ਭਾਰਤ ਦੇ ਨਵੇਂ ਫੌਜ ਮੁਖੀ ਨੇ ਇਸ ਤਰ੍ਹਾਂ ਚੀਨ ਸਰਹੱਦ ‘ਤੇ ਰੱਖਿਆ ਤਿਆਰੀਆਂ ਦਾ ਜਾਇਜ਼ਾ ਲਿਆ

11
ਜਨਰਲ ਮਨੋਜ ਪਾਂਡੇ
ਜਨਰਲ ਮਨੋਜ ਪਾਂਡੇ ਲੱਦਾਖ 'ਚ ਚੀਨ ਦੀ ਸਰਹੱਦ 'ਤੇ ਮੋਰਚੇ 'ਤੇ ਸੈਨਿਕਾਂ ਨਾਲ।

ਭਾਰਤ ਦੇ ਜ਼ਮੀਨੀ ਫੌਜ ਮੁਖੀ ਬਣਨ ਤੋਂ ਬਾਅਦ, ਜਨਰਲ ਮਨੋਜ ਪਾਂਡੇ ਨੇ ਲੱਦਾਖ ਵਿੱਚ ਚੀਨ ਬਾਰਡਰ ਦੀ ਫਰੰਟ ਲਾਈਨ ਦਾ ਪਹਿਲਾ ਦੌਰਾ ਕੀਤਾ। ਇੱਥੇ ਉਨ੍ਹਾਂ ਨੇ ਅਧਿਕਾਰੀਆਂ ਅਤੇ ਜਵਾਨਾਂ ਨਾਲ ਮੁਲਾਕਾਤ ਕੀਤੀ ਅਤੇ ਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਤਿੰਨ ਦਿਨਾਂ ਦੌਰੇ ਦੇ ਮੱਧ ਵਿਚ ਜਨਰਲ ਪਾਂਡੇ ਬਹੁਤ ਔਖੇ ਇਲਾਕਿਆਂ ਵਿਚ ਗਏ। ਜਨਰਲ ਪਾਂਡੇ ਨੇ ਇੱਥੇ ਜੰਗ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ।

ਭਾਰਤੀ ਜ਼ਮੀਨੀ ਫੌਜ ਮੁਖੀ ਨੇ ਚੀਨ ਦੀ ਸਰਹੱਦ ‘ਤੇ ਅਸਲ ਕੰਟ੍ਰੋਲ ਰੇਖਾ (ਐੱਲ.ਏ.ਸੀ.) ਖੇਤਰ ‘ਚ ਵੱਖ-ਵੱਖ ਚੌਕੀਆਂ ਅਤੇ ਟਿਕਾਣਿਆਂ ‘ਤੇ ਤਾਇਨਾਤ ਸੈਨਿਕਾਂ ਨਾਲ ਗੱਲਬਾਤ ਕੀਤੀ। ਜਨਰਲ ਪਾਂਡੇ ਨੇ ਵੀਰਵਾਰ ਤੋਂ ਇਨ੍ਹਾਂ ਇਲਾਕਿਆਂ ‘ਚ ਆਪਣਾ ਦੌਰਾ ਸ਼ੁਰੂ ਕੀਤਾ ਸੀ। ਉਸ ਦਿਨ, ਸੈਨਾ ਦੇ ਮੁਖੀ ਜਨਰਲ ਪਾਂਡੇ ਨੂੰ ਲੇਹ ਵਿਖੇ ਫਾਇਰ ਐਂਡ ਫਿਊਰੀ ਕੋਰ ਦੇ ਹੈੱਡਕੁਆਰਟਰ ਵਿਖੇ ਫੌਜ ਦੇ ਕਮਾਂਡਰਾਂ ਵੱਲੋਂ ਪੂਰਬੀ ਲੱਦਾਖ ਦੀ ਸਥਿਤੀ ਬਾਰੇ ਜਾਣਕਾਰੀ ਦਿੱਤੀ ਗਈ ਸੀ। ਫਾਇਰ ਐਂਡ ਫਿਊਰੀ ਕੋਰ ਭਾਰਤ ਅਤੇ ਚੀਨ ਦਰਮਿਆਨ ਅਸਲ ਕੰਟ੍ਰੋਲ ਰੇਖਾ ਦੇ ਨਾਲ ਰੱਖਿਆ ਦੀ ਜ਼ਿੰਮੇਵਾਰੀ ਸੰਭਾਲ ਰਹੀ ਹੈ। ਭਾਰਤ-ਚੀਨ ਸਰਹੱਦ ਨਾਲ ਲੱਗਦੇ ਇਸ ਖੇਤਰ ਦੇ ਆਪਣੇ ਦੌਰੇ ਤੋਂ ਪਹਿਲਾਂ ਹੀ ਜ਼ਮੀਨੀ ਫੌਜ ਮੁਖੀ ਜਨਰਲ ਪਾਂਡੇ ਨੇ ਕਿਹਾ ਸੀ ਕਿ ਚੀਨ ਦਾ ਇਰਾਦਾ ਹਮੇਸ਼ਾ ਸਰਹੱਦ ਦੇ ਸਵਾਲ ਨੂੰ ਜਿਉਂਦਾ ਰੱਖਣ ਦਾ ਰਿਹਾ ਹੈ, ਹਾਲਾਂਕਿ ਇਹ ਦੋਵਾਂ ਦੇਸ਼ਾਂ ਵਿਚਾਲੇ ਮੁੱਖ ਮੁੱਦਾ ਹੈ।

ਜਨਰਲ ਮਨੋਜ ਪਾਂਡੇ
ਥਲ ਸੈਨਾ ਮੁਖੀ ਬਣਨ ਤੋਂ ਬਾਅਦ ਜਨਰਲ ਮਨੋਜ ਪਾਂਡੇ ਨੇ ਲੱਦਾਖ ‘ਚ ਚੀਨ ਬਾਰਡਰ ਦੀ ਫਰੰਟ ਲਾਈਨ ਦਾ ਪਹਿਲਾ ਦੌਰਾ ਕੀਤਾ।

ਫੌਜ ਮੁਖੀ ਜਨਰਲ ਪਾਂਡੇ ਨੇ ਕਿਹਾ ਕਿ ਭਾਰਤ ਸਰਹੱਦ ‘ਤੇ ‘ਭਰੋਸਾ’ ਅਤੇ ‘ਸ਼ਾਂਤੀ’ ਚਾਹੁੰਦਾ ਹੈ ਪਰ ਇਹ ਇੱਕਪਾਸੜ ਨਹੀਂ ਹੋ ਸਕਦਾ। ਉਨ੍ਹਾਂ ਕਿਹਾ ਕਿ ਅਸੀਂ ਪੂਰਬੀ ਲੱਦਾਖ ਸਰਹੱਦ ‘ਤੇ ਬਲਾਂ ਦੀ ਉਹੀ ਸਥਿਤੀ ਚਾਹੁੰਦੇ ਹਾਂ ਜੋ ਅਪ੍ਰੈਲ 2020 ਤੱਕ ਸੀ।

ਲੱਦਾਖ ਵਿੱਚ ਫੌਜੀਆਂ ਦੀ ਝੜਪ

ਜ਼ਿਕਰਯੋਗ ਹੈ ਕਿ 4-5 ਮਈ 2020 ਨੂੰ ਪੂਰਬੀ ਲੱਦਾਖ ਸਰਹੱਦ ‘ਤੇ ਭਾਰਤ-ਚੀਨ ਦੇ ਸੈਨਿਕਾਂ ਵਿਚਾਲੇ ਭਿਆਨਕ ਹਿੰਸਕ ਝੜਪ ਹੋਈ ਸੀ। ਦੋਵਾਂ ਪਾਸਿਆਂ ਦਾ ਜਾਨੀ ਨੁਕਸਾਨ ਹੋਇਆ। ਇਸ ਝੜਪ ਵਿੱਚ ਭਾਰਤ ਨੇ ਬਿਹਾਰ ਰੈਜੀਮੈਂਟ ਦੇ ਕਰਨਲ ਸੰਤੋਸ਼ ਬਾਬੂ ਸਮੇਤ 20 ਸੈਨਿਕਾਂ ਨੂੰ ਗੁਆ ਦਿੱਤਾ ਸੀ, ਪਰ ਚੀਨ ਨੇ ਆਪਣੀ ਫੌਜ ਦੇ ਸਹੀ ਨੁਕਸਾਨ ਦੀ ਜਾਣਕਾਰੀ ਜਨਤਕ ਨਹੀਂ ਕੀਤੀ। ਉਦੋਂ ਤੋਂ ਲੈ ਕੇ ਹੁਣ ਤੱਕ ਸਥਿਤੀ ਨੂੰ ਠੀਕ ਕਰਨ ਲਈ 20 22 ਮਾਰਚ ਤੱਕ ਇਸ ਸਰਹੱਦ ‘ਤੇ ਭਾਰਤ-ਚੀਨ ਦੀਆਂ 15 ਬੈਠਕਾਂ ਹੋ ਚੁੱਕੀਆਂ ਹਨ, ਪਰ ਫੌਜ ਪੱਧਰ ‘ਤੇ ਤਨਾਅ ਨੂੰ ਘੱਟ ਕਰਨ ਦਾ ਕੋਈ ਠੋਸ ਤਰੀਕਾ ਨਹੀਂ ਲੱਭਿਆ ਗਿਆ ਹੈ। ਤਣਾਅ ਬਰਕਰਾਰ ਹੈ ਅਤੇ ਉਦੋਂ ਤੱਕ ਬਣਿਆ ਰਹੇਗਾ ਜਦੋਂ ਤੱਕ ਇਸ ਮੁੱਦੇ ਦਾ ਕੂਟਨੀਤਕ ਪੱਧਰ ‘ਤੇ ਹੱਲ ਨਹੀਂ ਹੋ ਜਾਂਦਾ। ਸਥਿਤੀ ਇਹ ਹੈ ਕਿ ਇਸ ਝੜਪ ਤੋਂ ਬਾਅਦ ਭਾਰਤ ਅਤੇ ਚੀਨ ਨੇ ਨਾ ਸਿਰਫ ਇਸ ਖੇਤਰ ਵਿਚ ਆਪਣੀਆਂ ਫੌਜਾਂ ਨੂੰ ਮਜ਼ਬੂਤ ਕੀਤਾ ਹੈ, ਸਗੋਂ ਸੈਨਿਕਾਂ ਦੀ ਗਿਣਤੀ ਵੀ ਵਧਾ ਦਿੱਤੀ ਹੈ। ਅੰਦਾਜ਼ਾ ਹੈ ਕਿ ਦੋਵੇਂ ਪਾਸੇ ਕਰੀਬ 50 ਤੋਂ 60 ਹਜ਼ਾਰ ਸਿਪਾਹੀ ਤਾਇਨਾਤ ਹਨ। ਇਸ ਵਿਚਾਲੇ ਕੁਝ ਗਿਣਤੀ ਘਟ ਗਈ ਪਰ ਸਥਿਤੀ ਵਿਚ ਕੋਈ ਖਾਸ ਬਦਲਾਅ ਨਹੀਂ ਆਇਆ।

ਜਨਰਲ ਮਨੋਜ ਪਾਂਡੇ
ਜਨਰਲ ਮਨੋਜ ਪਾਂਡੇ ਲੱਦਾਖ ‘ਚ ਚੀਨ ਦੀ ਸਰਹੱਦ ‘ਤੇ ਮੋਰਚੇ ‘ਤੇ ਸੈਨਿਕਾਂ ਨਾਲ।