28 ਫਰਵਰੀ ਨੂੰ ਈਰਾਨ ਵਿਰੁੱਧ ਅਮਰੀਕਾ-ਇਜ਼ਰਾਈਲੀ ਜੰਗ ਸ਼ੁਰੂ ਹੋਣ ਤੋਂ ਬਾਅਦ, ਹੋਰਮੁਜ਼ ਜਲਡਮਰੂ ਅਤੇ ਆਲੇ-ਦੁਆਲੇ ਵਪਾਰੀ ਜਹਾਜ਼ਾਂ ‘ਤੇ ਹਮਲਿਆਂ ਵਿੱਚ ਘੱਟੋ-ਘੱਟ 15 ਮਲਾਹ ਮਾਰੇ ਗਏ ਹਨ। ਇਨ੍ਹਾਂ ਵਿੱਚੋਂ ਬਹੁਤ ਸਾਰੇ ਭਾਰਤੀ ਸਨ।
ਜੂਨ ਵਿੱਚ ਪ੍ਰਕਾਸ਼ਿਤ ਸੰਯੁਕਤ ਰਾਸ਼ਟਰ ਦੀ ਇੱਕ ਰਿਪੋਰਟ ਵਿੱਚ ਮੌਤਾਂ ਦੀ ਗਿਣਤੀ 14 ਦੱਸੀ ਗਈ ਸੀ, ਪਰ ਸੰਯੁਕਤ ਅਰਬ ਅਮੀਰਾਤ (ਯੂਏਈ) ਵੱਲੋਂ ਤੇਲ ਟੈਂਕਰ ‘ਤੇ ਈਰਾਨੀ ਹਮਲੇ ਵਿੱਚ ਇੱਕ ਹੋਰ ਮਲਾਹ ਦੀ ਮੌਤ ਦੀ ਪੁਸ਼ਟੀ ਕਰਨ ਤੋਂ ਬਾਅਦ ਇਹ ਗਿਣਤੀ ਵੱਧ ਗਈ ਹੈ।
ਇਸ ਹਾਲੀਆ ਹਮਲੇ ਦਾ ਸ਼ਿਕਾਰ ਇੱਕ ਭਾਰਤੀ ਮਲਾਹ ਸੀ। ਮੰਗਲਵਾਰ ਨੂੰ ਈਰਾਨੀ ਮਿਜ਼ਾਈਲਾਂ ਵੱਲੋਂ ਯੂਏਈ ਦੇ ਦੋ ਤੇਲ ਟੈਂਕਰਾਂ ਨੂੰ ਨਿਸ਼ਾਨਾ ਬਣਾਉਣ ਤੋਂ ਬਾਅਦ ਇਹ ਘਟਨਾ ਸਾਹਮਣੇ ਆਈ। ਅੰਤਰਰਾਸ਼ਟਰੀ ਖ਼ਬਰ ਏਜੰਸੀ ਏਪੀ ਦੀ ਇੱਕ ਰਿਪੋਰਟ ਦੇ ਅਨੁਸਾਰ, ਹਮਲੇ ਵਿੱਚ ਛੇ ਭਾਰਤੀ ਅਤੇ ਦੋ ਯੂਕਰੇਨੀ ਵੀ ਜ਼ਖਮੀ ਹੋਏ ਹਨ।
ਇਸ ਦੌਰਾਨ, ਭਾਰਤ ਨੇ ਇਸ ਘਟਨਾ ‘ਤੇ ਵਿਰੋਧ ਦਰਜ ਕਰਵਾਉਣ ਲਈ ਈਰਾਨ ਦੇ ਡਿਪਟੀ ਮਿਸ਼ਨ ਚੀਫ਼ ਮੁਹੰਮਦ ਜਾਵੇਦ ਹੁਸੈਨੀ ਨੂੰ ਤਲਬ ਕੀਤਾ ਹੈ।
ਅੰਤਰਰਾਸ਼ਟਰੀ ਸਮੁੰਦਰੀ ਸੰਗਠਨ (IMO) ਦੇ ਅਨੁਸਾਰ, ਯੁੱਧ ਦੀ ਸ਼ੁਰੂਆਤ ਤੋਂ ਬਾਅਦ ਵਪਾਰਕ ਜਹਾਜ਼ਾਂ ‘ਤੇ 46 ਹਮਲਿਆਂ ਦੀ ਪੁਸ਼ਟੀ ਹੋਈ ਹੈ।













