ਭਾਰਤੀ ਫੌਜ ਦੀ ਸਿਗਨਲ ਕੋਰ ਦੇ ਬਹਾਦਰ ਜਵਾਨਾਂ ਨੇ ਮੋਟਰਸਾਈਕਲ ਦੀ ਸਵਾਰੀ ਕਰਕੇ ਇੱਕ ਦਿਲਚਸਪ ਅਤੇ ਸ਼ਾਨਦਾਰ ਵਿਸ਼ਵ ਰਿਕਾਰਡ ਬਣਾਇਆ ਹੈ। ਇਸਦੇ ਲਈ ਉਨ੍ਹਾਂ ਨੇ ਇੱਕ ਖਾਸ ਮੌਕਾ ਵੀ ਚੁਣਿਆ – ਕਾਰਗਿਲ ਜੰਗ ਦੇ 25 ਸਾਲ ਪੂਰੇ ਹੋਣ ‘ਤੇ ਮਨਾਇਆ ਗਿਆ ਵਿਜੇ ਦਿਵਸ।
ਦ੍ਰਾਸ ‘ਚ ਪਾਕਿਸਤਾਨੀ ਫੌਜ ਅਤੇ ਘੁਸਪੈਠੀਆਂ ਨਾਲ 1999 ਦੀ ਜੰਗ ‘ਚ ਸ਼ਹੀਦ ਹੋਏ ਜਵਾਨਾਂ ਨੂੰ ਸ਼ਰਧਾਂਜਲੀ ਦੇਣ ਲਈ ਭਾਰਤੀ ਫੌਜ ਦੇ 31 ਸਿਗਨਲ ਕੋਰ ਦੇ ਜਵਾਨਾਂ ਨੇ 7 ਮੋਟਰਸਾਈਕਲਾਂ ‘ਤੇ ਸਵਾਰ ਹੋ ਕੇ ਮਨੁੱਖੀ ਪਿਰਾਮਿਡ ਬਣਾਇਆ। ਇਸੇ ਪਿਰਾਮਿੰਡ ਨੂੰ ਕਾਇਮ ਰੱਖਦਿਆਂ ਉਨ੍ਹਾਂ ਨੇ ਪੰਜ ਕਿੱਲੋਮੀਟਰ ਦੀ ਦੂਰੀ ਤੈਅ ਕੀਤੀ। ਇਹ ਸਥਾਨ ਸਮੁੰਦਰ ਤਲ ਤੋਂ 10800 ਫੁੱਟ ਦੀ ਉਚਾਈ ‘ਤੇ ਹੈ।
ਇਸ ਰਿਕਾਰਡ ਬਾਰੇ ਜਾਣਕਾਰੀ ਦਿੰਦੇ ਹੋਏ ਫੌਜ ਦੇ ਐਡੀਸ਼ਨਲ ਡਾਇਰੈਕਟਰ ਜਨਰਲ ਆਫ ਪਬਲਿਕ ਇਨਫਰਮੇਸ਼ਨ ਵੱਲੋਂ ਵੀਡੀਓ ਅਤੇ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਸਾਂਝੀਆਂ ਕੀਤੀਆਂ ਗਈਆਂ ਹਨ।