ਪਾਕਿਸਤਾਨ ਦੇ ਵਿਰੁੱਧ ਵੱਡੀ ਕਾਰਵਾਈ ਤੇ ਗ੍ਰਹਿ ਮੰਤਰੀ ਰਾਜਨਾਥ ਸਿੰਘ : ਕੁੱਝ ਵੱਡਾ ਹੋਇਆ ਹੈ, ਦਸਾਂਗਾ ਨਹੀਂ

317
ਰਾਜਨਾਥ ਸਿੰਘ
ਉਤਰਪਰਦੇਸ਼ ਦੇ ਮੁਜ਼ਫਰ ਰਨਗਰ 'ਚ ਸ਼ਹੀਦ ਭਗਤ ਸਿੰਘ ਦੀ ਮੂਰਤੀ ਦੇ ਉਦਘਾਟਨ ਸਮਾਗਮ 'ਚ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਖੋਲ੍ਹਿਆ ਰਾਜ

ਭਾਰਤੀ ਸੁਰੱਖਿਆ ਬਲਾਂ ਵਲੋਂ ਪਾਕਿਸਤਾਨ ਦੇ ਵਿਰੁੱਧ ਕਿਸੇ ਵੱਡੀ ਜਵਾਬੀ ਕਾਰਵਾਈ ਦਾ ਇਸ਼ਾਰਾ ਦਿੰਦੇ ਹੋਏ ਭਾਰਤ ਦੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ “ਸ਼ਾਇਦ ਤੁਸੀਂ ਲੋਕਾਂ ਨੇ ਦੇਖਿਆ ਹੋਵੇ ਕੁੱਝ…. ਕੁੱਝ ਹੋਇਆ ਹੈ… ਮੈਂ ਦਸਾਂਗਾ ਨਹੀਂ… ਕਿਉਂਕਿ ਦੱਸਿਆ ਵੀ ਨਹੀਂ… ਹੋਇਆ ਹੈ। ਠੀਕ ਠਾਕ ਹੋਇਆ ਹੈ… ਭਰੋਸਾ ਰੱਖਣਾ ਦੋ ਤਿੰਨ ਦਿਨ ਪਹਿਲਾਂ ਸਭ ਕੁੱਝ ਠੀਕ ਠਾਕ ਹੋਇਆ ਹੈ।”

ਭਾਰਤੀ ਰਾਜ ਉਤਰਪਰਦੇਸ਼ ਦੇ ਮੁਜ਼ਫਰ ਰਨਗਰ ‘ਚ ਸ਼ਹੀਦ ਭਗਤ ਸਿੰਘ ਦੀ ਮੂਰਤੀ ਦੇ ਉਦਘਾਟਨ ਸਮਾਗਮ ਚ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਮੰਚ ਤੋਂ ਜਨਤਾ ਨੂੰ ਸੰਬੋਧਿਤ ਕਰਦੇ ਹੋਏ ਇਹ ਗੱਲ ਉਦੋਂ ਕਹੀ ਜਦੋਂ ਉਹ ਪਾਕਿਸਤਾਨ ਨਾਲ ਲਗਦੇ ਰਾਮਗੜ੍ਹ ਸੈਕਟਰ ਦੀ ਸਰਹੱਦ ਤੇ ਦੱਸ ਦਿਨ ਪਹਿਲਾਂ ਸੀਮਾ ਸੁਰੱਖਿਆ ਬਲ (BSF)ਦੇ ਹਵਲਦਾਰ ਨਰੇਂਦਰ ਸਿੰਘ ਦੇ ਮੌਤ ਨਾਲ ਜੁੜੀ ਘਟਨਾ ਦਾ ਜ਼ਿਕਰ ਕਰ ਰਹੇ ਸਨ।

ਰਾਜਨਾਥ ਸਿੰਘ ਨੇ ਆਪਣੀ ਗੱਲ ਨੂੰ ਅੱਗੇ ਤੋਰਦੇ ਹੋਏ ਕਿਹਾ, ‘ਪਤਾ ਹੋਵੇਗਾ ਕੁੱਝ ਲੋਕਾਂ ਨੂੰ ਇੱਥੇ… (ਫੇਰ ਮੰਚ ਤੇ ਹਾਜ਼ਿਰ ਕੁੱਝ ਲੋਕਾਂ ਵੱਲ ਦੇਖਦੇ ਹੋਏ ਪੁਛਿਆ) …ਪਤਾ ਹੋਣਾ? (ਉਦੋਂ ਹੀ ਕਿਸੇ ਨੇ ਉੱਤਰ ਚ ਕਿਹਾ – ਪਤਾ ਹੈ)

ਲੱਗਦਾ ਸੀ ਕਿ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਗੱਲ ਦੱਸਣ ਲਈ ਬਹੁਤ ਉਤਸ਼ਾਹਿਤ ਸਨ ਪਰ ਕਿਸੇ ਕਾਰਨ ਕਰਕੇ ਗੱਲ ਦੱਸ ਨਹੀਂ ਰਹੇ ਸਨ। ਆਪਣੀ ਗੱਲ ਜ਼ਰੀ ਰੱਖਦੇ ਹੋਏ ਬੋਲੇ… “ਹੋਰ ਅੱਗੇ ਵੀ ਦੇਖਣਾ ਕਿ ਕੀ ਹੋਵੇਗਾ।” ਉਹਨਾਂ ਨੇ ਇਸ਼ਾਰੇ ਹੀ ਇਸ਼ਾਰੇ ‘ਚ ਇਹ ਦੱਸਣ ਦੀ ਕੋਸ਼ਿਸ਼ ਕੀਤੀ ਕਿ ਪਾਕਿਸਤਾਨ ਨਾਲ, ਬੀਐੱਸਐੱਫ ਦੇ ਹੈਡ ਕਾਂਸਟੇਬਲ ਨਰੇਂਦਰ ਸਿੰਘ ਦੀ ਮੌਤ ਦਾ ਬਦਲਾ ਲੈ ਲਿਆ ਗਿਆ ਹੈ। ਉਹ ਬੋਲੇ, “ਮੈਂ ਬਾਰਡਰ ਸਕਿਯੋਰਟੀ ਫੋਰਸ ਦੇ ਜਵਾਨਾਂ ਨੂੰ ਕਿਹਾ ਸੀ ਪੜੋਸੀ ਹੈ ਪਹਿਲਾਂ ਗੋਲੀ ਨਾ ਚਲਾਉਣ… ਇੱਕ ਵੀ ਗੋਲੀ ਜੇਕਰ  ਓਧਰੋਂ ਚਲਦੀ ਹੈ ਤਾਂ ਆਪਣੀ ਗੋਲੀਆਂ ਦੀ ਗਿਣਤੀ ਨਾ ਕਰਨਾ… ਕੀ ਸਾਡੀਆਂ…ਕਿੰਨੀਆਂ ਗੋਲੀਆਂ ਚੱਲੀਆਂ ਹਨ।”

ਗੌਰ ਕਰਨ ਵਾਲੀ ਗੱਲ ਇਹ ਵੀ ਹੈ ਕਿ ਰਾਜਨਾਥ ਸਿੰਘ ਤੋਂ ਪਹਿਲਾਂ ਕੁੱਝ ਅਜਿਹਾ ਹੀ ਸੀਮਾ ਸੁਰੱਖਿਆ ਬਲ ਤੋਂ ਰਿਟਾਇਰ ਹੋ ਰਹੇ ਮਹਾਨਿਦੇਸ਼ਕ ਕੇਕੇ ਸ਼ਰਮਾ ਨੇ ਦਿਲੀ ‘ਚ ਪ੍ਰੈਸ ਕਾਨਫਰੰਸ ਦੇ ਦੌਰਾਨ ਕਿਹਾ ਸੀ। ਉਹਨਾਂ ਦਾ ਕਹਿਣਾ ਸੀ ਕਿ ਪਾਕਿਸਤਾਨ ਨੂੰ ਸਹੀ ਜਵਾਬ ਦਿੱਤਾ ਗਿਆ ਹੈ।

ਆਈਪੀਐਸ ਕੇਕੇ ਸ਼ਰਮਾ ਨੇ ਉਹਨਾਂ ਹਾਲਾਤਾਂ ਦਾ ਜ਼ਿਕਰ ਕਰਦੇ ਹੋਏ ਕਿਹਾ ਸੀ ਕਿ ਹੈਡ ਕਾਂਸਟੇਬਲ ਨਰੇਂਦਰ ਸਿੰਘ ਨੂੰ ਤਿੰਨ ਗੋਲੀਆਂ ਲੱਗੀਆਂ ਸਨ ਅਤੇ ਉਹਨਾਂ ਦੀ ਗਰਦਨ ਉੱਤੇ ਤੇਜ਼ ਹਥਿਆਰ ਵਾਲੇ ਜ਼ਖਮ ਸਨ ਜਿਨ੍ਹਾਂ ਚੋਂ ਬਹੁਤ ਖੂਨ ਡਿੱਗਿਆ ਸੀ। ਉਹਨਾਂ ਨੇ ਸ਼ਰੀਰ ਦੇ ਟੁਕੜੇ ਕਰਨ ਵਾਲੀ ਸੂਚਨਾ ਨੂੰ ਗਲਤ ਦੱਸਿਆ।