ਬੀਐੱਸਐੱਫ ਜਵਾਨ ਪੂਰਨਮ ਕੁਮਾਰ ਨੂੰ ਤਿੰਨ ਹਫ਼ਤਿਆਂ ਬਾਅਦ ਪਾਕਿਸਤਾਨ ਦੀ ਹਿਰਾਸਤ ਤੋਂ ਰਿਹਾਅ ਕੀਤਾ ਗਿਆ

4
ਪੂਰਨਮ ਕੁਮਾਰ (ਫਾਈਲ ਫੋਟੋ)

ਸੀਮਾ ਸੁਰੱਖਿਆ ਬਲ ਦਾ ਜਵਾਨ ਪੂਰਨਮ ਕੁਮਾਰ, ਜੋ ਗਲਤੀ ਨਾਲ ਕੌਮਾਂਤਰੀ ਸਰਹੱਦ ਪਾਰ ਕਰਕੇ ਪਾਕਿਸਤਾਨੀ ਖੇਤਰ ਵਿੱਚ ਪਹੁੰਚ ਗਿਆ ਸੀ, ਤਿੰਨ ਹਫ਼ਤਿਆਂ ਬਾਅਦ ਦੇਸ਼ ਵਾਪਸ ਪਰਤ ਆਇਆ। ਪੂਰਨਮ ਕੁਮਾਰ ਨੂੰ ਪਾਕਿਸਤਾਨ ਰੇਂਜਰਾਂ ਨੇ ਹਿਰਾਸਤ ਵਿੱਚ ਲੈ ਲਿਆ ਅਤੇ ਬੀਤੇ ਦਿਨੀ ਅਟਾਰੀ ਵਿੱਚ ਚੈੱਕ ਪੋਸਟ ‘ਤੇ ਭਾਰਤੀ ਅਧਿਕਾਰੀਆਂ ਦੇ ਹਵਾਲੇ ਕਰ ਦਿੱਤਾ।

 

ਸੀਮਾ ਸੁਰੱਖਿਆ ਬਲ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਸਿਪਾਹੀ ਪੂਰਨਮ ਕੁਮਾਰ 23 ਅਪ੍ਰੈਲ, 2025 ਤੋਂ ਪਾਕਿਸਤਾਨ ਰੇਂਜਰਾਂ ਦੀ ਹਿਰਾਸਤ ਵਿੱਚ ਸੀ। ਪੂਰਨਮ ਨੂੰ ਸਵੇਰੇ ਕਰੀਬ 10.30 ਵਜੇ ਅੰਮ੍ਰਿਤਸਰ ਵਿੱਚ ਅਟਾਰੀ ਸਾਂਝੀ ਚੈੱਕ ਪੋਸਟ ‘ਤੇ ਭਾਰਤ ਨੂੰ ਸੌਂਪ ਦਿੱਤਾ ਗਿਆ। ਇਹ ਤਬਾਦਲਾ ਸ਼ਾਂਤੀਪੂਰਵਕ ਅਤੇ ਸਥਾਪਿਤ ਪ੍ਰੋਟੋਕੋਲ ਅਨੁਸਾਰ ਕੀਤਾ ਗਿਆ ਸੀ।

 

ਪੰਜਾਬ ਦੇ ਫਿਰੋਜ਼ਪੁਰ ਵਿੱਚ ਤਾਇਨਾਤ ਬੀਐੱਸਐੱਫ ਜਵਾਨ ਪੂਰਨਮ 23 ਅਪ੍ਰੈਲ ਨੂੰ ਸਰਹੱਦ ‘ਤੇ ਕੰਮ ਕਰ ਰਹੇ ਕਿਸਾਨਾਂ ਦੀ ਨਿਗਰਾਨੀ ਅਤੇ ਸੁਰੱਖਿਆ ਲਈ ਡਿਊਟੀ ਦੌਰਾਨ ਅਣਜਾਣੇ ਵਿੱਚ ਭਾਰਤੀ ਸਰਹੱਦ ਪਾਰ ਕਰ ਗਿਆ। ਇਹ ਉਹ ਕਿਸਾਨ ਹਨ ਜਿਨ੍ਹਾਂ ਦੇ ਖੇਤ ਭਾਰਤ-ਪਾਕਿਸਤਾਨ ਸਰਹੱਦ ‘ਤੇ ਹਨ। ਪੂਰਨਮ ਵਰਦੀ ਵਿੱਚ ਸੀ ਅਤੇ ਉਸ ਕੋਲ ਇੱਕ ਸਰਵਿਸ ਰਾਈਫਲ ਵੀ ਸੀ।

 

ਪੰਜਾਬ ਦੀ ਸਰਹੱਦ ‘ਤੇ ਅਜਿਹੀਆਂ ਘਟਨਾਵਾਂ ਦਾ ਵਾਪਰਨਾ ਕੋਈ ਨਵੀਂ ਗੱਲ ਨਹੀਂ ਹੈ। ਇੱਥੇ ਕਈ ਵਾਰ ਸੁਰੱਖਿਆ ਜਵਾਨ ਅਤੇ ਕਈ ਵਾਰ ਕਿਸਾਨ ਗਲਤੀ ਨਾਲ ਇੱਕ ਦੂਜੇ ਦੇ ਦੇਸ਼ ਦੇ ਖੇਤਰ ਵਿੱਚ ਪਹੁੰਚ ਜਾਂਦੇ ਹਨ ਅਤੇ ਦੂਜੇ ਦੇਸ਼ ਦੇ ਸੁਰੱਖਿਆ ਮੁਲਾਜ਼ਮਾਂ ਵੱਲੋਂ ਫੜੇ ਜਾਂਦੇ ਹਨ। ਉਨ੍ਹਾਂ ਨੂੰ ਛੱਡਣ ਦਾ ਤਰੀਕਾ ਵੀ ਤੈਅ ਹੈ, ਜਿਸਦੀ ਪਾਲਣਾ ਦੋਵੇਂ ਧਿਰਾਂ ਯਾਨੀ ਭਾਰਤ ਦੇ ਬੀਐੱਸਐੱਫ ਅਤੇ ਪਾਕਿਸਤਾਨ ਦੇ ਰੇਂਜਰ ਕਰਦੇ ਹਨ। ਪਰ ਇਹ ਘਟਨਾ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਘਿਨਾਉਣੇ ਅੱਤਵਾਦੀ ਹਮਲੇ ਤੋਂ ਇੱਕ ਦਿਨ ਬਾਅਦ ਵਾਪਰੀ, ਜਿਸ ਵਿੱਚ 26 ਨਿਰਦੋਸ਼ ਲੋਕ ਮਾਰੇ ਗਏ ਸਨ। ਇਸ ਕਾਰਨ ਸਰਹੱਦ ‘ਤੇ ਤਣਾਅ ਵਧ ਗਿਆ ਸੀ ਅਤੇ ਦੋਵੇਂ ਦੇਸ਼ ਭਾਰਤ-ਪਾਕਿਸਤਾਨ ਜੰਗ ਵਰਗੀ ਸਥਿਤੀ ਵਿੱਚ ਪਹੁੰਚ ਗਏ ਸਨ। ਅਜਿਹੀ ਸਥਿਤੀ ਵਿੱਚ ਬੀਐੱਸਐੱਫ ਜਵਾਨ ਦੀ ਰਿਹਾਈ ਅਤੇ ਵਾਪਸੀ ਵਿੱਚ ਦੇਰੀ ਹੋਈ। ਹਲਾਤ ਅਜਿਹੇ ਸਨ ਕਿ ਪਾਕਿਸਤਾਨ ਪੂਰਨਮ ਕੁਮਾਰ ਨੂੰ ਰਿਹਾਅ ਕਰਨ ਲਈ ਬੀਐੱਸਐੱਫ ਅਧਿਕਾਰੀਆਂ ਵੱਲੋਂ ਕੀਤੇ ਜਾ ਰਹੇ ਯਤਨਾਂ ਦਾ ਸਹੀ ਜਵਾਬ ਨਹੀਂ ਦੇ ਰਿਹਾ ਸੀ।

ਜਦੋਂ ਬੀਐੱਸਐੱਫ ਜਵਾਨ ਪੂਰਨਮ ਪਾਕਿਸਤਾਨ ਰੇਂਜਰਾਂ ਦੀ ਹਿਰਾਸਤ ਵਿੱਚ ਸੀ

ਪੱਛਮੀ ਬੰਗਾਲ ਦੇ ਹੁਗਲੀ ਦੇ ਰਹਿਣ ਵਾਲੇ 40 ਸਾਲਾ ਪੂਰਨਮ ਕੁਮਾਰ ਨੂੰ ਬੀਐੱਸਐੱਫ ਵਿੱਚ ਭਰਤੀ ਹੋਏ 17 ਸਾਲ ਹੋ ਗਏ ਹਨ। ਉਸਦਾ ਇੱਕ 7 ਸਾਲ ਦਾ ਪੁੱਤਰ ਹੈ ਅਤੇ ਉਸਦੀ ਪਤਨੀ ਰਜਨੀ ਵੀ ਗਰਭਵਤੀ ਹੈ।

 

ਪੂਰਨਮ ਦੀ ਗ੍ਰਿਫ਼ਤਾਰੀ ਤੋਂ ਬਾਅਦ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਇੱਕ ਬਿਆਨ ਜਾਰੀ ਕਰਕੇ ਉਸਦੀ ਸੁਰੱਖਿਆ ਬਾਰੇ ਚਿੰਤਾ ਪ੍ਰਗਟ ਕੀਤੀ। ਹਾਲ ਹੀ ਵਿੱਚ ਮੁੱਖ ਮੰਤਰੀ ਨੇ ਆਪਣੇ ਸੋਸ਼ਲ ਮੀਡੀਆ ਐਕਸ ‘ਤੇ ਇੱਕ ਪੋਸਟ ਲਿਖੀ ਹੈ ਜਿਸ ਵਿੱਚ ਉਸਨੇ ਪੂਰਨਮ ਦੀ ਰਿਹਾਈ ‘ਤੇ ਆਪਣੀ ਖੁਸ਼ੀ ਜ਼ਾਹਰ ਕੀਤੀ ਹੈ।

 

ਮੁੱਖ ਮੰਤਰੀ ਮਮਤਾ ਬੈਨਰਜੀ ਨੇ ਐਕਸ ‘ਤੇ ਕਿਹਾ, “ਮੈਨੂੰ ਇਹ ਜਾਣ ਕੇ ਖੁਸ਼ੀ ਹੋਈ ਕਿ ਸਾਡੇ ਬੀਐੱਸਐੱਫ ਜਵਾਨ ਪੂਰਨਮ ਕੁਮਾਰ ਸ਼ਾਅ ਨੂੰ ਰਿਹਾਅ ਕਰ ਦਿੱਤਾ ਗਿਆ ਹੈ। ਮੈਂ ਲਗਾਤਾਰ ਉਨ੍ਹਾਂ ਦੇ ਪਰਿਵਾਰ ਦੇ ਸੰਪਰਕ ਵਿੱਚ ਸੀ ਅਤੇ ਹੁਗਲੀ ਦੇ ਰਿਸ਼ਰਾ ਵਿੱਚ ਉਨ੍ਹਾਂ ਦੀ ਪਤਨੀ ਨਾਲ ਤਿੰਨ ਵਾਰ ਗੱਲ ਕੀਤੀ। ਅੱਜ ਵੀ ਮੈਂ ਉਨ੍ਹਾਂ ਨੂੰ ਫ਼ੋਨ ਕੀਤਾ। ਮੇਰੇ ਭਰਾ ਵਰਗੇ ਜਵਾਨ, ਉਨ੍ਹਾਂ ਦੀ ਪਤਨੀ ਰਜਨੀ ਸ਼ਾਅ ਅਤੇ ਉਨ੍ਹਾਂ ਦੇ ਪੂਰੇ ਪਰਿਵਾਰ ਨੂੰ ਸ਼ੁਭਕਾਮਨਾਵਾਂ।”

 

ਰਜਨੀ, ਜੋ ਆਪਣੇ ਪਤੀ ਦੀ ਵਾਪਸੀ ‘ਤੇ ਰਾਹਤ ਮਹਿਸੂਸ ਕਰ ਰਹੀ ਹੈ, ਨੇ ਕਿਹਾ, “ਮੈਂ ਉਨ੍ਹਾਂ ਸਾਰਿਆਂ ਦਾ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਮੇਰਾ ਸਮਰਥਨ ਕੀਤਾ। ਪੂਰਾ ਦੇਸ਼ ਉਨ੍ਹਾਂ ਦੇ ਨਾਲ ਸੀ। ਮੁੱਖ ਮੰਤਰੀ ਨੇ ਮੈਨੂੰ ਕਈ ਵਾਰ ਫ਼ੋਨ ਕੀਤਾ ਅਤੇ ਮੈਨੂੰ ਉਮੀਦ ਦਿੱਤੀ। ਮੈਂ ਉਨ੍ਹਾਂ ਦੀ ਧੰਨਵਾਦੀ ਹਾਂ।”