਐੱਸ ਗੌਰਵ ਸਿੰਘ ਕੁੱਲੂ ਵਿੱਚ ਨਸ਼ਾ ਤਸਕਰਾਂ ਦੀ ਗ੍ਰਿਫਤਾਰੀ ਕਾਰਨ ਪ੍ਰਸਿੱਧ ਹੋ ਗਏ ਹਨ। ਅਜਿਹੀ ਸਥਿਤੀ ਵਿੱਚ ਉਨ੍ਹਾਂ ਨਾਲ ਬਦਸਲੂਕੀ ਲੋਕਾਂ ਦੀ ਨਾਰਾਜ਼ਗੀ ਅਤੇ ਹੰਗਾਮੇ ਦਾ ਸਬਬ ਬਣ ਗਈ।