ਭਾਰਤੀ ਤੱਟ ਰੱਖਿਅਕ ਅਤੇ ਗੁਜਰਾਤ ਦੇ ਅੱਤਵਾਦ ਵਿਰੋਧੀ ਦਸਤੇ ਨੇ ਅਰਬ ਸਾਗਰ ਵਿੱਚ ਰਾਤ ਨੂੰ ਕੀਤੇ ਗਏ ਇੱਕ ਸਾਂਝੇ ਓਪ੍ਰੇਸ਼ਨ ਵਿੱਚ ਨਸ਼ੀਲੇ ਪਦਾਰਥ ਮੇਥਾਮਫੇਟਾਮਾਈਨ ਦੀ ਇੱਕ ਵੱਡੀ ਖੇਪ ਜ਼ਬਤ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ, ਪਰ ਤਸਕਰਾਂ ਦੀ ਕਿਸ਼ਤੀ ਭੱਜਣ ਵਿੱਚ ਕਾਮਯਾਬ ਹੋ ਗਈ। ਤਸਕਰਾਂ ਦੀ ਕਿਸ਼ਤੀ ਵਿੱਚੋਂ ਸਮੁੰਦਰ ਦੇ ਪਾਣੀ ਵਿੱਚ ਸੁੱਟਿਆ ਗਿਆ 300 ਕਿੱਲੋਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਕੀਤਾ ਗਿਆ। ਇੱਕ ਅਧਿਕਾਰਤ ਪ੍ਰੈੱਸ ਬਿਆਨ ਵਿੱਚ ਇਸ ਖੇਪ ਦੀ ਕੀਮਤ 1800 ਕਰੋੜ ਰੁਪਏ ਦੱਸੀ ਗਈ ਹੈ।
ਭਾਰਤੀ ਤੱਟ ਰੱਖਿਅਕ ਵੱਲੋਂ ਜਾਰੀ ਇੱਕ ਬਿਆਨ ਅਨੁਸਾਰ, ਇਹ ਕਾਰਵਾਈ 12-13 ਅਪ੍ਰੈਲ ਦੀ ਰਾਤ ਨੂੰ ਕੌਮਾਂਤਰੀ ਸਮੁੰਦਰੀ ਸੀਮਾ ਰੇਖਾ ਦੇ ਨੇੜੇ ਗੁਜਰਾਤ ਦੇ ਨੇੜੇ ਅਰਬ ਸਾਗਰ ਵਿੱਚ ਕੀਤੀ ਗਈ ਸੀ। ਉਸਨੂੰ ਗੁਜਰਾਤ ਏਟੀਐੱਸ ਤੋਂ ਤਸਕਰਾਂ ਦੀ ਇਸ ਕਿਸ਼ਤੀ ਬਾਰੇ ਜਾਣਕਾਰੀ ਮਿਲੀ ਸੀ। ਉੱਤਰੀ ਮਹਾਰਾਸ਼ਟਰ ਅਤੇ ਦੱਖਣੀ ਗੁਜਰਾਤ ਵਿੱਚ ਬਹੁ-ਮੰਤਵੀ ਕਾਰਜਾਂ ਲਈ ਤਾਇਨਾਤ ਭਾਰਤੀ ਤੱਟ ਰੱਖਿਅਕ ਜਹਾਜ਼ ਨੂੰ ਉਸ ਦਿਸ਼ਾ ਵੱਲ ਜਾਣ ਲਈ ਕਿਹਾ ਗਿਆ ਜਿੱਥੋਂ ਤਸਕਰ ਆਪਣੀਆਂ ਕਿਸ਼ਤੀਆਂ ਵਿੱਚ ਆ ਰਹੇ ਸਨ।
ਰਿਲੀਜ਼ ਦੇ ਅਨੁਸਾਰ, ਤਸਕਰਾਂ ਨੇ ਦੂਰੋਂ ਹੀ ਭਾਰਤੀ ਤੱਟ ਰੱਖਿਅਕ ਜਹਾਜ਼ ਦੀ ਮੌਜੂਦਗੀ ਦਾ ਅਹਿਸਾਸ ਕਰ ਲਿਆ ਸੀ। ਜਹਾਜ਼ ਨੂੰ ਆਪਣੇ ਵੱਲ ਆਉਂਦਾ ਦੇਖ ਕੇ ਤਸਕਰਾਂ ਨੇ ਨਸ਼ੀਲੇ ਪਦਾਰਥਾਂ ਦੀ ਖੇਪ ਸਮੁੰਦਰ ਵਿੱਚ ਸੁੱਟ ਦਿੱਤੀ। ਜਹਾਜ਼ ਨੇ ਉਨ੍ਹਾਂ ਦੀ ਕਿਸ਼ਤੀ ਦਾ ਪਿੱਛਾ ਕੀਤਾ ਪਰ ਦੂਰੀ ਬਹੁਤ ਜ਼ਿਆਦਾ ਸੀ ਅਤੇ ਇਸਦਾ ਫਾਇਦਾ ਉਠਾਉਂਦੇ ਹੋਏ ਤਸਕਰਾਂ ਨੇ ਆਪਣੀ ਕਿਸ਼ਤੀ ਮੋੜ ਲਈ ਅਤੇ ਸਰਹੱਦੀ ਲਾਈਨ ਦੇ ਦੂਜੇ ਪਾਸੇ ਦਾਖਲ ਹੋ ਗਏ। ਸਮੁੰਦਰ ਵਿੱਚ ਰਾਤ ਭਰ ਦੀ ਤਲਾਸ਼ ਤੋਂ ਬਾਅਦ ਤੱਟ ਰੱਖਿਅਕ ਟੀਮ ਨਸ਼ੀਲੇ ਪਦਾਰਥਾਂ ਦੀ ਖੇਪ ਬਰਾਮਦ ਕਰਨ ਵਿੱਚ ਸਫਲ ਰਹੀ।
ਰਿਲੀਜ਼ ਦੇ ਅਨੁਸਾਰ, ਜ਼ਬਤ ਕੀਤੀ ਗਈ ਮੈਥਾਮਫੇਟਾਮਾਈਨ ਪੋਰਬੰਦਰ ਵਿੱਚ ਏਟੀਐੱਸ ਨੂੰ ਸੌਂਪ ਦਿੱਤੀ ਗਈ ਸੀ ਜੋ ਮਾਮਲੇ ਦੀ ਜਾਂਚ ਕਰ ਰਹੀ ਹੈ।