ਬੀਐੱਸਐੱਫ ਦੇ ਡੀਜੀ ਨਿਤਿਨ ਅਗਰਵਾਲ ਐੱਲਓਸੀ ਪਹੁੰਚੇ, ਚਿਨਾਰ ਕੋਰ ਕਮਾਂਡਰ ਨਾਲ ਵੀ ਮੀਟਿੰਗ ਕੀਤੀ

12
BSF ਮੁਖੀ ਨਿਤਿਨ ਅਗਰਵਾਲ ਨੇ ਭਾਰਤ-ਪਾਕਿਸਤਾਨ ਸਰਹੱਦ 'ਤੇ ਤਾਇਨਾਤ ਜਵਾਨਾਂ ਨਾਲ ਮੁਲਾਕਾਤ ਕੀਤੀ।

ਸੀਮਾ ਸੁਰੱਖਿਆ ਬਲ ਦੇ ਡਾਇਰੈਕਟਰ ਜਨਰਲ ਨਿਤਿਨ ਅਗਰਵਾਲ ਨੇ ਭਾਰਤੀ ਫੌਜ ਦੀ ਚਿਨਾਰ ਕੋਰ ਦੇ ਕਮਾਂਡਰ ਲੈਫਟੀਨੈਂਟ ਜਨਰਲ ਰਾਜੀਵ ਘਈ ਨਾਲ ਮੀਟਿੰਗ ਕੀਤੀ। ਜੰਮੂ-ਕਸ਼ਮੀਰ ਦੇ ਕੇਂਦਰ ਸ਼ਾਸਿਤ ਪ੍ਰਦੇਸ਼ ਦੀ ਰਾਜਧਾਨੀ ਸ਼੍ਰੀਨਗਰ ‘ਚ ਬਦਾਮੀ ਬਾਗ ਛਾਉਣੀ (ਬੀ.ਬੀ.ਸੀ.ਕੈਂਟ) ਸਥਿਤ ਚਿਨਾਰ ਕੋਰ ਦੇ ਹੈੱਡਕੁਆਰਟਰ ‘ਤੇ ਬੁੱਧਵਾਰ ਨੂੰ ਹੋਈ ਇਸ ਬੈਠਕ ‘ਚ ਕਸ਼ਮੀਰ ਦੇ ਮੌਜੂਦਾ ਸੁਰੱਖਿਆ ਪ੍ਰਬੰਧਾਂ ਦੀ ਸਮੀਖਿਆ ਅਤੇ ਚਰਚਾ ਕੀਤੀ ਗਈ।

 

ਚਿਨਾਰ ਕੋਰ ਕਮਾਂਡਰ ਨਾਲ ਮੀਟਿੰਗ:

ਚਿਨਾਰ ਕੋਰ ਵੱਲੋਂ ਸੋਸ਼ਲ ਮੀਡੀਆ ਐਕਸ (ਪਹਿਲਾਂ ਟਵਿੱਟਰ) ਦੇ ਹੈਂਡਲ ‘ਤੇ ਤਸਵੀਰਾਂ ਸਮੇਤ ਇਸ ਮੁਲਾਕਾਤ ਦਾ ਸੰਖੇਪ ਵੇਰਵਾ ਜਾਰੀ ਕੀਤਾ ਗਿਆ ਹੈ। ਇਸ ਵਿਚ ਕਿਹਾ ਗਿਆ ਹੈ ਕਿ ਕੋਰ ਕਮਾਂਡਰ ਲੈਫਟੀਨੈਂਟ ਜਨਰਲ ਘਈ ਅਤੇ ਬੀਐੱਸਐੱਫ ਮੁਖੀ  ਅਗਰਵਾਲ ਵਿਚਾਲੇ ਹੋਈ ਮੀਟਿੰਗ ਦਾ ਉਦੇਸ਼ ਕਸ਼ਮੀਰ ਵਿਚ ਕੰਟਰੋਲ ਰੇਖਾ (ਐੱਲਓਸੀ) ਦੇ ਨਾਲ ਘੁਸਪੈਠ ਵਿਰੋਧੀ ਮੁਹਿੰਮਾਂ ਨੂੰ ਮਜਬੂਤ ਕਰਨਾ ਸੀ ਅਤੇ ਅੱਤਵਾਦੀ ਗਤੀਵਿਧੀਆਂ ਦਾ ਮੁਕਾਬਲਾ ਕਰਨ ਲਈ ਸਾਂਝੇ ਤੌਰ ‘ਤੇ ਕੰਮ ਕਰਨਾ ਸੀ।

ਸੀਮਾ ਸੁਰੱਖਿਆ ਬਲ ਦੇ ਡਾਇਰੈਕਟਰ ਜਨਰਲ ਨਿਤਿਨ ਅਗਰਵਾਲ ਚਿਨਾਰ ਕੋਰ ਕਮਾਂਡਰ ਲੈਫਟੀਨੈਂਟ ਜਨਰਲ ਰਾਜੀਵ ਘਈ ਨਾਲ।

BSF ਦੀਆਂ ਤਿਆਰੀਆਂ ਦੇਖੀਆਂ:

ਇਸ ਤੋਂ ਪਹਿਲਾਂ ਜੰਮੂ-ਕਸ਼ਮੀਰ ਦੇ ਦੌਰੇ ਦੌਰਾਨ ਬੀਐੱਸਐੱਫ ਦੇ ਡਾਇਰੈਕਟਰ ਜਨਰਲ ਨਿਤਿਨ ਅਗਰਵਾਲ ਵੀ ਸਰਹੱਦੀ ਖੇਤਰ ਵਿੱਚ ਫ੍ਰੰਟ ਲਾਈਨ ‘ਤੇ ਗਏ ਸਨ। ਉਨ੍ਹਾਂ ਨੇ ਐੱਲਓਸੀ ‘ਤੇ ਤਿਆਰੀਆਂ ਦਾ ਜਾਇਜ਼ਾ ਲਿਆ। ਇਸ ਦੌਰਾਨ ਉਨ੍ਹਾਂ ਨੇ ਬਾਂਦੀਪੋਰਾ ਵਿੱਚ ਬੀਐੱਸਐੱਫ ਦੀ 78 ਬਟਾਲੀਅਨ ਦੇ ਜਵਾਨਾਂ ਨਾਲ ਵੀ ਮੁਲਾਕਾਤ ਕੀਤੀ। ਸ਼੍ਰੀ ਅਗਰਵਾਲ ਨੇ ਔਖੇ ਹਾਲਾਤਾਂ ਵਿੱਚ ਵੱਖ-ਵੱਖ ਚੁਣੌਤੀਆਂ ਦਾ ਸਾਹਮਣਾ ਕਰਦੇ ਹੋਏ ਦ੍ਰਿੜਤਾ ਨਾਲ ਖੜ੍ਹੇ ਰਹਿਣ ਲਈ ਸੈਨਿਕਾਂ ਦੀ ਸ਼ਲਾਘਾ ਕੀਤੀ ਅਤੇ ਉਤਸ਼ਾਹਿਤ ਕੀਤਾ।